ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਖਾਧ ਪਦਾਰਥਾਂ ਦੇ ਲੇਬਲ

06:17 AM May 14, 2024 IST

ਖਾਧ ਪਦਾਰਥਾਂ ਦੇ ਲੇਬਲ ਪੈਕੇਟਬੰਦ ਖਾਣ ਵਾਲੀਆਂ ਵਸਤੂਆਂ ਦੀ ਸਮੱਗਰੀ ਦਾ ਝਰੋਖਾ ਹੁੰਦੇ ਹਨ। ਉਂਝ, ਜੇ ਇਨ੍ਹਾਂ ਝਰੋਖਿਆਂ ਨਾਲ ਛੇੜਛਾੜ ਕੀਤੀ ਹੋਵੇ ਜਾਂ ਇਹ ਗੁਮਰਾਹਕੁਨ ਬਣਾ ਦਿੱਤੇ ਜਾਣ ਤਾਂ ਫਿਰ ਕੀ ਹੋਵੇਗਾ? ਇਸ ਪ੍ਰਸੰਗ ਵਿਚ ਗੁਮਰਾਹਕੁਨ ਫੂਡ ਲੇਬਲਾਂ ਪ੍ਰਤੀ ਸਰੋਕਾਰ ਜਤਾਉਂਦਿਆਂ ਭਾਰਤੀ ਮੈਡੀਕਲ ਖੋਜ ਕੌਂਸਲ (ਆਈਸੀਐਮਆਰ) ਨੇ ਖੁਰਾਕੀ ਵਸਤਾਂ ਨਮਿਤ ਸੇਧਾਂ ਜਾਰੀ ਕੀਤੀਆਂ ਹਨ ਤਾਂ ਕਿ ਖਪਤਕਾਰ ਸਿਹਤਮੰਦ ਖਾਧ ਪਦਾਰਥਾਂ ਦੀ ਤਲਾਸ਼ ਵਿਚ ਧੋਖਾ ਨਾ ਖਾਣ।
ਇਨ੍ਹਾਂ ਸੇਧਾਂ ਵਿਚ ਕਈ ‘ਸ਼ੂਗਰ ਫਰੀ’ ਉਤਪਾਦਾਂ ਦੀ ਧੋਖਾਧੜੀ ਦੀ ਮਿਸਾਲ ਵੱਲ ਇਸ਼ਾਰਾ ਕੀਤਾ ਗਿਆ ਹੈ। ਹਾਲਾਂਕਿ ਇਹ ਉਤਪਾਦ ਸ਼ੂਗਰ ਦੇ ਮਰੀਜ਼ਾਂ ਜਾਂ ਆਪਣੇ ਜਿਸਮਾਨੀ ਵਜ਼ਨ ’ਤੇ ਨਿਗਰਾਨੀ ਰੱਖਣ ਵਾਲਿਆਂ ਲਈ ਵਰਦਾਨ ਸਮਝੇ ਜਾਂਦੇ ਹਨ ਪਰ ਅਸਲ ਵਿਚ ਇਨ੍ਹਾਂ ਵਿਚ ਵਸਾ (ਫੈਟ), ਮੈਦੇ, ਮੱਕੇ ਦਾ ਆਟਾ ਅਤੇ ਗੁੱਝੇ ਮਿੱਠੇ ਦੀ ਬਹੁਤ ਜ਼ਿਆਦਾ ਮਾਤਰਾ ਹੋ ਸਕਦੀ ਹੈ ਕਿ ਇਨ੍ਹਾਂ ਕਰ ਕੇ ਇਨ੍ਹਾਂ ਉਤਪਾਦਾਂ ਦੀ ਪੋਸ਼ਕ ਬਣਤਰ ਬਿਲਕੁਲ ਹੀ ਬਦਲ ਜਾਂਦੀ ਹੈ। ਇਸੇ ਤਰ੍ਹਾਂ, ਪੈਕੇਟਬੰਦ ਜਾਂ ਡੱਬਾਬੰਦ ਫ਼ਲਾਂ ਦੇ ਜੂਸਾਂ ਵਿਚ ਫ਼ਲਾਂ ਦਾ ਗੁੱਦਾ ਦਸ ਕੁ ਫ਼ੀਸਦ ਤੱਕ ਹੁੰਦਾ ਹੈ ਅਤੇ ਬਾਕੀ ਸ਼ੂਗਰ ਅਤੇ ਹੋਰ ਮਿਸ਼ਰਣ ਮਿਲਾਏ ਜਾਂਦੇ ਹਨ। ਇਨ੍ਹਾਂ ਸੇਧਾਂ ਵਿਚ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਹੈ ਕਿ ਇਨ੍ਹਾਂ ਉਤਪਾਦਾਂ ਦੇ ਸਿਹਤ ਬਾਰੇ ਦਾਅਵਿਆਂ ਤੋਂ ਪਾਰ ਜਾ ਕੇ ਫੂਡ ਲੇਬਲਾਂ ਦੀ ਬਾਰੀਕੀ ਨਾਲ ਨਿਰਖ ਪਰਖ ਕੀਤੀ ਜਾਣੀ ਚਾਹੀਦੀ ਹੈ। ਨੈਚੁਰਲ (ਕੁਦਰਤੀ), ਹੋਲ ਗ੍ਰੇਨ (ਸਾਬਤ ਅਨਾਜ) ਅਤੇ ਜੈਵਿਕ ਹੋਣ ਜਿਹੇ ਜੁਮਲਿਆਂ ਦਾ ਇਹ ਮਤਲਬ ਨਹੀਂ ਕਿ ਇਹ ਇਨ੍ਹਾਂ ਉਤਪਾਦਾਂ ਦੀ ਗੁਣਵੱਤਾ ਵੀ ਉੱਚ ਪਾਏ ਦੀ ਹੋਵੇਗੀ। ਉਤਪਾਦ ਤਿਆਰ ਕਰਨ ਵਾਲੀਆਂ ਕੰਪਨੀਆਂ ਅਕਸਰ ਖਪਤਕਾਰਾਂ ਦੀਆਂ ਸਿਹਤਮੰਦ ਤਰਜੀਹਾਂ ਦਾ ਲਾਹਾ ਲੈਣ ਲਈ ਇਨ੍ਹਾਂ ਜੁਮਲਿਆਂ ਦੀ ਦੁਰਵਰਤੋਂ ਕਰਦੀਆਂ ਹਨ ਜਦਕਿ ਇਨ੍ਹਾਂ ਵਿਚਲੀ ਸਮੱਗਰੀ ਉਮੀਦਾਂ ’ਤੇ ਖਰੀ ਨਹੀਂ ਉਤਰਦੀ। ਆਈਸੀਐਮਆਰ ਨੇ ਲੇਬਲਾਂ ਵਿਚ ਦਰਸਾਏ ਗਏ ਪੋਸ਼ਣ ਬਾਰੇ ਦਾਅਵਿਆਂ ’ਤੇ ਵੀ ਕਿੰਤੂ ਕੀਤਾ ਹੈ। ਜਦੋਂ ਤੱਕ ਪੋਸ਼ਕ ਤੱਤਾਂ ਬਾਰੇ ਠੋਸ ਤੱਥ ਸਾਹਮਣੇ ਨਾ ਲਿਆਂਦੇ ਜਾਣ ਤਾਂ ਘੱਟ ਕੈਲਰੀਆਂ ਜਾਂ ਉਚ ਰੇਸ਼ੇ ਜਾਂ ਫਾਈਬਰ ਜਿਹੇ ਵਾਕ ਵੀ ਅਸਪੱਸ਼ਟ ਦਾਅਵੇ ਸਾਬਿਤ ਹੁੰਦੇ ਹਨ।
ਮੰਦਭਾਗੀ ਗੱਲ ਇਹ ਹੈ ਕਿ ਆਈਸੀਐਮਆਰ ਦੀਆਂ ਸੇਧਾਂ ਵਿਚ ਲੇਬਲਿੰਗ ’ਚ ਖ਼ੁਰਾਕ ਐਲਰਜੀ ਦੇ ਮਰੀਜ਼ਾਂ ਦੀਆਂ ਲੋੜਾਂ ਬਾਰੇ ਵਿਸ਼ੇਸ਼ ਤੌਰ ’ਤੇ ਕੁਝ ਨਹੀਂ ਕਿਹਾ ਗਿਆ। ਮਿਸਾਲ ਦੇ ਤੌਰ ’ਤੇ, ਗਲੂਟਨ-ਮੁਕਤ ਉਤਪਾਦਾਂ ਦੀ ਢੁਕਵੀਂ ਲੇਬਲਿੰਗ ‘ਸੀਲਿਏਕ ਰੋਗ’ ਨੂੰ ਕਾਬੂ ’ਚ ਰੱਖਣ ਅਤੇ ਮਰੀਜ਼ਾਂ ਦੀ ਤੰਦਰੁਸਤੀ ਲਈ ਅਹਿਮ ਹੈ ਕਿਉਂਕਿ ਖੁਰਾਕੀ ਵਸਤਾਂ ’ਚ ਗਲੂਟਨ ਦੀ ਥੋੜ੍ਹੀ ਜਿਹੀ ਮਿਕਦਾਰ ਵੀ ਉਨ੍ਹਾਂ ’ਤੇ ਮਾੜੇ ਅਸਰ ਪਾ ਸਕਦੀ ਹੈ। ਆਈਸੀਐਮਆਰ ਨੂੰ ਗਲੂਟਨ ਲੇਬਲਿੰਗ ਬਾਰੇ ਵੱਧ ਪਾਰਦਰਸ਼ਤਾ ਤੇ ਰੈਗੂਲੇਟਰੀ ਮਿਆਰਾਂ ਦੀ ਪਾਲਣਾ ਦੀ ਵਕਾਲਤ ਕਰਨੀ ਚਾਹੀਦੀ ਹੈ। ਖੁਰਾਕੀ ਪਦਾਰਥਾਂ ਬਾਰੇ ਗੁਮਰਾਹਕੁਨ ਜਾਣਕਾਰੀ ਖਾਣ-ਪੀਣ ਦਾ ਗਲਤ ਰੁਝਾਨ ਸ਼ੁਰੂ ਕਰ ਸਕਦੀ ਹੈ। ਇਸ ਨਾਲ ਖ਼ਪਤਕਾਰਾਂ ’ਚ ਮੋਟਾਪੇ ਤੇ ਕੁਪੋਸ਼ਣ ਜਿਹੀਆਂ ਮੁਸ਼ਕਲਾਂ ਹੋਰ ਬਦਤਰ ਹੋ ਸਕਦੀਆਂ ਹਨ। ਆਈਸੀਐਮਆਰ ਵੱਲੋਂ ਕਾਰਵਾਈ ਲਈ ਦਿੱਤਾ ਸੱਦਾ ਸਪੱਸ਼ਟ ਹੈ: ਖ਼ਪਤਕਾਰ ਆਪਣੇ ਤੇ ਆਪਣੇ ਪਰਿਵਾਰ ਲਈ ਸਿਹਤਮੰਦ ਬਦਲ ਦੀ ਚੋਣ ਕਰਦਿਆਂ ਚੌਕਸੀ ਅਤੇ ਸਮਝਦਾਰੀ ਤੋਂ ਕੰਮ ਲੈਣ।

Advertisement

Advertisement