ਖਾਧ ਪਦਾਰਥ ਅਤੇ ਸਿਹਤ
ਭਾਰਤ ਦੇ ਲੋਕਾਂ ਨੂੰ ਸਿਹਤ ਨਾਲ ਜੁੜੇ ਵੱਡੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤੀ ਮੈਡੀਕਲ ਖੋਜ ਕੌਂਸਲ ਪੋਸ਼ਣ ਬਾਰੇ ਕੌਮੀ ਸੰਸਥਾ (ਆਈਸੀਐੱਮਆਰ ਐੱਨਆਈਐੱਨ) ਦੀ ਹਾਲੀਆ ਰਿਪੋਰਟ ਮੁਤਾਬਕ ਬਿਮਾਰੀਆਂ ਦੇ ਕੁੱਲ ਬੋਝ ਦਾ 56.4 ਫ਼ੀਸਦੀ ਹਿੱਸਾ ਖਾਣ ਪੀਣ ਦੀਆਂ ਗ਼ੈਰ-ਸਿਹਤਮੰਦ ਆਦਤਾਂ ਕਰ ਕੇ ਪੈਂਦਾ ਹੈ। ਖਾਣ-ਪੀਣ ਦੀਆਂ ਇਨ੍ਹਾਂ ਗ਼ੈਰ-ਸਿਹਤਮੰਦ ਆਦਤਾਂ ਵਿੱਚ ਬਾਜ਼ਾਰ ਤਿਆਰ ਹੋਣ ਵਾਲੇ ਖਾਧ ਪਦਾਰਥਾਂ ਵਿੱਚ ਨਮਕ, ਖੰਡ ਅਤੇ ਵਸਾ ਦੀ ਜਿ਼ਆਦਾ ਮਾਤਰਾ ਦਾ ਸੇਵਨ ਬਹੁਤ ਵਧ ਗਿਆ ਹੈ। ਸ਼ਹਿਰੀ ਖੇਤਰਾਂ ਵਿਚ ਫਾਸਟ ਫੂਡ ਦੀਆਂ ਚੇਨਾਂ ਧੜਾਧੜ ਖੁੱਲ੍ਹ ਰਹੀਆਂ ਹਨ ਅਤੇ ਪੈਕਟ ਬੰਦ ਸਨੈਕਸ ਦੀ ਉਪਲਬਧਤਾ ਆਮ ਹੋ ਗਈ ਹੈ ਪਰ ਇਸ ਦੀ ਬਹੁਤ ਵੱਡੀ ਕੀਮਤ ਅਦਾ ਕਰਨੀ ਪੈ ਰਹੀ ਹੈ। ਇਸ ਦੇ ਨਾਲ ਹੀ ਮੋਬਾਈਲ ਫੋਨ ਦੀ ਬੇਤਹਾਸ਼ਾ ਵਰਤੋਂ ਕਰ ਕੇ ਇਹ ਸੰਕਟ ਹੋਰ ਵੀ ਗਹਿਰਾ ਹੋ ਗਿਆ ਹੈ ਜਿਸ ਕਰ ਕੇ ਮੋਟਾਪਾ, ਸ਼ੱਕਰ ਰੋਗ ਅਤੇ ਕਈ ਕਿਸਮ ਦੀਆਂ ਹੋਰ ਲਾਗ ਰਹਿਤ ਬਿਮਾਰੀਆਂ ਵਿਚ ਭਾਰੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ।
ਖਾਣ ਪੀਣ ਅਤੇ ਆਚਾਰ ਵਿਹਾਰ ਦੇ ਰੁਝਾਨਾਂ ਦੇ ਬਹੁਤ ਖ਼ਤਰਨਾਕ ਸਿੱਟੇ ਸਾਹਮਣੇ ਆ ਰਹੇ ਹਨ। ਇਕ ਅਨੁਮਾਨ ਮੁਤਾਬਕ ਕਰੀਬ 25 ਫ਼ੀਸਦੀ ਭਾਰਤੀ ਲੋਕਾਂ ਨੂੰ ਮੋਟਾਪੇ ਦੇ ਸ਼ਿਕਾਰ ਲੋਕਾਂ ਦੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ; ਖਾਣ-ਪੀਣ ਦੀਆਂ ਗ਼ਲਤ ਆਦਤਾਂ ਕਰ ਕੇ ਬੱਚਿਆਂ ਅਤੇ ਅੱਲੜ੍ਹ ਵਰੇਸ ਲੋਕਾਂ ਵਿਚ ਵੀ ਸਿਹਤ ਦੀਆਂ ਉਲਝਣਾਂ ਪੈਦਾ ਹੋ ਰਹੀਆਂ ਹਨ। ਆਈਸੀਐੱਮਆਰ ਐੱਨਆਈਐੱਨ ਵਲੋਂ ਜਾਰੀ ਕੀਤੀਆਂ ਸੇਧਾਂ ਵਿੱਚ ਰਵਾਇਤੀ, ਪੌਸ਼ਿਕ ਤੱਤਾਂ ਨਾਲ ਭਰਪੂਰ ਖਾਧ ਖ਼ੁਰਾਕ ਦੀ ਪੈਰਵੀ ਕੀਤੀ ਗਈ ਹੈ ਅਤੇ ਲਗਾਤਾਰ ਸਰੀਰਕ ਅਭਿਆਸ ਦੀ ਲੋੜ ਉੱਪਰ ਜ਼ੋਰ ਦਿੱਤਾ ਗਿਆ ਹੈ। ਖਾਣ-ਪੀਣ ਦੀਆਂ ਆਦਤਾਂ ਨੂੰ ਸੁਧਾਰਨ ਲਈ ਫ਼ਲਾਂ, ਸਬਜ਼ੀਆਂ, ਫਲੀਆਂ ਅਤੇ ਸਾਬਤ ਅਨਾਜਾਂ ਦੀ ਖ਼ਪਤ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਤਿਆਰ ਖ਼ੁਰਾਕੀ ਪਦਾਰਥਾਂ (ਪ੍ਰੋਸੈਸਡ ਫੂਡ) ਤੋਂ ਬਚਣ ਦਾ ਸੱਦਾ ਦੇਣਾ ਚਾਹੀਦਾ ਹੈ।
ਪੌਸ਼ਟਿਕ ਖ਼ੁਰਾਕਾਂ ਤੱਕ ਪਹੁੰਚ ਨੂੰ ਪ੍ਰਚਾਰਨ ਅਤੇ ਸਿਹਤਮੰਦ ਜੀਵਨ ਸ਼ੈਲੀ ਦੇ ਬਦਲਾਂ ਨੂੰ ਉਤਸ਼ਾਹਿਤ ਕਰਨ ਲਈ ਸਾਂਝੇ ਯਤਨਾਂ ਦੀ ਲੋੜ ਹੈ। ਅਜਿਹੀਆਂ ਨੀਤੀਆਂ ਦੀ ਲੋੜ ਹੈ ਜੋ ਖ਼ੁਰਾਕੀ ਸੁਰੱਖਿਆ ਨੂੰ ਪ੍ਰਚਾਰਨ, ਖਾਣ-ਪੀਣ ਵਾਲੀਆਂ ਵਸਤਾਂ ਦੀ ਇਸ਼ਤਿਹਾਰਬਾਜ਼ੀ ਨੂੰ ਨਿਯਮਾਂ ਦੇ ਘੇਰੇ ’ਚ ਲਿਆਉਣ ਅਤੇ ਸਿਹਤਮੰਦ ਖ਼ੁਰਾਕਾਂ ਦੇ ਉਤਪਾਦਨ ਤੇ ਖ਼ਪਤ ਨੂੰ ਹਰ ਤਰ੍ਹਾਂ ਦੀ ਛੋਟ ਦੇਣ। ਸਕੂਲਾਂ ਦੇ ਪਾਠਕ੍ਰਮ ਵਿੱਚ ਪੌਸ਼ਟਿਕ ਖ਼ੁਰਾਕ ਬਾਰੇ ਜਾਗਰੂਕਤਾ ਪ੍ਰੋਗਰਾਮ ਜੋੜੇ ਜਾਣੇ ਚਾਹੀਦੇ ਹਨ ਤਾਂ ਕਿ ਬੱਚੇ ਛੋਟੀ ਉਮਰ ਤੋਂ ਹੀ ਆਪਣੀ ਸਿਹਤ ਨੂੰ ਤਰਜੀਹ ਦੇਣ। ਨੀਤੀ ਨਿਰਧਾਰਕਾਂ, ਸਿਹਤ ਸੰਭਾਲ ਪੇਸ਼ੇਵਰਾਂ, ਸਿੱਖਿਆ ਕਰਮੀਆਂ ਤੇ ਬਾਕੀ ਸਮਾਜ ਦੇ ਸਾਂਝੇ ਯਤਨ ਇਸ ਮੁਸ਼ਕਿਲ ਨਾਲ ਨਜਿੱਠਣ ਵਿੱਚ ਸਹਾਈ ਹੋ ਸਕਦੇ ਹਨ। ਖਾਣ-ਪੀਣ ਦੀਆਂ ਸਿਹਤਮੰਦ ਆਦਤਾਂ ਦੇ ਪ੍ਰਚਾਰ-ਪ੍ਰਸਾਰ ਨੂੰ ਪਹਿਲ ਦੇ ਕੇ ਅਤੇ ਮਾੜੀ ਖ਼ੁਰਾਕੀ ਚੋਣ ਪਿਛਲੇ ਸਮਾਜਿਕ-ਆਰਥਿਕ ਕਾਰਨਾਂ ਦਾ ਹੱਲ ਲੱਭ ਕੇ ਅਸੀਂ ਲਾਗ ਰਹਿਤ ਬਿਮਾਰੀਆਂ ਨੂੰ ਜੜ੍ਹੋਂ ਪੁੱਟ ਸਕਦੇ ਹਾਂ ਤੇ ਸਾਰੇ ਭਾਰਤੀਆਂ ਲਈ ਇਕ ਸਿਹਤਮੰਦ ਭਵਿੱਖ ਦੀ ਨੀਂਹ ਰੱਖ ਸਕਦੇ ਹਾਂ। ਕਾਰਵਾਈ ਦਾ ਸਮਾਂ ਹੁਣ ਆ ਗਿਆ ਹੈ ਅਤੇ ਇਹ ਕਾਰਜ ਜਾਗਰੂਕਤਾ ਮੁਹਿੰਮਾਂ ਨਾਲ ਹੀ ਸਰ ਕੀਤਾ ਜਾ ਸਕੇਗਾ। ਇਸ ਦੇ ਨਾਲ ਹੀ ਸਰਕਾਰ ਨੂੰ ਸਿਹਤ ਦੇ ਨਾਲ-ਨਾਲ ਸਿੱਖਿਆ ਦੇ ਖੇਤਰ ਦਾ ਬਜਟ ਹੋਰ ਵਧਾਉਣ ਬਾਰੇ ਵੀ ਸੋਚਣਾ ਚਾਹੀਦਾ ਹੈ।