ਨਿਸ਼ਾਨੇਬਾਜ਼ੀ: ਰੂਬੀਨਾ ਫਰਾਂਸਿਸ ਨੇ ਕਾਂਸੀ ਦਾ ਤਗ਼ਮਾ ਜਿੱਤਿਆ
ਚੈਟੋਰੌਕਸ, 31 ਅਗਸਤ
ਭਾਰਤ ਦੀ ਰੂਬੀਨਾ ਫਰਾਂਸਿਸ ਨੇ ਅੱਜ ਇੱਥੇ ਪੈਰਿਸ ਪੈਰਾਲੰਪਿਕ ਵਿੱਚ ਮਹਿਲਾਵਾਂ ਦੇ ਏਅਰ ਪਿਸਟਲ ਐੱਸਐੱਚ1 ਮੁਕਾਬਲੇ ਦੇ ਫਾਈਨਲ ’ਚ ਕਾਂਸੇ ਦਾ ਤਗ਼ਮਾ ਜਿੱਤਿਆ, ਜਿਸ ਨਾਲ ਦੇਸ਼ ਦੇ ਨਿਸ਼ਾਨੇਬਾਜ਼ਾਂ ਦਾ ਮਜ਼ਬੂਤ ਪ੍ਰਦਰਸ਼ਨ ਜਾਰੀ ਰਿਹਾ। ਰੂਬੀਨਾ ਨੇ ਕੁੱਲ 211-1 ਅੰਕ ਹਾਸਲ ਕਰਕੇ ਅੱਠ ਮਹਿਲਾਵਾਂ ਦੇ ਫਾਈਨਲ ਵਿੱਚ ਤੀਜਾ ਸਥਾਨ ਹਾਸਲ ਕੀਤਾ। ਉਸ ਨੇ ਕੁਆਲੀਫਿਕੇਸ਼ਨ ਰਾਊਂਡ ਵਿੱਚ ਸੱਤਵੇਂ ਸਥਾਨ ’ਤੇ ਰਹਿੰਦਿਆਂ ਫਾਈਨਲ ਲਈ ਕੁਆਲੀਫਾਈ ਕੀਤਾ ਸੀ। ਪੈਰਿਸ ਪੈਰਾਲੰਪਿਕ ਵਿੱਚ ਭਾਰਤ ਦਾ ਇਹ ਨਿਸ਼ਾਨੇਬਾਜ਼ੀ ਵਿੱਚ ਚੌਥਾ ਅਤੇ ਕੁੱਲ ਮਿਲਾ ਕੇ ਪੰਜਵਾਂ ਤਗ਼ਮਾ ਸੀ। ਸ਼ੁੱਕਰਵਾਰ ਨੂੰ ਅਵਨੀ ਲੇਖਰਾ ਨੇ ਮਹਿਲਾਵਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤ ਕੇ ਇਤਿਹਾਸ ਰਚਿਆ ਸੀ। ਉਸ ਨੇ ਟੋਕੀਓ ਪੈਰਾਲੰਪਿਕ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਮੋਨਾ ਅਗਰਵਾਲ ਨੇ ਇਸੇ ਮੁਕਾਬਲੇ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ ਸੀ। ਮਨੀਸ਼ ਨਰਵਾਲ ਨੇ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ (ਐੱਸਐੱਚ1) ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਐੱਸਐੱਚ1 ਵਰਗ ਵਿੱਚ ਉਹ ਪੈਰਾ ਨਿਸ਼ਾਨੇਬਾਜ਼ ਹਿੱਸਾ ਲੈਂਦੇ ਹਨ, ਜੋ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਪਿਸਤੌਲ ਸੰਭਾਲਦਿਆਂ ਵ੍ਹੀਲਚੇਅਰ ਜਾਂ ਚੇਅਰ ’ਤੇ ਬੈਠ ਕੇ ਜਾਂ ਖੜ੍ਹੇ ਹੋ ਕੇ ਨਿਸ਼ਾਨਾ ਲਗਾਉਂਦੇ ਹਨ। -ਪੀਟੀਆਈ
ਤੀਰਅੰਦਾਜ਼ੀ: ਸਰਿਤਾ ਕੁਮਾਰੀ ਕੁਆਰਟਰ ਫਾਈਨਲ ’ਚ
ਪੈਰਿਸ: ਭਾਰਤੀ ਪੈਰਾ ਤੀਰਅੰਦਾਜ਼ ਸਰਿਤਾ ਕੁਮਾਰੀ ਨੇ ਅੱਜ ਇੱਥੇ ਪੈਰਾਲੰਪਿਕ ਵਿੱਚ ਇਟਲੀ ਦੀ ਐਲੇਨੋਰਾ ਸਾਰਟੀ ਨੂੰ 141-135 ਨਾਲ ਹਰਾ ਕੇ ਕੰਪਾਊਂਡ ਮਹਿਲਾ ਓਪਨ ਵਰਗ ਦੇ ਕੁਆਰਟਰ ਫਾਈਨਲ ’ਚ ਕਦਮ ਰੱਖਿਆ। ਨੌਵਾਂ ਦਰਜਾ ਪ੍ਰਾਪਤ ਸਰਿਤਾ ਨੇ ਸਿਰਫ਼ ਇੱਕ ਅੰਕ ਗੁਆ ਕੇ ਚਾਰ ਅੰਕਾਂ ਦੀ ਲੀਡ ਬਣਾਈ। ਇਸ ਮਗਰੋਂ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਆਪਣੀ ਲੀਡ ਨੂੰ ਪੰਜ ਅੰਕਾਂ ਤੱਕ ਪਹੁੰਚਾ ਦਿੱਤਾ। ਇਸ ਦੌਰਾਨ ਉਸ ਨੇ ਕੇਂਦਰ ਦੇ ਨੇੜੇ ਇੱਕ ਸ਼ਾਟ ਲਗਾਇਆ। ਸਰਿਤਾ ਤੋਂ ਉੱਚੀ ਰੈਂਕਿੰਗ ਵਾਲੀ ਇਟਲੀ ਦੀ ਖਿਡਾਰਨ ਨੇ ਦੋ ਵਾਰ 10 ਅੰਕ ਹਾਸਲ ਕੀਤੇ ਪਰ ਸਰਿਤਾ ਨੇ ਲਗਾਤਾਰਤਾ ਬਣਾਈ ਰੱਖਦਿਆਂ ਜਿੱਤ ਦਰਜ ਕੀਤੀ। ਸਰਿਤਾ ਨੇ ਪਹਿਲੇ ਰਾਊਂਡ ਦੇ ਮੁਕਾਬਲੇ ਵਿੱਚ ਮਲੇਸ਼ੀਆ ਦੀ ਨੂਰ ਜੰਨਤਨ ਅਬਦੁਲ ਜਲੀਲ ਨੂੰ 138-124 ਨਾਲ ਹਰਾਇਆ ਸੀ। -ਪੀਟੀਆਈ