For the best experience, open
https://m.punjabitribuneonline.com
on your mobile browser.
Advertisement

ਦੀਪੇਂਦਰ ਹੁੱਡਾ ਵੱਲੋਂ ਰਾਦੌਰ ਵਿੱਚ ਪੈਦਲ ਮਾਰਚ

08:33 AM Aug 19, 2024 IST
ਦੀਪੇਂਦਰ ਹੁੱਡਾ ਵੱਲੋਂ ਰਾਦੌਰ ਵਿੱਚ ਪੈਦਲ ਮਾਰਚ
ਰਾਦੌਰ ਵਿੱਚ ਪੈਦਲ ਮਾਰਚ ਕਰਦੇ ਹੋਏ ਕਾਂਗਰਸੀ ਆਗੂ ਦੀਪੇਂਦਰ ਹੁੱਡਾ।
Advertisement

ਦਵਿੰਦਰ ਸਿੰਘ
ਯਮੁਨਾਨਗਰ, 18 ਅਗਸਤ
ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਦੀਪੇਂਦਰ ਹੁੱਡਾ ਨੇ ਅੱਜ ‘ਹਰਿਆਣਾ ਮੰਗੇ ਹਿਸਾਬ ਮੁਹਿੰਮ’ ਤਹਿਤ ਰਾਦੌਰ ਵਿਧਾਨ ਸਭਾ ਹਲਕੇ ਵਿੱਚ ਪੈਦਲ ਮਾਰਚ ਕੀਤਾ। ਇਹ ਮਾਰਚ ਮੁੱਖ ਬਾਜ਼ਾਰ ਤੋਂ ਸ਼ੁਰੂ ਹੋ ਕੇ ਸਿਵਲ ਹਸਪਤਾਲ ਤੱਕ ਪੁੱਜਿਆ। ਇਸ ਦੌਰਾਨ ਕਹਿਰ ਦੀ ਗਰਮੀ ਦੇ ਬਾਵਜੂਦ ਦੀਪੇਂਦਰ ਹੁੱਡਾ ਨਾਲ ਲੋਕਾਂ ਦੀ ਵੱਡੀ ਭੀੜ ਸੜਕਾਂ ’ਤੇ ਉਤਰ ਆਈ। ਦੀਪੇਂਦਰ ਹੁੱਡਾ ਨੇ ਲੋਕਾਂ ਦੇ ਉਤਸ਼ਾਹ ਨੂੰ ਦੇਖਦਿਆਂ ਕਿਹਾ ਕਿ ਭਾਜਪਾ ਸਰਕਾਰ ਦੇ ਝੂਠੇ ਐਲਾਨਾਂ ਦਾ ਪਰਦਾਫਾਸ਼ ਹੋਣ ਤੋਂ ਬਚਣ ਲਈ ਕੇਂਦਰ ਦੀ ਭਾਜਪਾ ਸਰਕਾਰ ਨੇ ਹਰਿਆਣਾ ਵਿੱਚ ਚੋਣਾਂ ਦਾ ਐਲਾਨ ਜਲਦੀ ਕਰਵਾ ਕੇ ਚੋਣ ਜ਼ਾਬਤੇ ਵਜੋਂ ਆਪਣੇ ਹੀ ਐਲਾਨਾਂ ਦੀ ਬਲੀ ਦਿੱਤੀ ਹੈ। ਚੋਣਾਂ ਦੇ ਐਲਾਨ ਤੋਂ ਪਹਿਲਾਂ ਭਾਜਪਾ ਸਰਕਾਰ ਨੇ ਇੱਕ ਤੋਂ ਬਾਅਦ ਇੱਕ ਵੱਡੇ-ਵੱਡੇ ਐਲਾਨ ਕੀਤੇ ਪਰ ਇਨ੍ਹਾਂ ’ਚੋਂ ਇੱਕ ਵੀ ਐਲਾਨ ਪੂਰਾ ਨਹੀਂ ਕੀਤਾ ਕਿਉਂਕਿ ਭਾਜਪਾ ਇਨ੍ਹਾਂ ਨੂੰ ਪੂਰਾ ਨਹੀਂ ਕਰਨਾ ਚਾਹੁੰਦੀ। ਇਸ ਦਾ ਜਿਉਂਦਾ ਜਾਗਦਾ ਸਬੂਤ ਇਹ ਹੈ ਕਿ 10 ਸਾਲਾਂ ਤੋਂ ਭਾਜਪਾ ਨੇ ਲੋਕਾਂ ਨੂੰ 1100 ਰੁਪਏ ਦੇ ਸਿਲੰਡਰ ’ਤੇ ਰੋਟੀ ਬਣਾਊਣ ਲਈ ਮਜਬੂਰ ਕੀਤਾ ਪਰ ਪਿਛਲੇ ਮਹੀਨੇ 500 ਰੁਪਏ ’ਚ ਸਿਲੰਡਰ ਦੇਣ ਦਾ ਐਲਾਨ ਵੀ ਝੂਠਾ ਨਿਕਲਿਆ।
ਉਨ੍ਹਾਂ ਕਿਹਾ ਕਿ ਕੁਰੂਕਸ਼ੇਤਰ ਤੋਂ ਯਮੁਨਾਨਗਰ ਵਾਇਆ ਲਾਡਵਾ-ਰਾਦੌਰ ਤੱਕ ਚਾਰ ਮਾਰਗੀ ਕਰਨ ਦੀ ਮੰਗ 10 ਸਾਲਾਂ ਤੋਂ ਕੀਤੀ ਜਾ ਰਹੀ ਹੈ ਪਰ ਭਾਜਪਾ ਸਰਕਾਰ ਨੇ ਇੱਕ ਨਾ ਸੁਣੀ। ਹੁਣ ਜਦੋਂ ਚੋਣਾਂ ਦਾ ਐਲਾਨ ਹੋ ਗਿਆ ਹੈ ਤਾਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ ਕਿ 4 ਅਕਤੂਬਰ ਨੂੰ ਚੋਣ ਨਤੀਜੇ ਆਉਣ ਤੋਂ ਬਾਅਦ ਆਪਣੇ ਕੰਮ ਦੀ ਫਾਈਲ ਬਾਹਰ ਕੱਢ ਲੈਣ ਜੇਕਰ ਕਾਂਗਰਸ ਦੀ ਸਰਕਾਰ ਬਣੀ ਤਾਂ ਕੁਰੂਕਸ਼ੇਤਰ-ਯਮੁਨਾਨਗਰ ਨੂੰ ਚਾਰ ਮਾਰਗੀ ਬਣਾਇਆ ਜਾਵੇਗਾ ਅਤੇ ਲਾਡਵਾ ਰਾਦੌਰ ਵਿੱਚ ਬਾਈਪਾਸ ਬਣਾਇਆ ਜਾਵੇਗਾ। ਦੀਪੇਂਦਰ ਹੁੱਡਾ ਨੇ ਅੱਗੇ ਕਿਹਾ ਕਿ ਅਜਿਹਾ ਕੋਈ ਪਰਿਵਾਰ ਨਹੀਂ ਜਿਸ ਨੂੰ ਭਾਜਪਾ ਨੇ ਧੋਖਾ ਨਾ ਦਿੱਤਾ ਹੋਵੇ, ਅਜਿਹਾ ਕੋਈ ਵਰਗ ਨਹੀਂ ਜਿਸ ਨੂੰ ਭਾਜਪਾ ਨੇ ਕੁੱਟਿਆ ਨਾ ਹੋਵੇ। ਕਿਸਾਨ, ਮਜ਼ਦੂਰ, ਔਰਤਾਂ, ਮੁਲਾਜ਼ਮ, ਸਰਪੰਚ, ਖਿਡਾਰੀ ਸਮੇਤ ਕੋਈ ਵੀ ਅਜਿਹਾ ਨਹੀਂ ਬਚਿਆ ਜਿਸ ’ਤੇ ਭਾਜਪਾ ਸਰਕਾਰ ਨੇ ਲਾਠੀਚਾਰਜ ਨਾ ਕੀਤਾ ਹੋਵੇ। ਹੁਣ ਹਰਿਆਣਾ ਦੇ ਲੋਕਾਂ ਨੇ ਫੈਸਲਾ ਕਰ ਲਿਆ ਹੈ ਕਿ ‘ਅਕਤੂਬਰ ਚਾਰ, ਭਾਜਪਾ ਬਾਹਰ ਕਰਨੀ ਹੈ’। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ ’ਤੇ ਸੂਬੇ ਨੂੰ ਨਸ਼ਾ ਮੁਕਤ ਅਤੇ ਅਪਰਾਧ ਮੁਕਤ ਹਰਿਆਣਾ ਬਣਾਇਆ ਜਾਵੇਗਾ ਅਤੇ ਹਰਿਆਣਾ ਨੂੰ ਵਿਕਾਸ, ਨਿਵੇਸ਼, ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਪਹਿਲੇ ਨੰਬਰ ’ਤੇ ਬਣਾਇਆ ਜਾਵੇਗਾ।
ਇਸ ਮੌਕੇ ਵਿਧਾਇਕ ਬੀਐਲ ਸੈਣੀ, ਸਾਬਕਾ ਸੰਸਦ ਮੈਂਬਰ ਕੈਲਾਸ਼ੋ ਸੈਣੀ, ਸਾਬਕਾ ਵਿਧਾਇਕ ਲਹਿਰੀ ਸਿੰਘ, ਸਾਬਕਾ ਮੰਤਰੀ ਸੁਭਾਸ਼ ਚੌਧਰੀ, ਸਾਬਕਾ ਵਿਧਾਇਕ ਰਾਕੇਸ਼ ਕੰਬੋਜ, ਪ੍ਰੋਫੈਸਰ ਵਰਿੰਦਰ, ਜੈਦੀਪ ਧਨਖੜ ਸਮੇਤ ਯੂਥ ਕਾਂਗਰਸ, ਸੇਵਾ ਦਲ, ਮਹਿਲਾ ਕਾਂਗਰਸ, ਐਨਐਸਯੂਆਈ ਦੇ ਅਹੁਦੇਦਾਰ, ਵਰਕਰ ਅਤੇ ਵੱਡੀ ਗਿਣਤੀ ਵਿੱਚ ਸਥਾਨਕ ਲੋਕ ਹਾਜ਼ਰ ਸਨ।

Advertisement

Advertisement
Advertisement
Author Image

sukhwinder singh

View all posts

Advertisement