ਜੰਗਲਾਤ ਵਿਭਾਗ ਨੇ ਸਨੌਰ ਰੋਡ ਤੋਂ ਨਾਜਾਇਜ਼ ਕਬਜ਼ੇ ਹਟਾਏ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 24 ਜੁਲਾਈ
ਇੱਥੋਂ ਥੋੜ੍ਹੀ ਦੂਰ ਸਨੌਰ ਰੋਡ ’ਤੇ ਜੰਗਲਾਤ ਵਿਭਾਗ ਵੱਲੋਂ ਵੱਡੀ ਕਾਰਵਾਈ ਕਰਦਿਆਂ ਪਿੰਡ ਧਰਮਕੋਟ ਦੇ ਸਾਹਮਣੇ ਜੰਗਲਾਤ ਵਿਭਾਗ ਦੀ ਜ਼ਮੀਨ ਉੱਪਰ ਕੀਤੇ ਗਏ ਨਾਜਾਇਜ਼ ਕਬਜ਼ੇ ਹਟਾਏ ਗਏ। ਦੂਜੇ ਪਾਸੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪਟਿਆਲਾ ਸ਼ਹਿਰ ਅੰਦਰ ਵੱਖ-ਵੱਖ ਥਾਵਾਂ ’ਤੇ ਲੋਕਾਂ ਨੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ ਪਰ ਉਨ੍ਹਾਂ ਦੇ ਨਾਜਾਇਜ਼ ਕਬਜ਼ੇ ਇਸ ਲਈ ਛੁਡਵਾਏ ਗਏ ਹਨ ਕਿਉਂਕਿ ਉਹ ਅਧਿਕਾਰੀਆਂ ਅਨੁਸਾਰ ਕਥਿਤ ਤੌਰ ’ਤੇ ਨਹੀਂ ਨਿਭ ਸਕੇ।
ਪ੍ਰਾਪਤ ਜਾਣਕਾਰੀ ਅਨੁਸਾਰ ਡੀਐੱਫਓ ਹਰਭਜਨ ਸਿੰਘ ਦੇ ਨਿਰਦੇਸ਼ਾਂ ’ਤੇ ਰੇਂਜ ਅਫ਼ਸਰ ਬਲਬੀਰ ਸਿੰਘ ਢਿੱਲੋਂ, ਬੀਟ ਇੰਚਾਰਜ ਪ੍ਰਗਟ ਸਿੰਘ, ਬਲਾਕ ਅਫ਼ਸਰ ਮਲਕੀਤ ਸਿੰਘ, ਜੰਗਲਾਤ ਕਾਨੂੰਗੋ ਰਾਜ ਕੁਮਾਰ ਅਤੇ ਭਾਰੀ ਗਿਣਤੀ ਪੁਲੀਸ ਦੀ ਮੌਜੂਦਗੀ ’ਚ ਇਹ ਕਾਰਵਾਈ ਕੀਤੀ ਗਈ। ਇੱਥੇ ਨਿੱਜੀ ਬੈਂਕ ਵੱਲੋਂ ਜੈਨਰੇਟਰ ਰੱਖਿਆ ਹੋਇਆ ਸੀ, ਨੂੰ ਵੀ ਬੈਂਕ ਅਧਿਕਾਰੀਆਂ ਦੇ ਸਮਾਂ ਮੰਗਣ ’ਤੇ ਨਹੀਂ ਹਟਾਇਆ ਗਿਆ। ਮਹਿਕਮੇ ਨੇ ਜੇਸੀਬੀ ਮਸ਼ੀਨ ਰਾਹੀਂ ਜੰਗਲਾਤ ਵਿਭਾਗ ਦੀ ਜ਼ਮੀਨ ਉੱਪਰ ਜਿਹੜੇ ਕਬਜ਼ੇ ਕੀਤੇ ਹੋਏ ਸਨ, ਉਨ੍ਹਾਂ ਨੂੰ ਹਟਾ ਦਿੱਤਾ ਗਿਆ।
ਪ੍ਰਾਈਵੇਟ ਬੈਂਕ ਵੱਲੋਂ ਜੰਗਲਾਤ ਵਿਭਾਗ ਦੀ ਜ਼ਮੀਨ ਉੱਪਰ ਕਬਜ਼ਾ ਕੀਤਾ ਹੋਇਆਂ ਸੀ ਅਤੇ ਆਪਣਾ ਜੈਨਰੇਟਰ ਰੱਖਿਆ ਹੋਇਆ ਸੀ, ਜੰਗਲਾਤ ਵਿਭਾਗ ਵੱਲੋਂ ਬੈਕ ਕੋਲ ਐੱਨਓਸੀ ਨਾ ਹੋਣ ਕਰਕੇ ਬੈਂਕ ਦੇ ਬਾਹਰ ਤੋਂ ਸਾਰੀਆਂ ਟਾਈਲਾਂ ਤੋੜ ਦਿੱਤੀਆਂ ਗਈਆਂ। ਬੈਂਕ ਵਿੱਚ ਜਾਣ ਵਾਲੇ ਲੋਕਾਂ ਨੂੰ ਕਾਫ਼ੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ।
ਦੁਕਾਨਦਾਰਾ ਨੇ ਕਿਹਾ ਕਿ ਸਨੌਰ ਰੋਡ ਉੱਪਰ ਕਈ ਲੋਕਾਂ ਵੱਲੋਂ ਸ਼ਰੇਆਮ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ ਜਨਿ੍ਹਾਂ ਉੱਪਰ ਸਰਕਾਰੀ ਵਿਭਾਗ ਕੇ ਦੇ ਕਰਮਚਾਰੀਆਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਪਰ ਗ਼ਰੀਬ ਲੋਕਾਂ ਨਾਲ ਸ਼ਰੇਆਮ ਧੱਕਾ ਕੀਤਾ ਜਾ ਰਿਹਾ ਹੈ। ਜੇਕਰ ਸਾਰਿਆਂ ਖ਼ਿਲਾਫ਼ ਕਾਰਵਾਈ ਨਹੀਂ ਹੁੰਦੀ ਤਾਂ ਉਹ ਸਮਾਜ ਸੇਵੀ ਸੰਸਥਾਵਾਂ ਅਤੇ ਇਨਸਾਫ਼ ਪਸੰਦ ਲੋਕਾਂ ਦੀ ਹਮਾਇਤ ਨਾਲ ਸੰਘਰਸ਼ ਕਰਨਗੇ। ਰੇਂਜ ਅਫ਼ਸਰ ਨੇ ਕਿਹਾ,‘ਸਾਡੇ ਕੋਲ ਸ਼ਿਕਾਇਤਾਂ ਆਈਆਂ ਸਨ ਇਸ ਕਰਕੇ ਇਹ ਨਜਾਇਜ਼ ਕਬਜ਼ੇ ਹਟਾਏ ਗਏ ਹਨ। ਜੇਕਰ ਕਿਤੇ ਹੋਰ ਵੀ ਨਜਾਇਜ਼ ਕਬਜ਼ੇ ਹੋਣਗੇ ਤਾਂ ਅਸੀਂ ਹਟਾਵਾਂਗੇ।’