ਮਾਛੀਵਾੜਾ ਥਾਣੇ ਵਿੱਚ ਪਹਿਲੀ ਵਾਰ ਇੱਕ ਮਹੀਨੇ ਵਿੱਚ 40 ਕੇਸ ਦਰਜ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 1 ਅਗਸਤ
ਸਥਾਨਕ ਪੁਲੀਸ ਥਾਣਾ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਕਿ 30 ਦਿਨਾਂ ’ਚ 40 ਅਪਰਾਧਿਕ ਮਾਮਲੇ ਦਰਜ ਹੋਏ ਜਿਸ ’ਚੋਂ ਪੁਲੀਸ ਨੇ 37 ਸੁਲਝਾ ਲਏ। ਪ੍ਰਾਪਤ ਅੰਕੜਿਆਂ ਅਨੁਸਾਰ 1 ਜੁਲਾਈ ਤੋਂ ਲੈ ਕੇ 31 ਜੁਲਾਈ ਤੱਕ ਪੁਲੀਸ ਥਾਣਾ ਵਿਚ 40 ਮਾਮਲੇ ਦਰਜ ਹੋਏ ਅਤੇ ਹੁਣ ਤੱਕ 7 ਮਹੀਨਿਆਂ ’ਚ ਕੁੱਲ 154 ਮਾਮਲੇ ਦਰਜ ਹੋ ਚੁੱਕੇ ਹਨ ਜੋ ਕਿ ਵੱਡੀ ਕਾਰਵਾਈ ਹੈ। ਪਿਛਲੇ ਸਾਲ 2022 ਦੌਰਾਨ 12 ਮਹੀਨਿਆਂ ’ਚ 166 ਮਾਮਲੇ ਦਰਜ ਹੋਏ ਸਨ ਜਦਕਿ ਹੁਣ 7 ਮਹੀਨਿਆਂ ’ਚ 154 ਮਾਮਲੇ ਦਰਜ ਹੋਣ ’ਤੇ ਇਹ ਸੰਕੇਤ ਜਾਂਦਾ ਹੈ ਕਿ ਜਿੱਥੇ ਇਲਾਕੇ ’ਚ ਅਪਰਾਧਿਕ ਮਾਮਲੇ ਵਧੇ ਹਨ ਉੱਥੇ ਪੁਲੀਸ ਨੇ ਵੀ ਮੁਸ਼ਤੈਦੀ ਦਿਖਾਈ। ਜੁਲਾਈ ਵਿੱਚ ਜੋ 40 ਮਾਮਲੇ ਦਰਜ ਹੋਏ ਹਨ ਉਸ ’ਚੋਂ 10 ਮਾਮਲੇ ਚੋਰੀ ਦੇ ਹਨ ਜਿਨ੍ਹਾਂ ’ਚੋਂ ਪੁਲੀਸ ਨੇ 8 ਸੁਲਝਾ ਲਏ ਜਦਕਿ 2 ਮਾਮਲਿਆਂ ’ਚ ਕਥਿਤ ਦੋਸ਼ੀ ਕਾਬੂ ਨਹੀਂ ਆਏ। 6 ਮਾਮਲੇ ਨਸ਼ਾ ਤਸਕਰੀ ਦੇ ਦਰਜ ਹੋਏ ਜਿਸ ਵਿਚ ਪੁਲੀਸ ਨੇ ਮੁਲਜ਼ਮਾਂ ਤੋਂ ਭੁੱਕੀ, ਸਮੈਕ, ਹੈਰੋਇਨ ਬਰਾਮਦ ਕੀਤੀ ਜਦਕਿ 2 ਮਾਮਲੇ ਸ਼ਰਾਬ ਤਸਕਰੀ ਦੇ ਵੀ ਹਨ। ਪੁਲੀਸ ਨੇ ਇਸ ਮਹੀਨੇ 2 ਆਰਮਜ਼ ਐਕਟ ਅਤੇ 2 ਮਰਨ ਲਈ ਮਜ਼ਬੂਰ ਕਰਨ ਦੇ ਮਾਮਲੇ ਦਰਜ ਕੀਤੇ। ਇਸ ਮਹੀਨੇ ਦਾ ਸਭ ਤੋਂ ਚਰਚਿਤ ਮਾਮਲਾ ਮਾਛੀਵਾੜਾ ਪੁਲੀਸ ਥਾਣਾ ਦੇ ਅਧਿਕਾਰੀਆਂ ਤੇ ਕਰਮਚਾਰੀਆਂ ’ਤੇ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਵੱਲੋਂ ਹਮਲੇ ਦਾ ਸੀ ਜਿਸ ’ਤੇ ਪੁਲੀਸ ਨੇ ਕੁਝ ਹੀ ਘੰਟਿਆਂ ’ਚ 10 ਮੁਲਜ਼ਮ ਕਾਬੂ ਕਰ ਲਏ।
ਮਾਛੀਵਾੜਾ ਇਲਾਕੇ ਵਿਚ ਵਧਦੇ ਨਸ਼ੇ ਦੇ ਫੈਲਾਅ ਨੂੰ ਨੱਥ ਪਾਉਣ ਲਈ ਅੱਜ ਪੁਲੀਸ ਅਧਿਕਾਰੀ ਤੀਜੇ ਦਿਨ ਵੀ ਪੂਰੀ ਤਰ੍ਹਾਂ ਸਰਗਰਮ ਰਹੇ ਅਤੇ ਛਾਪੇ ਜਾਰੀ ਰਹੀ। ਅੱਜ ਪ੍ਰੈੱਸ ਕਾਨਫਰੰਸ ਦੌਰਾਨ ਡੀਐੱਸਪੀ ਵਰਿਆਮ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਨਸ਼ਾ ਵੇਚਣ ਵਾਲੇ ਤਸਕਰਾਂ ਦੀ ਸੂਚੀ ਤਿਆਰ ਕਰ ਲਈ ਹੈ, ਉਨ੍ਹਾਂ ਦੀ ਘੇਰਾਬੰਦੀ ਕੀਤੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਨਾਲ ਥਾਣਾ ਮੁਖੀ ਮਾਛੀਵਾੜਾ ਡੀਐੱਸਪੀ ਮਨਦੀਪ ਕੌਰ ਅਤੇ ਥਾਣਾ ਮੁਖੀ ਸਮਰਾਲਾ ਭਿੰਦਰ ਸਿੰਘ ਖੰਗੂੜਾ ਵੀ ਮੌਜੂਦ ਸਨ।
ਨਸ਼ੀਲੇ ਪਾਊਡਰ ਸਮੇਤ ਦੋ ਗ੍ਰਿਫ਼ਤਾਰ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਥਾਣਾ ਸਲੇਮ ਟਾਬਰੀ ਦੀ ਪੁਲੀਸ ਵੱਲੋਂ ਦੋ ਜਣਿਆਂ ਨੂੰ ਨਸ਼ੀਲੇ ਪਾਊਡਰ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਥਾਣੇਦਾਰ ਸੁਰਿੰਦਰ ਪਾਲ ਨੇ ਦੱਸਿਆ ਹੈ ਕਿ ਪੁਲੀਸ ਪਾਰਟੀ ਚੈਕਿੰਗ ਦੇ ਸਬੰਧ ਵਿੱਚ ਅੰਬੇਡਕਰ ਭਵਨ ਦੇ ਸਾਹਮਣੇ ਮੇਨ ਰੋਡ ਸਲੇਮ ਟਾਬਰੀ ਮੌਜੂਦ ਸੀ ਤਾਂ ਦੌਰਾਨੇ ਚੈਕਿੰਗ ਕਰਨ ਸਿੰਘ ਵਾਸੀ ਹਜ਼ੂਰੀ ਬਾਗ ਕਲੋਨੀ ਅਤੇ ਜਸਵੀਰ ਸਿੰਘ ਵਾਸੀ ਪਿੰਡ ਬਹਾਦਰਕੇ ਨੂੰ ਟੀ ਪੁਆਇੰਟ ਭੱਟੀਆਂ ਬੇਟ ਮੇਨ ਜੀਟੀ ਰੋਡ ਤੋਂ ਕਾਬੂ ਕਰਕੇ ਉਨ੍ਹਾਂ ਕੋਲੋਂ 17 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ ਹੈ।
ਕੈਮੀਕਲ ਨਸ਼ਾ ਨਸ਼ੇੜੀਆਂ ਦੀ ਲੈ ਰਿਹਾ ਜਾਨ
ਮਾਛੀਵਾੜਾ ਇਲਾਕੇ ’ਚ ਪਿਛਲੇ 2 ਹਫ਼ਤਿਆਂ ’ਚ ਦੋ ਨੌਜਵਾਨਾਂ ਦੀ ਓਵਰਡੋਜ਼ ਕਾਰਨ ਹੋਈ ਮੌਤ ਤੋਂ ਬਾਅਦ ਜੋ ਪੁਲੀਸ ਨੇ ਜਾਂਚ ਆਰੰਭੀ ਉਸ ਵਿੱਚ ਕੈਮੀਕਲ ਨਸ਼ਾ ਦਾ ਰੋਲ ਜ਼ਿਆਦਾ ਦਿਖਾਈ ਦੇ ਰਿਹਾ ਹੈ। ਇਸ ਸਬੰਧੀ ਪੁਲੀਸ ਜਾਂਚ ਕਰ ਰਹੀ ਹੈ।