ਜੰਗਲਾਤ ਕਾਮਿਆਂ ਵੱਲੋਂ ਵਣਪਾਲ ਦੇ ਦਫ਼ਤਰ ਅੱਗੇ ਰੈਲੀ
ਪੱਤਰ ਪ੍ਰੇਰਕ
ਪਟਿਆਲਾ, 14 ਮਈ
ਸੂਬੇ ਦੀ ਪੰਜਾਬ ਵਣ ਵਿਭਾਗ ਵਰਕਰਜ਼ ਯੂਨੀਅਨ ਦੇ ਝੰਡੇ ਹੇਠ ਵਣ ਮੰਡਲ ਪਟਿਆਲਾ ਦੇ ਅਧੀਨ ਕੰਮ ਕਰਦੇ ਕਿਰਤੀ ਕਾਮਿਆਂ ਨੇ ਸਰਹਿੰਦ ਰੋਡ ਤੇ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਤੋਂ ਮੁੱਖ ਵਣ ਪਾਲ ਸਾਊਥ ਸਰਕਲ ਦੇ ਦਫ਼ਤਰ ਤੱਕ ਰੋਸ ਮਾਰਚ ਕਰਕੇ ਰੈਲੀ ਕੀਤੀ। ਇਹ ਰੈਲੀ ਜ਼ਿਲ੍ਹਾ ਪ੍ਰਧਾਨ ਵੀਰਪਾਲ ਸਿੰਘ ਬੰਮਣਾ, ਸੂਬਾਈ ਪ੍ਰਧਾਨ ਬਲਵੀਰ ਸਿੰਘ ਮੰਡੋਲੀ ਤੇ ਮੀਤ ਪ੍ਰਧਾਨ ਮੇਜਰ ਸਿੰਘ ਬਰੇੜ, ਕੁਲਵੰਤ ਸਿੰਘ ਥੂਹੀ ਦੀ ਰਹਿਨੁਮਾਈ ਹੇਠ ਕੀਤੀ ਗਈ। ਰੈਲੀ ਮਗਰੋਂ ਮੁਲਾਜ਼ਮਾਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਨਾਅਰੇਬਾਜ਼ੀ ਕੀਤੀ।
ਹਰਦੀਪ ਸਿੰਘ ਤੇ ਹਰਪ੍ਰੀਤ ਸਿੰਘ ਲੋਚਮਾ, ਗੁਰਪ੍ਰੀਤ ਸਿੰਘ ਨਾਭਾ ਨੇ ਕਿਹਾ ਕਿ ਆਪ ਸਰਕਾਰ ਦੇ 22 ਮਹੀਨਿਆਂ ਦੇ ਕਾਰਜਕਾਲ ਵਿੱਚ ਹੀ ਕਿਰਤੀ ਵਰਗ ਦਾ ਸਰਕਾਰ ਤੋਂਮੋਹ ਭੰਗ ਹੈ। ਵੀਐੱਸ ਲੂੰਬਾ ਨੇ ਕਿਹਾ ਕਿ ਮਜ਼ਦੂਰ ਵਰਗ ਬਾਰੇ ਸਰਕਾਰ ਨੇ ਕੋਈ ਵੀ ਫ਼ੈਸਲਾ ਸਹੀ ਨਹੀਂ ਕੀਤਾ ਹੈ। ਆਗੂਆਂ ਨੇ ਕਿਹਾ ਕਿ ਜੇਕਰ ਕਿਰਤੀ ਵਰਕਰਾਂ ਨੂੰ ਕੰਮ ਤੋਂ ਬਹਾਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਵੱਡੇ ਪੱਧਰ ’ਤੇ ਲਿਆ ਕੇ ਸਰਕਾਰ ਦੀਆਂ ਮਜ਼ਦੂਰਾਂ ਪ੍ਰਤੀ ਮਾੜੀਆਂ ਨੀਤੀਆਂ ਬਾਰੇ ਪਿੰਡ-ਪਿੰਡ ਜਾ ਕੇ ਪ੍ਰਚਾਰ ਕੀਤਾ ਜਾਵੇਗਾ।
ਆਗੂਆਂ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਵਿੱਚ ਜੰਗਲਾਤ ਵਿਭਾਗ ਦੇ ਮੰਡਲ ਪਟਿਆਲਾ ਵਿੱਚ ਹਟਾਏ ਗਏ ਕਿਰਤੀ ਕਾਮੇ ਬਹਾਲ ਕਰਨੇ, ਦਸ ਸਾਲ ਵਾਲੇ ਕਾਮੇ ਨੂੰ ਰੈਗੂਲਰ ਕਰਨਾ, ਸਾਰੇ ਕਾਮਿਆਂ ਦੀ ਤਨਖ਼ਾਹ 26000 ਰੁਪਏ ਪ੍ਰਤੀ ਮਹੀਨਾ ਕਰਨੀ, ਹਰ ਕਿਰਤੀ ਵਰਕਰ ਨੂੰ ਈਐਮਆਈ ਤੇ ਪੀਐਫ ਫ਼ੰਡ ਕਟੌਤੀ ਕਰਨਾ ਆਦਿ ਸ਼ਾਮਲ ਹਨ। ਰੈਲੀ ਵਿੱਚ ਰੇਂਜ ਪ੍ਰਧਾਨ ਹਰਚਰਨ ਸਿੰਘ ਬਦੋਛੀ, ਹਰਪ੍ਰੀਤ ਸਿੰਘ ਰਾਜਪੁਰਾ, ਲਾਜਵੰਤੀ ਕੌਰ, ਬੇਅੰਤ ਸਿੰਘ ਭਾਦਸੋਂ, ਗੁਰਪ੍ਰੀਤ ਸਿੰਘ ਨਾਭਾ, ਸੁਖਵਿੰਦਰ, ਸੁਨੀਤਾ, ਰਾਣੀ, ਪਟਿਆਲਾ ਹਾਜ਼ਰ ਹੋਣ ਤੋਂ ਇਲਾਵਾ ਕ੍ਰਿਸ਼ਨ, ਸਰਬਜੀਤ ਕੌਰ, ਬਲਜੀਤ ਕੌਰ, ਰਾਣੀ, ਸੁਨੀਤਾ ਰਾਣੀ, ਸੁਖਵਿੰਦਰ ਕੌਰ, ਕੁਲਵਿੰਦਰ ਸਿੰਘ, ਗੁਰਮੇਲ ਸਿੰਘ, ਹਰਦੀਪ ਸੌਜਾ ਤੇ ਮੇਜਰ ਚੁਪਕੀ ਆਦਿ ਵੀ ਹਾਜ਼ਰ ਸਨ।