ਫੁਟਬਾਲ: ਸ੍ਰੀਜੇਸ਼ ਤੋਂ ਬਾਅਦ ਪਾਠਕ ਦੀ ਭਾਰਤੀ ਗੋਲਕੀਪਰ ਵਜੋਂ ਚੋਣ
ਨਵੀਂ ਦਿੱਲੀ, 28 ਅਗਸਤ
ਪੀਆਰ ਸ੍ਰੀਜੇਸ਼ ਦੇ ਸੰਨਿਆਸ ਤੋਂ ਬਾਅਦ ਕ੍ਰਿਸ਼ਨ ਬਹਾਦਰ ਪਾਠਕ ਨੂੰ ਅਗਾਮੀ ਏਸ਼ਿਆਈ ਚੈਂਪੀਅਨਜ਼ ਟਰਾਫੀ ਲਈ ਹਰਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ 18 ਮੈਂਬਰੀ ਭਾਰਤੀ ਹਾਕੀ ਟੀਮ ਦਾ ਮੁੱਖ ਗੋਲਕੀਪਰ ਚੁਣਿਆ ਗਿਆ ਹੈ। ਟੂਰਨਾਮੈਂਟ ਵਿੱਚ ਭਾਰਤ ਤੋਂ ਇਲਾਵਾ ਕੋਰੀਆ, ਮਲੇਸ਼ੀਆ, ਪਾਕਿਸਤਾਨ, ਜਪਾਨ ਅਤੇ ਮੇਜ਼ਬਾਨ ਚੀਨ ਹਿੱਸਾ ਲੈਣਗੇ। ਇਹ ਟੂਰਨਾਮੈਂਟ 8 ਤੋਂ 17 ਸਤੰਬਰ ਤੱਕ ਖੇਡਿਆ ਜਾਵੇਗਾ। ਸ੍ਰੀਜੇਸ਼ ਨੇ ਪੈਰਿਸ ਓਲੰਪਿਕ ’ਚ ਲਗਾਤਾਰ ਦੂਜਾ ਕਾਂਸੇ ਦਾ ਤਗ਼ਮਾ ਜਿੱਤਣ ਤੋਂ ਬਾਅਦ ਹਾਕੀ ਨੂੰ ਅਲਵਿਦਾ ਕਹਿ ਦਿੱਤਾ ਸੀ। ਪੈਰਿਸ ਓਲੰਪਿਕ ਵਿੱਚ ਭਾਰਤੀ ਟੀਮ ਨਾਲ ਗਿਆ ਦੂਜਾ ਗੋਲਕੀਪਰ ਪਾਠਕ ਹੁਣ ਮੁੱਖ ਗੋਲਕੀਪਰ ਜਦਕਿ ਸੂਰਜ ਕਰਕਰਾ ਰਿਜ਼ਰਵ ਗੋਲਕੀਪਰ ਹੋਵੇਗਾ।
ਤਜਰਬੇਕਾਰ ਮਿਡਫੀਲਡਰ ਵਿਵੇਕ ਸਾਗਰ ਪ੍ਰਸਾਦ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਨਿਯਮਤ ਉਪ ਕਪਤਾਨ ਹਾਰਦਿਕ ਸਿੰਘ, ਮਨਦੀਪ ਸਿੰਘ, ਲਲਿਤ ਉਪਾਧਿਆਏ, ਸ਼ਮਸ਼ੇਰ ਸਿੰਘ ਅਤੇ ਗੁਰਜੰਟ ਸਿੰਘ ਨੂੰ ਅਰਾਮ ਦਿੱਤਾ ਗਿਆ ਹੈ। ਭਾਰਤ ਦੇ ਉਭਰਦੇ ਡਰੈਗ ਫਲਿੱਕਰ ਜੁਗਰਾਜ ਸਿੰਘ ਲਈ ਵੀ ਇਹ ਸੁਨਹਿਰੀ ਮੌਕਾ ਹੋਵੇਗਾ। ਉਸ ਨੇ ਪ੍ਰੋ ਲੀਗ ਵਿੱਚ ਆਪਣਾ ਹੁਨਰ ਦਿਖਾਇਆ ਹੈ। ਅਰਿਜੀਤ ਸਿੰਘ ਹੁੰਦਲ ਟੀਮ ਦਾ ਤੀਜਾ ਡਰੈਗ ਫਲਿੱਕਰ ਹੋਵੇਗਾ। ਡਿਫੈਂਸ ਦੀ ਜ਼ਿੰਮੇਵਾਰੀ ਜਰਮਨਪ੍ਰੀਤ ਸਿੰਘ, ਅਮਿਤ ਰੋਹੀਦਾਸ, ਹਰਮਨਪ੍ਰੀਤ ਸਿੰਘ, ਜੁਗਰਾਜ ਸਿੰਘ, ਸੰਜੈ ਅਤੇ ਸੁਮਿਤ ’ਤੇ ਹੋਵੇਗੀ। ਮਿਡਫੀਲਡ ਵਿੱਚ ਰਾਜਕੁਮਾਰ ਪਾਲ, ਨੀਲਕਾਂਤ ਸ਼ਰਮਾ, ਮਨਪ੍ਰੀਤ ਸਿੰਘ ਅਤੇ ਮੁਹੰਮਦ ਰਾਹੀਲ ਹੋਣਗੇ। ਫਾਰਵਰਡ ਲਾਈਨ ਵਿੱਚ ਅਭਿਸ਼ੇਕ, ਸੁਖਜੀਤ ਸਿੰਘ, ਹੁੰਦਲ, ਜੂਨੀਅਰ ਟੀਮ ਦਾ ਕਪਤਾਨ ਉੱਤਮ ਸਿੰਘ ਅਤੇ ਗੁਰਜੋਤ ਸਿੰਘ ਸ਼ਾਮਲ ਹਨ। ਪੈਰਿਸ ਓਲੰਪਿਕ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਟੀਮ ਦੇ ਦਸ ਮੈਂਬਰ ਇਸ ਟੀਮ ਵਿੱਚ ਹਨ। ਭਾਰਤੀ ਟੀਮ 8 ਸਤੰਬਰ ਨੂੰ ਚੀਨ ਖ਼ਿਲਾਫ਼ ਆਪਣਾ ਪਹਿਲਾ ਮੈਚ ਖੇਡੇਗੀ। -ਪੀਟੀਆਈ
ਨਵੇਂ ਓਲੰਪਿਕ ਚੱਕਰ ਦੇ ਸ਼ੁਰੂਆਤੀ ਟੂਰਨਾਮੈਂਟ ਲਈ ਟੀਮ ਤਿਆਰ: ਫੁਲਟਨ
ਭਾਰਤੀ ਟੀਮ ਦੇ ਕੋਚ ਕ੍ਰੇਗ ਫੁਲਟਨ ਨੇ ਹਾਕੀ ਇੰਡੀਆ ਵੱਲੋਂ ਜਾਰੀ ਬਿਆਨ ਵਿੱਚ ਕਿਹਾ, ‘‘ਇਹ ਸਾਡੇ ਲਈ ਅਹਿਮ ਟੂਰਨਾਮੈਂਟ ਹੈ। ਟੀਮ ਪੈਰਿਸ ਓਲੰਪਿਕ ਵਿੱਚ ਤਗ਼ਮਾ ਜਿੱਤਣ ਦਾ ਜਸ਼ਨ ਮਨਾ ਕੇ ਕੈਂਪ ਵਿੱਚ ਪਰਤੀ ਹੈ। ਟੀਮ ਨੂੰ ਮਿਲੇ ਅਥਾਹ ਪਿਆਰ ਨਾਲ ਪਿਛਲੇ ਕੁਝ ਹਫ਼ਤੇ ਸ਼ਾਨਦਾਰ ਰਹੇ ਹਨ। ਇਸ ਪਿਆਰ ਅਤੇ ਸਹਿਯੋਗ ਦੀ ਭਵਿੱਖ ਵਿੱਚ ਵੀ ਉਮੀਦ ਰਹੇਗੀ। ਨਵੇਂ ਓਲੰਪਿਕ ਚੱਕਰ ਦੀ ਸ਼ੁਰੂਆਤ ਏਸ਼ਿਆਈ ਚੈਂਪੀਅਨਜ਼ ਟਰਾਫੀ ਨਾਲ ਹੋ ਰਹੀ ਹੈ ਅਤੇ ਅਸੀਂ ਚੁਣੌਤੀ ਲਈ ਤਿਆਰ ਹਾਂ।’’