ਜੰਗਲਾਂ ਦੀ ਅੱਗ
ਦੇਸ਼ ਵਿੱਚ ਜੰਗਲਾਂ ਵਿੱਚ ਅੱਗ ਲੱਗਣ ਦਾ ਸੰਕਟ ਪਿਛਲੇ ਕੁਝ ਸਾਲਾਂ ਤੋਂ ਬੇਕਾਬੂ ਹੁੰਦਾ ਜਾ ਰਿਹਾ ਹੈ ਅਤੇ ਹੁਣ ਤਾਜ਼ਾ ਰਿਪੋਰਟਾਂ ਅਨੁਸਾਰ ਉਤਰਾਖੰਡ ਦੇ ਜੰਗਲਾਂ ਦਾ ਵੱਡਾ ਖੇਤਰ ਅੱਗ ਦੀ ਲਪੇਟ ’ਚ ਆ ਗਿਆ ਹੈ। ਹਰ ਸਾਲ ਗਰਮੀਆਂ ਸ਼ੁਰੂ ਹੋਣ ਸਾਰ ਹੀ ਜੰਗਲੀ ਖੇਤਰ ਸੜ ਕੇ ਸੁਆਹ ਹੋ ਜਾਂਦਾ ਹੈ ਤੇ ਇਸ ਦੇ ਨਾਲ ਹੀ ਨਾ ਕੇਵਲ ਮਨੁੱਖੀ ਬਸਤੀਆਂ ਬਰਬਾਦ ਹੋ ਜਾਂਦੀਆਂ ਹਨ ਸਗੋਂ ਜੰਗਲੀ ਜੀਵਾਂ ਅਤੇ ਜੰਗਲੀ ਚੌਗਿਰਦੇ ਲਈ ਗੰਭੀਰ ਖ਼ਤਰਾ ਪੈਦਾ ਹੋ ਜਾਂਦਾ ਹੈ। 1 ਨਵੰਬਰ 2023 ਤੋਂ ਹੁਣ ਤੱਕ ਇਕੱਲੇ ਉਤਰਾਖੰਡ ਵਿੱਚ ਹੀ ਜੰਗਲਾਂ ਨੂੰ ਅੱਗ ਲੱਗਣ ਦੀਆਂ 575 ਘਟਨਾਵਾਂ ਵਾਪਰ ਚੁੱਕੀਆਂ ਹਨ ਜਿਨ੍ਹਾਂ ਕਰ ਕੇ ਕਰੀਬ 689.89 ਹੈਕਟੇਅਰ ਜੰਗਲੀ ਖੇਤਰ ਬਰਬਾਦ ਹੋ ਗਿਆ ਹੈ। ਹਾਲੀਆ ਸਮਿਆਂ ਵਿੱਚ ਇਨ੍ਹਾਂ ਘਟਨਾਵਾਂ ਵਿੱਚ ਇਜ਼ਾਫ਼ਾ ਹੋਇਆ ਹੈ ਜਿਸ ਕਰ ਕੇ ਉੱਥੇ ਫ਼ੌਜ ਤਾਇਨਾਤ ਕਰਨੀ ਪਈ ਹੈ। ਪਿਛਲੇ ਹਫ਼ਤੇ 24 ਘੰਟਿਆਂ ਦੇ ਅੰਦਰ ਅੰਦਰ ਅੱਗ ਲੱਗਣ ਦੀਆਂ 31 ਘਟਨਾਵਾਂ ਦੀਆਂ ਰਿਪੋਰਟਾਂ ਆਈਆਂ ਸਨ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਜੰਗਲ ਦੀਆਂ ਅੱਗਾਂ ਦੀ ਚੁਣੌਤੀ ਨੂੰ ਪ੍ਰਵਾਨ ਕਰਨ ਦੀ ਗੱਲ ਆਖੀ ਹੈ ਜੋ ਕਿ ਸਹੀ ਦਿਸ਼ਾ ਵਿੱਚ ਇੱਕ ਕਦਮ ਕਿਹਾ ਜਾਣਾ ਚਾਹੀਦਾ ਹੈ ਪਰ ਸਿਰਫ਼ ਬਿਆਨ ਦੇਣ ਨਾਲ ਗੱਲ ਨਹੀਂ ਬਣਨੀ ਸਗੋਂ ਇਨ੍ਹਾਂ ਨੂੰ ਅਮਲੀ ਜਾਮਾ ਪਹਿਨਾਉਣ ਦੀ ਲੋੜ ਹੈ।
ਚਿੰਤਾ ਦੀ ਗੱਲ ਇਹ ਹੈ ਕਿ ਅੱਗ ਲੱਗਣ ਦੀਆਂ ਕਈ ਘਟਨਾਵਾਂ ਨੂੰ ਮਨੁੱਖੀ ਲਾਪ੍ਰਵਾਹੀ ਦਾ ਸਿੱਟਾ ਮੰਨਿਆ ਜਾਂਦਾ ਹੈ ਅਤੇ ਕਈ ਵਾਰ ਜਾਣ-ਬੁੱਝ ਕੇ ਵੀ ਅਜਿਹੀ ਸ਼ਰਾਰਤ ਕਰ ਦਿੱਤੀ ਜਾਂਦੀ ਹੈ। ਹਾਲਾਂਕਿ ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜੰਗਲਾਂ ਦੀ ਅੱਗ ਦਾ ਮੂਲ ਕਾਰਨ ਵਾਤਾਵਰਨ ਦੇ ਵਸੀਲਿਆਂ ਦੀ ਅਣਦੇਖੀ ਨਾਲ ਜੁੜਿਆ ਹੋਇਆ ਹੈ। ਇਸ ਲਈ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਨ ਅਤੇ ਅਜਿਹਾ ਅਪਰਾਧ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਸਮੇਂ ਦੀ ਲੋੜ ਹੈ। ਇਸ ਤੋਂ ਇਲਾਵਾ ਭਾਰਤੀ ਜੰਗਲੀ ਸਰਵੇਖਣ ਵਿੱਚ ਸਮੁੱਚੇ ਦੇਸ਼ ਅੰਦਰ ਜੰਗਲਾਂ ਦੀਆਂ ਅੱਗਾਂ ਦੇ ਸਬੰਧ ਵਿੱਚ ਹੈਰਤਅੰਗੇਜ਼ ਅੰਕੜੇ ਸਾਹਮਣੇ ਲਿਆਂਦੇ ਗਏ ਹਨ। ਇਸ ਮਾਮਲੇ ਵਿੱਚ ਸਭ ਤੋਂ ਬੁਰੀ ਸਥਿਤੀ ਉੜੀਸਾ ਦੀ ਹੈ। ਜਲਵਾਯੂ ਤਬਦੀਲੀ ਕਰ ਕੇ ਤਪਸ਼ ਲਗਾਤਾਰ ਵਧਦੀ ਹੈ ਜਿਸ ਕਰ ਕੇ ਜੰਗਲਾਂ ਵਿਚ ਅੱਗਾਂ ਲੱਗਣ ਦਾ ਸਿਲਸਿਲਾ ਤੇਜ਼ ਹੁੰਦਾ ਹੈ। ਇਸ ਲਈ ਨੀਤੀਘਾੜਿਆਂ ਅਤੇ ਵਾਤਾਵਰਨਵਾਦੀਆਂ ਨੂੰ ਫ਼ੌਰੀ ਧਿਆਨ ਦੇਣ ਦੀ ਲੋੜ ਹੈ।
ਇਸ ਵੇਲੇ ਜਦੋਂ ਉਤਰਾਖੰਡ ਜੰਗਲਾਂ ਦੀ ਅੱਗ ਦੇ ਕਹਿਰ ਨਾਲ ਜੂਝ ਰਿਹਾ ਹੈ ਤਾਂ ਸਰਕਾਰ ਅਤੇ ਨਾਗਰਿਕ ਸਮਾਜ ਦੋਵਾਂ ਨੂੰ ਜੰਗਲਾਂ ਨੂੰ ਬਚਾਉਣ ਨੂੰ ਤਰਜੀਹ ਦੇਣ ਅਤੇ ਵਾਤਾਵਰਨ ਦੀ ਬਰਬਾਦੀ ਵਾਲੀਆਂ ਕਾਰਵਾਈਆਂ ਖ਼ਿਲਾਫ਼ ਡਟਵਾਂ ਅਤੇ ਸਪੱਸ਼ਟ ਸਟੈਂਡ ਲੈਣ ਦੀ ਲੋੜ ਹੈ। ਇਹ ਜ਼ਿੰਮਾ ਕੇਵਲ ਅਧਿਕਾਰੀਆਂ ’ਤੇ ਨਹੀਂ ਛੱਡਿਆ ਜਾਣਾ ਚਾਹੀਦਾ ਸਗੋਂ ਹਰੇਕ ਨਾਗਰਿਕ ਨੂੰ ਚੌਕਸ ਹੋ ਕੇ ਜ਼ਿੰਮੇਵਾਰੀ ਦਾ ਮੁਜ਼ਾਹਰਾ ਕਰਨਾ ਚਾਹੀਦਾ ਹੈ ਅਤੇ ਵਾਤਾਵਰਨ ਦੀ ਹੰਢਣਸਾਰਤਾ ਦੇ ਕਾਜ਼ ਦੀ ਅਲੰਬਰਦਾਰੀ ਕਰਨੀ ਚਾਹੀਦੀ ਹੈ ਕਿਉਂਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਸਭ ਕੁਝ ਦਾਅ ’ਤੇ ਲੱਗਿਆ ਹੋਇਆ ਹੈ। ਬੱਝਵੀਂ ਕਾਰਵਾਈ ਅਤੇ ਦਿ੍ਰੜ ਇਰਾਦੇ ਨਾਲ ਨਾ ਕੇਵਲ ਜੰਗਲਾਂ ਦੀਆਂ ਅੱਗਾਂ ’ਤੇ ਕਾਬੂ ਪਾਇਆ ਜਾ ਸਕਦਾ ਹੈ ਸਗੋਂ ਸਾਡੇ ਆਉਣ ਵਾਲੇ ਸਮੇਂ ਨੂੰ ਵਧੇਰੇ ਹਰਿਆ ਭਰਿਆ ਅਤੇ ਸੁਰੱਖਿਅਤ ਤੇ ਖੁ਼ਸ਼ੀਆਂ ਭਰਿਆ ਬਣਾਇਆ ਜਾ ਸਕਦਾ ਹੈ।