ਮਾਂ ਬੋਲੀ ਬਚਾਉਣ ਲਈ ਸਾਂਝੀ ਪੰਜਾਬੀ ਭਾਸ਼ਾ ਤਾਲਮੇਲ ਕਮੇਟੀ ਦਾ ਗਠਨ
ਸਤਵਿੰਦਰ ਬਸਰਾ
ਲੁਧਿਆਣਾ, 4 ਅਗਸਤ
ਇੱਥੇ ਅੱਜ ਪੰਜਾਬੀ ਭਵਨ ਲੁਧਿਆਣਾ ਵਿੱਚ ਡਾ. ਜੋਗਿੰਦਰ ਸਿੰਘ ਨਿਰਾਲਾ ਦੀ ਪ੍ਰਧਾਨਗੀ ਹੇਠ ਪੰਜਾਬੀ ਭਾਸ਼ਾ ਦੀਆਂ ਹਿਤੈਸ਼ੀ ਜਥੇਬੰਦੀਆਂ ਦੀ ਹੋਈ ਮੀਟਿੰਗ ਵਿੱਚ ਮਾਤ ਭਾਸ਼ਾ ਨੂੰ ਦਰਪੇਸ਼ ਸਮੱਸਿਆਵਾਂ ’ਤੇ ਵਿਚਾਰ-ਚਰਚਾ ਕੀਤੀ ਗਈ। ਇਸ ਦੌਰਾਨ ਪਿਛਲੇ ਦਿਨੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਅਕੈਡਮਿਕ ਕੌਂਸਲ ਦੇ ਬੀਸੀਏ ਦੇ ਸਾਰੇ ਸਮੈਸਟਰਾਂ ’ਚ ਪੰਜਾਬੀ ਪੜ੍ਹਾਉਣ ਬਾਰੇ ਫ਼ੈਸਲੇ ਤੋਂ ਪਿੱਛੇ ਹਟਣ ਦਾ ਮਸਲਾ ਵਿਚਾਰਿਆ ਗਿਆ। ਇਸ ਮੌਕੇ ਮਾਂ ਬੋਲੀ ਨੂੰ ਬਚਾਉਣ ਲਈ ਸਾਂਝੀ ਪੰਜਾਬੀ ਭਾਸ਼ਾ ਤਾਲਮੇਲ ਕਮੇਟੀ ਦਾ ਗਠਨ ਕੀਤਾ ਗਿਆ। ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੂੰ ਇਸ ਦਾ ਕਨਵੀਨਰ ਬਣਾਇਆ ਗਿਆ।
ਮੀਟਿੰਗ ਵਿੱਚ ਦਰਜਨ ਦੇ ਕਰੀਬ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ ਅਤੇ ਇਨ੍ਹਾਂ ਜਥੇਬੰਦੀਆਂ ਦੇ ਦੋ-ਦੋ ਨੁਮਾਇੰਦਿਆਂ ਨੂੰ ਕਾਰਜਕਾਰਨੀ ਦੇ ਮੈਂਬਰ ਬਣਾਇਆ ਗਿਆ। ਇਸ ਵਿੱਚ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵੱਲੋਂ ਪ੍ਰਧਾਨ ਡਾ. ਸਰਬਜੀਤ ਸਿੰਘ ਅਤੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦਰਸ਼ਨ ਬੁੱਟਰ ਅਤੇ ਸੁਸ਼ੀਲ ਦੁਸਾਂਝ, ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਵੱਲੋਂ ਸੰਧੂ ਵਰਿਆਣਵੀ ਅਤੇ ਪਵਨ ਹਰਚੰਦਪੁਰੀ, ਪੰਜਾਬ ਚੇਤਨਾ ਮੰਚ ਵੱਲੋਂ ਸਤਨਾਮ ਮਾਣਕ ਅਤੇ ਗੁਰਮੀਤ ਪਲਾਹੀ, ਲੋਕ ਮੰਚ ਪੰਜਾਬ ਵੱਲੋਂ ਡਾ. ਲਖਵਿੰਦਰ ਸਿੰਘ ਜੌਹਲ ਅਤੇ ਦੀਪਕ ਚਨਾਰਥਲ, ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੁਸਾਇਟੀ ਵੱਲੋਂ ਡਾ. ਹਰਜਿੰਦਰ ਸਿੰਘ ਅਟਵਾਲ ਤੇ ਡਾ. ਉਮਿੰਦਰ ਸਿੰਘ ਜੌਹਲ, ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ਸੁਰਜੀਤ ਜੱਜ ਅਤੇ ਡਾ. ਕੁਲਦੀਪ ਸਿੰਘ ਦੀਪ, ਫ਼ੋਕਲੋਰ ਰਿਸਰਚ ਅਕਾਡਮੀ ਵੱਲੋਂ ਰਮੇਸ਼ ਯਾਦਵ ਅਤੇ ਭੁਪਿੰਦਰ ਸੰਧੂ, ਇਪਟਾ ਪੰਜਾਬ ਵੱਲੋਂ ਸੰਜੀਵਨ ਸਿੰਘ ਅਤੇ ਪ੍ਰਦੀਪ ਕੁਮਾਰ, ਪੰਜਾਬੀ ਭਾਸ਼ਾ ਅਕੈਡਮੀ ਵੱਲੋਂ ਡਾ. ਐੱਸਪੀ ਸਿੰਘ ਅਤੇ ਡਾ. ਸੁਖਵਿੰਦਰ ਸਿੰਘ ਸੰਘਾ ਤੇ ਪੰਜਾਬੀ ਭਾਸ਼ਾ ਮਾਹਿਰ ਡਾ. ਜੋਗਾ ਸਿੰਘ, ਡਾ. ਸਵਰਾਜਬੀਰ, ਭੁਪਿੰਦਰ ਸਿੰਘ ਖਹਿਰਾ, ਡਾ. ਸੁਖਦੇਵ ਸਿੰਘ ਸਿਰਸਾ, ਹਰਮੀਤ ਵਿਦਿਆਰਥੀ, ਕੇਵਲ ਧਾਲੀਵਾਲ ਅਤੇ ਡਾ. ਹੀਰਾ ਸਿੰਘ ਨੂੰ ਸ਼ਾਮਲ ਕੀਤਾ ਗਿਆ।
ਅਕੈਡਮੀ ਕੌਂਸਲ ਦੇ ਫ਼ੈਸਲੇ ਦੀ ਉਲੰਘਣਾ ਬਾਰੇ ਉਪ ਕੁਲਪਤੀ ਨੂੰ ਲਿਖਿਆ ਜਾਵੇਗਾ ਪੱਤਰ
ਮੀਟਿੰਗ ਵਿੱਚ ਪੰਜਾਬੀ ਹਮਾਇਤੀਆਂ ਨੇ ਕਿਹਾ ਕਿ ਜਲਦੀ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਨੂੰ ਪੱਤਰ ਲਿਖ ਕੇ ਅਕੈਡਮੀ ਕੌਂਸਲ ਦੇ ਫ਼ੈਸਲੇ ਦੀ ਉਲੰਘਣਾ ਤੋਂ ਜਾਣੂ ਕਰਵਾਇਆ ਜਾਵੇਗਾ। ਇਸੇ ਤਰ੍ਹਾਂ ਕੰਪਿਊਟਰ ਸਾਇੰਸ ਵਿਭਾਗ ਦੇ ਚੇਅਰਪਰਸਨ ਨੂੰ ਵੀ ਪੱਤਰ ਲਿਖ ਕੇ ਇਸ ਦਾ ਉਤਾਰਾ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਅਤੇ ਡੀਨ ਕਾਲਜਿਜ਼ ਡਿਵੈਲਪਮੈਂਟ ਕੌਂਸਲ ਨੂੰ ਭੇਜਿਆ ਜਾਵੇਗਾ। ਇਸ ਮਗਰੋਂ 8 ਅਗਸਤ ਤੱਕ ਉਡੀਕ ਕਰਨ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਨੂੰ ਮਿਲਣ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ। ਜੇ ਫਿਰ ਵੀ ਮਸਲਾ ਹੱਲ ਨਾ ਹੋਇਆ ਤਾਂ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।