ਪੁਲੀਸ ਦੀ ਜਵਾਬੀ ਗੋਲੀਬਾਰੀ ਦੌਰਾਨ ਮੁੱਖ ਮੁਲਜ਼ਮ ਜ਼ਖ਼ਮੀ
ਪੱਤਰ ਪ੍ਰੇਰਕ
ਪਟਿਆਲਾ, 1 ਅਗਸਤ
ਐੱਸਐੱਸਪੀ ਵਰੁਣ ਸ਼ਰਮਾ ਦੀ ਅਗਵਾਈ ਹੇਠ ਅੱਜ ਇੱਥੇ ਪੁਲੀਸ ਨੇ ਕਤਲ, ਇਰਾਦਾ ਕਤਲ, ਲੁੱਟਾਂ ਖੋਹਾਂ ਆਦਿ ਕਈ ਕੇਸਾਂ ਵਿੱਚ ਲੋੜੀਂਦੇ ਪੁਨੀਤ ਸਿੰਘ ਗੋਲਾ ਨੂੰ ਜਵਾਬੀ ਗੋਲੀਬਾਰੀ ਵਿੱਚ ਜ਼ਖ਼ਮੀ ਹੋਣ ਉਪਰੰਤ ਗ੍ਰਿਫ਼ਤਾਰ ਕਰ ਲਿਆ। ਗੋਲਾ ਗੈਂਗਸਟਰ ਰਾਜੀਵ ਰਾਜਾ ਦਾ ਸਾਥੀ ਹੈ।
ਐੱਸਐੱਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਤੇਜਪਾਲ ਕਤਲ ਕੇਸ ਸਬੰਧੀ ਥਾਣਾ ਕੋਤਵਾਲੀ ਪਟਿਆਲਾ ਵਿੱਚ ਕੇਸ ਦਰਜ ਕੀਤਾ ਗਿਆ ਸੀ। ਇਸ ਵਿੱਚ ਮੁੱਖ ਮੁਲਜ਼ਮ ਪੁਨੀਤ ਸਿੰਘ ਗੋਲਾ ਦੀ ਗ੍ਰਿਫ਼ਤਾਰੀ ਬਾਕੀ ਸੀ। ਉੁਨ੍ਹਾਂ ਦੱਸਿਆ ਕਿ ਗੋਲਾ ਦੀ ਤਲਾਸ਼ ਵਿੱਚ ਸੀਆਈਏ ਪਟਿਆਲਾ ਅਤੇ ਕੋਤਵਾਲੀ ਪਟਿਆਲਾ ਦੀ ਪੁਲੀਸ ਥਾਣਾ ਸਨੌਰ ਦੇ ਖੇਤਰ ਵਿੱਚ ਮੌਜੂਦ ਸੀ। ਗੁਪਤ ਸੂਚਨਾ ਮਿਲਣ ’ਤੇ ਸਨੌਰ ਤੋਂ ਨੂਰਖੇੜੀਆਂ ਰੋਡ ਨੇੜੇ ਖ਼ੁਸ਼ਹਾਲ ਫਾਰਮ ਕੋਲ ਲਾਏ ਨਾਕੇ ਦੌਰਾਨ ਮੋਟਰਸਾਈਕਲ ’ਤੇ ਆ ਰਹੇ ਗੋਲਾ ਰੁਕਣ ਦਾ ਇਸ਼ਾਰਾ ਕੀਤਾ ਗਿਆ। ਉਸ ਨੇ ਨਾਕੇ ਤੋਂ ਪਹਿਲਾਂ ਮੋਟਰਸਾਈਕਲ ਖੱਬੇ ਸਾਈਡ ਸੁੱਟ ਕੇ ਡੱਬ ਵਿੱਚੋਂ ਪਿਸਤੌਲ ਕੱਢ ਕੇ ਪੁਲੀਸ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਮਗਰੋਂ ਪੁਲੀਸ ਨੇ ਆਪਣੀ ਸੁਰੱਖਿਆ ਲਈ ਗੋਲੀਆਂ ਚਲਾਈਆਂ, ਜੋ ਉਸ ਦੀਆਂ ਦੋਵੇਂ ਲੱਤਾਂ ’ਤੇ ਲੱਗੀਆਂ। ਉਸ ਨੂੰ ਗ੍ਰਿਫ਼ਤਾਰ ਕਰਕੇ ਰਾਜਿੰਦਰਾ ਹਸਪਤਾਲ ਦਾਖਲ ਕਰਾਇਆ ਗਿਆ। ਮੁਲਜ਼ਮ ਕੋਲੋਂ ਪਿਸਤੌਲ 32 ਬੋਰ ਸਣੇ ਰੌਂਦ ਅਤੇ ਮੋਟਰਸਾਈਕਲ ਬਰਾਮਦ ਹੋਇਆ। ਉਨ੍ਹਾਂ ਕਿਹਾ ਕਿ ਗੋਲਾ ’ਤੇ ਕਰੀਬ 15 ਮੁਕੱਦਮੇ ਦਰਜ ਹਨ। ਉਹ ਕਈ ਵਾਰੀ ਜੇਲ੍ਹ ਵੀ ਜਾ ਚੁੱਕਿਆ ਹੈ ਅਤੇ ਜੇਲ੍ਹ ਵਿੱਚ ਬੰਦ ਗੈਂਗਸਟਰਾਂ ਤੇ ਅਪਰਾਧਿਕ ਵਿਅਕਤੀਆਂ ਨਾਲ ਉਸ ਦੇ ਸਬੰਧ ਹਨ।
ਪੁਲੀਸ ਮੁਕਾਬਲੇ ਵਿੱਚ ਦੋ ਗੈਂਗਸਟਰ ਗ੍ਰਿਫ਼ਤਾਰ
ਮਾਛੀਵਾੜਾ (ਗੁਰਦੀਪ ਸਿੰਘ ਟੱਕਰ):
ਸਰਹਿੰਦ ਨਹਿਰ ਦੇ ਗੜ੍ਹੀ ਪੁਲ ਤੋਂ ਨੀਲੋਂ ਪੁਲ ਨੂੰ ਜਾਂਦੀ ਸੜਕ ’ਤੇ ਪਿੰਡ ਪਾਲ ਮਾਜਰਾ ਨੇੜੇ ਖੰਨਾ ਪੁਲੀਸ ਦੇ ਗੈਂਗਸਟਰਾਂ ਨਾਲ ਹੋਏ ਮੁਕਾਬਲੇ ਵਿੱਚ ਦੋ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮੁਕਾਬਲੇ ਦੌਰਾਨ ਗੈਂਗਸਟਰ ਕ੍ਰਿਸ਼ਨਾ ਸਾਹਨੀ ਜ਼ਖ਼ਮੀ ਹੋ ਗਿਆ ਜਦੋਂਕਿ ਉਸ ਦੇ ਸਾਥੀ ਜਤਿਨ ਮੌਂਗਾ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ। ਪੁਲੀਸ ਜ਼ਿਲ੍ਹਾ ਖੰਨਾ ਦੇ ਐੱਸਐੱਸਪੀ ਅਵਨੀਤ ਕੌਂਡਲ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਇਨ੍ਹਾਂ ਨੇ ਏਐੱਸ ਕਾਲਜ ਖੰਨਾ ਵਿੱਚ ਗੋਲੀਆਂ ਚਲਾਈਆਂ ਸਨ, ਫਿਰ ਇਨ੍ਹਾਂ ਨੇ ਪੈਟਰੋਲ ਪੰਪ ’ਤੇ ਲੁੱਟ ਕੀਤੀ ਸੀ। ਪੁਲੀਸ ਨੇ ਇਸ ਗਰੋਹ ਦੇ ਇੱਕ ਮੈਂਬਰ ਅਜੇ ਰਾਠੀ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਸੀ। ਅੱਜ ਸੀਆਈਏ ਸਟਾਫ ਖੰਨਾ ਦੀ ਟੀਮ ਨੇ ਨਾਕੇ ਦੌਰਾਨ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ। ਉਹ ਦੋਵੇਂ ਨੌਜਵਾਨ ਪੁਲੀਸ ਨੂੰ ਦੇਖ ਕੇ ਜੰਗਲੀ ਖੇਤਰ ਵਿਚ ਭੱਜ ਗਏ। ਪਿੱਛਾ ਕਰਨ ’ਤੇ ਉਨ੍ਹਾਂ ਪੁਲੀਸ ਟੀਮ ’ਤੇ ਗੋਲੀਆਂ ਚਲਾ ਦਿੱਤੀਆਂ। ਪੁਲੀਸ ਨੇ ਜਵਾਬੀ ਕਾਰਵਾਈ ਕਰਦਿਆਂ ਫਾਈਰਿੰਗ ਕੀਤੀ ਜਿਸ ਵਿਚ ਇੱਕ ਗੋਲੀ ਕ੍ਰਿਸ਼ਨਾ ਸਾਹਨੀ ਦੀ ਲੱਤ ਵਿੱਚ ਵੱਜੀ। ਪੁਲੀਸ ਨੇ ਦੋਵਾਂ ਨੂੰ ਕਾਬੂ ਕਰ ਲਿਆ ਜਿਨ੍ਹਾਂ ਦੀ ਪਛਾਣ ਕ੍ਰਿਸ਼ਨਾ ਸਾਹਨੀ ਤੇ ਜਤਿਨ ਮੌਂਗਾ ਵਾਸੀ ਲੁਧਿਆਣਾ ਵਜੋਂ ਹੋਈ।