For the best experience, open
https://m.punjabitribuneonline.com
on your mobile browser.
Advertisement

ਜੰਗਲਾਤ ਕਾਮਿਆਂ ਨੇ ਮੁੱਖ ਵਣਪਾਲ ਦਫ਼ਤਰ ਘੇਰਿਆ

08:50 AM Jul 12, 2024 IST
ਜੰਗਲਾਤ ਕਾਮਿਆਂ ਨੇ ਮੁੱਖ ਵਣਪਾਲ ਦਫ਼ਤਰ ਘੇਰਿਆ
ਪਟਿਆਲਾ ਵਿੱਚ ਮੁੱਖ ਦਫ਼ਤਰ ਅੱਗੇ ਧਰਨੇ ’ਤੇ ਬੈਠੇ ਜੰਗਲਾਤ ਕਾਮੇ।
Advertisement

ਗੁਰਨਾਮ ਸਿੰਘ ਅਕੀਦਾ
ਪਟਿਆਲਾ 11 ਜੁਲਾਈ
ਜੰਗਲਾਤ ਵਰਕਰ ਯੂਨੀਅਨ ਪੰਜਾਬ ਜ਼ਿਲ੍ਹਾ ਪਟਿਆਲਾ ਵੱਲੋਂ ਛਾਂਟੀ ਕੀਤੇ ਗਏ ਜੰਗਲਾਤ ਵਰਕਰਾਂ ਨੂੰ ਬਹਾਲ ਕਰਵਾਉਣ ਲਈ ਅਤੇ ਕਾਮਿਆਂ ਦੀਆਂ ਰਹਿੰਦੀਆਂ ਤਨਖ਼ਾਹਾਂ ਜਾਰੀ ਕਰਵਾਉਣ ਲਈ ਮੁੱਖ ਵਣਪਾਲ ਸਾਊਥ ਦਫ਼ਤਰ ਪਟਿਆਲਾ ਅੱਗੇ ਜ਼ਿਲ੍ਹਾ ਪ੍ਰਧਾਨ ਸ਼ੇਰ ਸਿੰਘ ਤੇ ਜਸਵਿੰਦਰ ਸਿੰਘ ਸੌਜਾ ਦੀ ਅਗਵਾਈ ਹੇਠ ਰੋਸ ਧਰਨਾ ਦਿੱਤਾ ਗਿਆ। ਧਰਨੇ ਦਾ ਮਾਹੌਲ ਉਦੋਂ ਹੋਰ ਗਰਮ ਹੋ ਗਿਆ ਜਦੋਂ ਅਧਿਕਾਰੀਆਂ ਵੱਲੋਂ ਜਥੇਬੰਦੀ ਨਾਲ ਗੱਲਬਾਤ ਕਰ ਕੇ ਮਸਲਾ ਹੱਲ ਕਰਨ ਦੀ ਬਜਾਏ ਸਾਰੇ ਅਧਿਕਾਰੀ ਦਫ਼ਤਰੋਂ ਟਲ ਗਏ ਜਿਸ ਤੋਂ ਭੜਕੇ ਕਾਮਿਆਂ ਨੇ ਦਫ਼ਤਰ ਦਾ ਘਿਰਾਓ ਕੀਤਾ ਅਤੇ ਸੜਕ ਜਾਮ ਕਰ ਦਿੱਤੀ। ਸੜਕ ਜਾਮ ਕਰਨ ਤੋਂ ਬਾਅਦ ਪ੍ਰਸ਼ਾਸਨ ਨੇ ਦਖ਼ਲ ਦੇ ਕੇ 17 ਜੁਲਾਈ ਨੂੰ ਡੀਐੱਫਓ ਤੋਂ ਮੀਟਿੰਗ ਦਾ ਸਮਾਂ ਦਿਵਾਇਆ ਅਤੇ ਰੇਂਜ ਅਫ਼ਸਰਾਂ ਨੇ 12 ਜੁਲਾਈ ਨੂੰ ਮੀਟਿੰਗ ਦਾ ਸਮਾਂ ਦਿੱਤਾ। ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਮੀਟਿੰਗਾਂ ਵਿੱਚ ਕਾਮਿਆਂ ਦੀਆਂ ਮੰਗਾਂ ਦਾ ਹੱਲ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਧਰਨੇ ਨੂੰ ਸੰਬੋਧਨ ਕਰਦਿਆਂ ਪੀਐੱਸਐੱਸਐੱਫ ਦੇ ਆਗੂ ਸਾਥੀਆਂ ਜਸਵੀਰ ਸਿੰਘ ਖੋਖਰ, ਸਤਨਾਮ ਸਿੰਘ ਸੰਗਰੂਰ, ਸਵਰਨ ਸਿੰਘ ਸੰਗਰੂਰ, ਨਾਥ ਸਿੰਘ ਸਮਾਣਾ, ਦਿਆਲ ਸਿੰਘ ਸਿੱਧੂ, ਬੱਬੂ ਮਾਨਸਾ, ਜਸਵਿੰਦਰ ਸਿੰਘ ਗਾਗਾ, ਰਵੀ ਲੁਧਿਆਣਾ ਤੇ ਕਸ਼ਮੀਰ ਲਾਲ ਆਦਿ ਨੇ ਚਿਤਾਵਨੀ ਦਿੱਤੀ ਕਿ ਜੇ ਅਧਿਕਾਰੀਆਂ ਨੇ ਟਾਲ-ਮਟੋਲ ਦੀ ਨੀਤੀ ਅਪਣਾ ਕੇ ਮੰਗਾਂ ਦਾ ਹੱਲ ਨਾ ਕੀਤਾ ਤਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਤੇ ਇਸ ਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ। ਆਗੂਆਂ ਨੇ ਕਿਹਾ ਕਿ 20-20 ਸਾਲਾਂ ਤੋਂ ਕੰਮ ਕਰ ਰਹੇ ਕਾਮੇ ਅੱਜ ਵੀ ਕੱਚੇ ਹਨ। ਉਨ੍ਹਾਂ ਨੂੰ ਪੱਕੇ ਕਰਨ ਦੀ ਬਜਾਏ ਕਾਮਿਆਂ ਨੂੰ ਛਾਂਟੀ ਦੇ ਨੋਟਿਸ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਤਨਖ਼ਾਹਾਂ ’ਚ ਵਾਧਾ ਤਾਂ ਕੀ ਕਰਨਾ ਸੀ ਸਗੋਂ ਜੋ ਇਨ੍ਹਾਂ ਨੂੰ ਤਨਖ਼ਾਹਾਂ ਮਿਲਦੀਆਂ ਸਨ ਉਹ ਵੀ ਛੇ-ਛੇ ਮਹੀਨੇ ਤੋਂ ਦਿੱਤੀਆਂ ਨਹੀਂ ਜਾ ਰਹੀਆਂ। ਸੁਲੱਖਣ ਸਿੰਘ, ਅਮਨਦੀਪ ਸਿੰਘ, ਗੀਤ ਸਿੰਘ, ਸੁਰਿੰਦਰਪਾਲ ਆਸੇਮਾਜਰਾ ਅਤੇ ਰਾਮਪਾਲ ਮਾਨਸਾ ਹਰਜਿੰਦਰ ਸਿੰਘ ਆਦਿ ਆਗੂ ਸਾਥੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ 12 ਤੇ 17 ਜੁਲਾਈ ਦੀ ਮੀਟਿੰਗ ’ਚ ਮੰਗਾਂ ਦਾ ਹੱਲ ਨਾ ਕੀਤਾ ਤਾਂ ਅਧਿਕਾਰੀਆਂ ਖ਼ਿਲਾਫ਼ ਜ਼ੋਰਦਾਰ ਸੰਘਰਸ਼ ਕੀਤਾ ਜਾਵੇਗਾ।

Advertisement

Advertisement
Author Image

joginder kumar

View all posts

Advertisement
Advertisement
×