ਰਾਜਨਾਥ ਦਾ ਸਿਰਸਾ ਦੌਰਾ ਦੌਰਾ ਅੱਜ, Drone ਉਡਾਉਣ ’ਤੇ ਸਖ਼ਤ ਪਾਬੰਦੀ
ਪ੍ਰਭੂ ਦਿਆਲ
ਸਿਰਸਾ, 23 ਦਸੰਬਰ
ਰੱਖਿਆ ਮੰਤਰੀ ਰਾਜਨਾਥ ਸਿੰਘ (Defence Minister Rajnath Singh) ਦੇ ਅੱਜ ਦੇ ਪ੍ਰਸਤਾਵਿਤ ਸਿਰਸਾ ਦੌਰੇ ਦੇ ਮੱਦੇਨਜ਼ਰ ਇਲਾਕੇ ਵਿਚ ਡਰੋਨ ਉਡਾਉਣ ’ਤੇ ਸਖ਼ਤ ਪਾਬੰਦੀ ਲਾਈ ਗਈ ਹੈ। ਜ਼ਿਲ੍ਹਾ ਮੈਜਿਸਟਰੇਟ ਲਕਸ਼ਿਤ ਸਰੀਨ ਵੱਲੋਂ ਜਾਰੀ ਹੁਕਮਾਂ ’ਚ ਕਿਹਾ ਹੈ ਕਿ ਦੇਸ਼ ਦੇ ਰੱਖਿਆ ਮੰਤਰੀ ਦੇ ਪ੍ਰਸਤਾਵਿਤ ਸਿਰਸਾ ਦੌਰੇ ਦੇ ਮੱਦੇਨਜ਼ਰ ਅੱਜ ਸਿਰਸਾ ਦੇ ਪੰਜ ਕਿਲੋਮੀਟਰ ਦੇ ਏਰੀਏ ’ਚ ਡਰੋਨ ਉਡਾਉਣ ਦੀ ਮਨਾਹੀ ਹੋਵੇਗੀ।
ਦੱਸਣਯੋਗ ਹੈ ਕਿ ਰੱਖਿਆ ਮੰਤਰੀ ਅੱਜ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੇ ਦੇਹਾਂਤ ਦੇ ਮੱਦੇਨਜ਼ਰ ਚੌਟਾਲਾ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਇਥੇ ਆ ਸਕਦੇ ਹਨ। ਸੂਤਰਾਂ ਮੁਤਾਬਕ ਜੇ ਮੌਸਮ ਠੀਕ ਰਿਹਾ ਤਾਂ ਰੱਖਿਆ ਮੰਤਰੀ ਦੇ ਛੇਤੀ ਹੀ ਇਥੇ ਪੁੱਜਣਦੀ ਉਮੀਦ ਕੀਤੀ ਜਾ ਰਹੀ ਹੈ।
ਜ਼ਿਲ੍ਹਾ ਮੈਜਿਸਟਰੇਟ ਨੇ ਜਾਰੀ ਹੁਕਮਾਂ ਵਿੱਚ ਸਪੱਸ਼ਟ ਕੀਤਾ ਹੈ ਕਿ ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਨਗਰ ਕੌਂਸਲ ਸਿਰਸਾ ਖੇਤਰ ਦੇ ਪੰਜ ਕਿਲੋਮੀਟਰ ਦੇ ਘੇਰੇ ਵਿੱਚ ਡਰੋਨ (ਯੂਏਵੀ) ਦੀ ਉਡਾਉਣ ’ਤੇ ਪਾਬੰਦੀ ਲਗਾਈ ਗਈ ਹੈ। ਡਰੋਨ ਨਿਯਮ 2021 ਦੇ ਤਹਿਤ ਨਿਰਧਾਰਿਤ ਖੇਤਰ ਨੂੰ ਅਸਥਾਈ ਰੈੱਡ ਜ਼ੋਨ ਘੋਸ਼ਿਤ ਕੀਤਾ ਗਿਆ ਹੈ। ਇਹ ਹੁਕਮ ਡਿਊਟੀ ’ਤੇ ਤਾਇਨਾਤ ਮੁਲਾਜ਼ਮਾਂ ਅਤੇ ਪੁਲੀਸ ਮੁਲਾਜ਼ਮਾਂ ’ਤੇ ਲਾਗੂ ਨਹੀਂ ਹੋਣਗੇ। ਹੁਕਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਵਿਰੁੱਧ ਭਾਰਤੀ ਨਿਆਂ ਸੰਹਿਤਾ ਦੀ ਧਾਰਾ 223 ਤਹਿਤ ਕਾਰਵਾਈ ਕੀਤੀ ਜਾਵੇਗੀ।