ਖੁਰਾਕ ਦੀ ਬਰਬਾਦੀ
ਦੁਨੀਆ ਭਰ ਵਿਚ 78 ਕਰੋੜ 30 ਲੱਖ ਲੋਕ ਭੁੱਖਮਰੀ ਨਾਲ ਜੂਝ ਰਹੇ ਹਨ ਤਾਂ ਅਜਿਹੇ ਵੇਲਿਆਂ ਵਿਚ ਇਹ ਖੁਲਾਸਾ ਸਾਡੀਆਂ ਅੱਖਾਂ ਖੋਲ੍ਹਣ ਲਈ ਕਾਫ਼ੀ ਹੈ ਕਿ ਅਸੀਂ ਆਪਣੀ ਖੁਰਾਕ ਦਾ 19 ਫ਼ੀਸਦ ਹਿੱਸਾ ਬਰਬਾਦ ਕਰ ਦਿੰਦੇ ਹਾਂ। ਸੰਯੁਕਤ ਰਾਸ਼ਟਰ ਦੀ ਸੱਜਰੀ ਰਿਪੋਰਟ ਵਿਚ ਇਸ ਕੌੜੀ ਹਕੀਕਤ ਨੂੰ ਬਿਆਨ ਕੀਤਾ ਗਿਆ ਹੈ ਕਿ ਭਰਵੇਂ ਸਾਧਨਾਂ ਦੇ ਬਾਵਜੂਦ ਅਸੀਂ ਖੁਰਾਕ ਦੀ ਵੰਡ ਦਾ ਕੁਸ਼ਲ ਤਰੀਕੇ ਨਾਲ ਪ੍ਰਬੰਧ ਕਰਨ ਤੋਂ ਅਸਮਰਥ ਹਾਂ ਜੋ ਨਾ ਕੇਵਲ ਨੈਤਿਕ ਤੌਰ ’ਤੇ ਨਿੰਦਣ ਯੋਗ ਹੈ ਸਗੋਂ ਵਾਤਾਵਰਨ ਦੇ ਲਿਹਾਜ਼ ਤੋਂ ਵੀ ਬਹੁਤ ਗ਼ੈਰ-ਹੰਢਣਸਾਰ ਹੈ। ਹਾਲਾਂਕਿ ਇਹ ਆਲਮੀ ਸੰਕਟ ਹੈ ਪਰ ਇਸ ਦਾ ਕੇਂਦਰਬਿੰਦੂ ਭਾਰਤ ਹੈ ਜਿੱਥੇ ਖੁਰਾਕ ਅਸੁਰੱਖਿਆ ਦੇ ਨਾਲ-ਨਾਲ ਖੁਰਾਕ ਦੀ ਬਰਬਾਦੀ ਵੱਡੀ ਚੁਣੌਤੀ ਬਣੀ ਰਹੀ ਹੈ। ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਿਟੀ ਆਫ ਇੰਡੀਆ (ਐੱਫਐੱਸਐੱਸਏਆਈ) ਮੁਤਾਬਕ ਭਾਰਤ ਵਿਚ ਇਕ ਤਿਹਾਈ ਖੁਰਾਕ ਬਰਬਾਦ ਹੋ ਜਾਂਦੀ ਹੈ ਜਾਂ ਇਸ ਦੀ ਖਪਤ ਤੱਕ ਇਹ ਖਾਣ ਲਾਇਕ ਨਹੀਂ ਬਚਦੀ। ਘਰਾਂ ਵਿਚ ਰੱਖੀ ਖੁਰਾਕ ਵਿਚ ਹਰ ਸਾਲ ਹਰ ਜੀਅ ਪਿੱਛੇ 50 ਕਿਲੋਗ੍ਰਾਮ ਖੁਰਾਕ ਬਰਬਾਦ ਹੁੰਦੀ ਹੈ। ਸੰਯੁਕਤ ਰਾਸ਼ਟਰ ਦੀ ਇਕ ਹੋਰ ਰਿਪੋਰਟ ਵਿਚ ਭਾਰਤ ਅੰਦਰ ਪੋਸ਼ਣ ਦੀ ਚਿੰਤਾਜਨਕ ਸਥਿਤੀ ’ਤੇ ਰੌਸ਼ਨੀ ਪਾਈ ਗਈ ਹੈ ਜਿੱਥੇ 74.1 ਫ਼ੀਸਦ ਲੋਕ ਸਿਹਤਮੰਦ ਖੁਰਾਕ ਖਰੀਦਣ ਤੋਂ ਅਸਮਰੱਥ ਹਨ।
ਖੁਰਾਕ ਦੀ ਬਰਬਾਦੀ ਦੇ ਵਾਤਾਵਰਨਕ ਪ੍ਰਭਾਵ ਵੀ ਇੰਨੇ ਹੀ ਚਿੰਤਾਜਨਕ ਹਨ ਜਿਨ੍ਹਾਂ ਵਿਚ ਖੁਰਾਕ ਅਸੁਰੱਖਿਆ ਦਾ ਵਿਸ਼ਾ ਵੀ ਆਉਂਦਾ ਹੈ। ਬਹੁਤ ਸਾਰੇ ਹੋਰਨਾਂ ਦੇਸ਼ਾਂ ਵਾਂਗ ਭਾਰਤ ਨੂੰ ਜਲਵਾਯੂ ਤਬਦੀਲੀ ਦੇ ਸੰਕਟ ਅਤੇ ਇਸ ਦੇ ਅਨਾਜ ਦੀ ਪੈਦਾਵਾਰ ਉੱਪਰ ਪੈਣ ਵਾਲੇ ਅਸਰਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਬਰਬਾਦ ਕੀਤੀ ਗਈ ਖੁਰਾਕ ਆਸੇ ਪਾਸੇ ਸੜਿਹਾਂਦ ਮਾਰਦੀ ਰਹਿੰਦੀ ਹੈ ਜਿਸ ਵਿੱਚੋਂ ਮੀਥੇਨ ਜਿਹੀਆਂ ਖ਼ਤਰਨਾਕ ਗੈਸਾਂ ਰਿਸਦੀਆਂ ਰਹਿੰਦੀਆਂ ਹਨ ਜਿਨ੍ਹਾਂ ਕਰ ਕੇ ਜਲਵਾਯੂ ਤਬਦੀਲੀ ਦਾ ਖ਼ਤਰਾ ਹੋਰ ਵਧਦਾ ਹੈ।
ਸੰਯੁਕਤ ਰਾਸ਼ਟਰ ਦੀਆਂ ਲੱਭਤਾਂ ਤੋਂ ਦੁਨੀਆ ਅੰਦਰ ਖੁਰਾਕ ਪ੍ਰਣਾਲੀਆਂ ਦੀ ਕਾਇਆਕਲਪ ਅਤੇ ਇਕਸਾਰ ਵੰਡ ਨੂੰ ਤਰਜੀਹ ਦੇਣ ਦੀ ਲੋੜ ਹੈ। ਭਾਰਤ ਜਿਹੇ ਮੁਲਕ ਜਿੱਥੇ ਕਰੋੜਾਂ ਲੋਕਾਂ ਨੂੰ ਢੁਕਵੀਂ ਖੁਰਾਕ ਨਹੀਂ ਮਿਲਦੀ, ਉੱਥੇ ਖੁਰਾਕ ਦੀ ਬਰਬਾਦੀ ਨੂੰ ਮੁਖ਼ਾਤਬਿ ਹੋਣਾ ਨੈਤਿਕ ਜਿ਼ੰਮੇਵਾਰੀ ਵੀ ਬਣਦੀ ਹੈ। ਇਸ ਸਭ ਕਾਸੇ ਲਈ ਵਿਆਪਕ ਰਣਨੀਤੀ ਦਰਕਾਰ ਹੈ ਜੋ ਨੀਤੀਗਤ ਕਦਮਾਂ, ਜਨਤਕ ਚੇਤਨਾ ਅਤੇ ਲੋਕ ਸੇਧਿਤ ਉਪਰਾਲਿਆਂ ਨੂੰ ਇਕਜੁੱਟ ਕਰਦੀ ਹੋਵੇ। ਸਰਕਾਰ ਦੇ ਪੱਧਰ ’ਤੇ ਖੁਰਾਕ ਦੀ ਬਰਬਾਦੀ ਨੂੰ ਘੱਟ ਤੋਂ ਘੱਟ ਕਰਨ ਲਈ ਸਖ਼ਤ ਕਾਨੂੰਨ ਅਤੇ ਹੰਢਣਸਾਰ ਵਿਧੀਆਂ ਨੂੰ ਹੱਲਾਸ਼ੇਰੀ ਦੇਣ ਲਈ ਪ੍ਰੇਰਕਾਂ ਜਿਹੇ ਕਦਮ ਚੁੱਕਣੇ ਜ਼ਰੂਰੀ ਹਨ। ਸਰਕਾਰੀ ਏਜੰਸੀਆਂ, ਗ਼ੈਰ-ਸਰਕਾਰੀ ਜਥੇਬੰਦੀਆਂ ਅਤੇ ਪ੍ਰਾਈਵੇਟ ਉੱਦਮਾਂ ਦਰਮਿਆਨ ਤਾਲਮੇਲ ਬਿਠਾ ਕੇ ਵਾਧੂ ਖੁਰਾਕ ਮਹਿਰੂਮ ਤਬਕਿਆਂ ਲਈ ਮੁਹੱਈਆ ਕਰਵਾਉਣ ਦੀ ਲੋੜ ਹੈ। ਵਿਅਕਤੀਗਤ ਕਾਰਜ ਰਾਹੀਂ ਖੁਰਾਕ ਦੀ ਬਰਬਾਦੀ ਰੋਕਣ ਵਿਚ ਅਹਿਮ ਭੂਮਿਕਾ ਨਿਭਾਈ ਜਾ ਸਕਦੀ ਹੈ। ਖਾਣੇ ਦੀ ਯੋਜਨਾ, ਬਚੇ ਹੋਏ ਖਾਣੇ ਦੀ ਸੁਯੋਗ ਵਰਤੋਂ ਅਤੇ ਫੂਡ ਬੈਂਕਾਂ ਜਿਹੇ ਉੱਦਮਾਂ ਦੀ ਮਦਦ ਕਰ ਕੇ ਜ਼ਮੀਨੀ ਪੱਧਰ ’ਤੇ ਖੁਰਾਕ ਦੀ ਸੰਜਮੀ ਵਰਤੋਂ ਨੂੰ ਹੱਲਾਸ਼ੇਰੀ ਦਿੱਤੀ ਜਾ ਸਕਦੀ ਹੈ। ਇਨ੍ਹਾਂ ਤੋਂ ਇਲਾਵਾ ਖੇਤੀਬਾੜੀ ਦੇ ਹੰਢਣਸਾਰ ਤੌਰ-ਤਰੀਕਿਆਂ ਨੂੰ ਅਪਣਾ ਕੇ ਇਸ ਚੁਣੌਤੀ ਨਾਲ ਸਿੱਝਿਆ ਜਾ ਸਕਦਾ ਹੈ।