ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬੀਅਤ ਦੀ ਪਛਾਣ ਲੋਕ ਨਾਚ

07:34 AM Jul 07, 2023 IST

ਪੁਸਤਕ ਚਰਚਾ
ਡਾ. ਜਗੀਰ ਸਿੰਘ ਨੂਰ
ਪੰਜਾਬ ਦੇ ਲੋਕ ਨਾਚ ਪੰਜਾਬ ਅਤੇ ਪੰਜਾਬੀ ਰਹਿਤਲ ਦਾ ਸਜੀਵ ਪ੍ਰਗਟਾਵਾ ਹਨ। ਪੰਜਾਬ ਵਿੱਚੋਂ ਪ੍ਰਚਲਿਤ ਹੋਈਅਾਂ ਲੋਕ ਕਲਾਵਾਂ, ਖ਼ਾਸਕਰ ਪ੍ਰਦਰਸ਼ਿਤ ਲੋਕ ਕਲਾਵਾਂ ਵਿੱਚ ਲੋਕ ਨਾਚਾਂ ਦਾ ਵਿਸ਼ੇਸ਼ ਸਥਾਨ ਹੈ। ਲੋਕ ਨਾਚ ਸਮੂਹਿਕ ਚਰਿੱਤਰ ਦਾ ਧਾਰਨੀ ਹੁੰਦਾ ਹੈ। ਇਸ ਵਿੱਚ ਮਾਨਸਿਕ ਪੱਧਰ ’ਤੇ ਸਾਰੀ ਜਾਤੀ ਦੀ ਸ਼ਿਰਕਤ ਹੁੰਦੀ ਹੈ। ਇਹ ਸਮੇਂ, ਸਥਾਨ, ਕਰੜੇ ਨਿਯਮਾਂ ਅਤੇ ਹੋਰ ਅਨੇਕਾਂ ਪ੍ਰਕਾਰ ਦੇ ਬੰਧੇਜਾਂ ਦੇ ਮੁਥਾਜ ਨਹੀਂ ਹੁੰਦੇ।
ਡਾ. ਨਰਿੰਦਰ ਨਿੰਦੀ ਨੇ ਆਪਣੀ ਪੁਸਤਕ ‘ਪੰਜਾਬ ਦੇ ਲੋਕ ਨਾਚਾਂ ਦਾ ਸਰਵੇਖਣ’ (ਸੰਪਾਦਕ: ਸਿਮਰਤਪਾਲ ਕੌਰ; ਕੀਮਤ: 300 ਰੁਪਏ; ਯੂਨੀਸਟਾਰ ਬੁਕਸ, ਮੁਹਾਲੀ) ਵਿੱਚ ਪੰਜਾਬ ਦੇ ਲੋਕ ਨਾਚਾਂ ਦਾ ਵਿਹਾਰਕ ਜਾਂ ਪ੍ਰਦਰਸ਼ਿਤ ਅਤੇ ਦਸਤਾਵੇਜ਼ੀ ਅਨੁਭਵਾਂ ਤੋਂ ਪੰਜਾਬ ਦੇ ਰਵਾਇਤੀ ਲੋਕ ਨਾਚਾਂ ਨੂੰ ਪਛਾਣਨ ਦਾ ਉਪਰਾਲਾ ਕੀਤਾ ਹੈ। ਪੁਸਤਕ ਨੂੰ ਢੁੱਕਵਾਂ ਰੂਪ ਪ੍ਰਦਾਨ ਕਰਨ ਲਈ ਲੇਖਕ ਨੇ ਛੇ ਕਾਂਡ ਢੁੱਕਵੀਂ ਤਰਤੀਬ ਵਿੱਚ ਪਾਠਕਾਂ ਦੇ ਸਨਮੁਖ ਕੀਤੇ ਹਨ। ਸਭ ਤੋਂ ਪਹਿਲਾਂ ਲੇਖਕ ਨੇ ਪੰਜਾਬ ਦੇ ਲੋਕ ਨਾਚਾਂ ਦੇ ਉਦਗਮ ਅਤੇ ਵਿਕਾਸ ਨੂੰ ਪੇਸ਼ ਕਰਨ ਲਈ ਪ੍ਰਾਚੀਨ ਕਾਲ ਵਿੱਚ ਪ੍ਰਚਲਿਤ ਹੋਈਅਾਂ ਸਭਿਅਤਾਵਾਂ ਨੂੰ ਘੋਖ ਕੇ ਉਨ੍ਹਾਂ ਵਿੱਚੋਂ ਇਸ ਦੇ ਪਛਾਣ ਚਿੰਨ੍ਹ ਪਛਾਣੇ ਹਨ। ਦੂਸਰੇ ਅਧਿਆਇ ‘ਪੁਰਾਤਨ ਪੰਜਾਬ ਦੇ ਲੋਕ ਨਾਚਾਂ ਦਾ ਵਿਵਰਣ’ ਦੇ ਅੰਤਰਗਤ ਭੰਗੜਾ, ਗਿੱਧਾ, ਕਿੱਕਲੀ, ਝੂਮਰ, ਲੁੱਡੀ, ਧਮਾਲ, ਲੱਲੀ, ਡੰਡਾਸ ਅਤੇ ਸੰਮੀ ਆਦਿ ਲੋਕ ਨਾਚਾਂ ਬਾਰੇ ਸੰਖੇਪ, ਪਰ ਭਾਵਪੂਰਤ ਜਾਣਕਾਰੀ ਦਿੱਤੀ ਹੈ। ਤੀਸਰੇ ਅਧਿਆਇ ‘ਪੁਰਾਤਨ ਪੰਜਾਬ ਦੇ ਕੁਝ ਹੋਰ ਲੋਕ ਨਾਚ’ ਵਿਚ ਲੇਖਕ ਨੇ ਅੌਰਤਾਂ ਅਤੇ ਮਰਦਾਂ ਦੇ ਲੋਕ ਨਾਚਾਂ ਨੂੰ ਦੋ ਸ਼੍ਰੇਣੀਅਾਂ ਵਿੱਚ ਰੱਖ ਕੇ ਉਨ੍ਹਾਂ ਦਾ ਸੰਖੇਪ ਬਿਓਰਾ ਦਿੱਤਾ ਹੈ। ਇਹ ਲੋਕ ਨਾਚ ਅੌਰਤਾਂ ਵੱਲੋਂ ਪਰੰਪਰਾਗਤ ਰੂਪ ਵਿੱਚ ਕਦੇ ਨਾ ਕਦੇ ਕਿਸੇ ਸਮੇਂ ਨੱਚੇ ਜਾਣ ਵਾਲੇ ਹੁੰਦੇ ਸਨ ਜਿਨ੍ਹਾਂ ਦਾ ਨਾਮ ਖੱਲਾ, ਫਰੂਹਾ, ਘੂੰਮਰ, ਸਪੇਰਾ ਨਾਚ, ਹੁੱਲੇ ਨਾਚ, ਜਾਗਰਨ, ਬਾਲੋ ਅਤੇ ਬਾਗੜੀ ਹੈ। ਇਸੇ ਤਰ੍ਹਾਂ ਮਰਦਾਵੇਂ ਲੋਕ ਨਾਚਾਂ ਵਿੱਚ ਅਖਾੜਾ ਜਾਂ ਭਲਵਾਨੀ, ਫੁੰਮਣੀਅਾਂ, ਹਿੱਬੋ, ਬਾਘਾ, ਮਰਦਾਵਾਂ ਗਿੱਧਾ, ਹੇਮੜੀ, ਗਤਕਾ, ਲੰਗੂਰ ਨਾਚ, ਜੰਗਮ ਅਤੇ ਗੁੱਗਾ ਆਦਿ ਨਾਚਾਂ ਦਾ ਵੀ ਸੰਖੇਪ, ਭਾਵੇਂ ਕੁਝ ਸਤਰਾਂ ਵਿੱਚ ਹੀ, ਵੇਰਵਾ ਦਿੱਤਾ ਹੈ।
ਪੁਸਤਕ ਦੀ ਹੋਰ ਪ੍ਰਾਪਤੀ ਹੈ ਕਿ ਲੇਖਕ ਨੇ ਪੁਸਤਕ ਵਿੱਚ ਲੋਕ ਨਾਚਾਂ ਦੇ ਖੇਤਰ ਵਿੱਚ ਕਾਰਜਸ਼ੀਲ ਸੰਸਥਾਵਾਂ ਅਤੇ ਵਿਅਕਤੀਆਂ ਦਾ ਜ਼ਿਕਰ ਵੀ ਬੜੇ ਸ਼ਰਧਾਮੂਲਕ ਭਾਵ ਤਹਿਤ ਕੀਤਾ ਹੈ। ਲੇਖਕ ਦੀ ਇਹ ਘਾਲਣਾ ਸਲਾਹੁਣਯੋਗ ਹੈ, ਪਰ ਇਸ ਨੂੰ ਪੰਜਾਬ ਦੇ ਲੋਕ ਨਾਚਾਂ ਬਾਰੇ ਦੀਰਘ ਖੋਜ ਕਾਰਜਾਂ ਨੂੰ ਵੀ ਅਧਿਐਨ ਦਾ ਵਿਸ਼ਾ ਬਣਾਉਣਾ ਅਜੇ ਬਾਕੀ ਹੈ।
ਪੁਸਤਕ ਵਿੱਚ ਹਰ ਲੋਕ ਨਾਚ ਬਾਰੇ ਦਿੱੱਤੇ ਲੋਕ ਗੀਤ ਜਾਂ ਲੋਕ ਬੋਲੀਅਾਂ ਲੇਖਕ ਦੀ ਪ੍ਰਤਿਭਾ ਦਾ ਹਾਸਲ ਹਨ। ਇਨ੍ਹਾਂ ਵਿੱਚੋਂ ਝਲਕਦੀ ਪੰਜਾਬੀਅਤ ਦੀ ਪਛਾਣ ਪੰਜਾਬੀਅਾਂ ਨੂੰ ਭੁੱਲਣੀ ਨਹੀਂ ਚਾਹੀਦੀ। ਪੰਜਾਬ ਦੇ ਲੋਕ ਨਾਚ ਮਹਿਜ਼ ਮਨੋਰੰਜਨ ਦਾ ਸਾਧਨ ਹੀ ਨਹੀਂ ਹਨ ਸਗੋਂ ਇਨ੍ਹਾਂ ਦੀ ਪੇਸ਼ਕਾਰੀ ਵਿੱਚੋਂ ਸੂਰਬੀਰਤਾ, ਸਮਾਜਿਕਤਾ, ਆਰਥਿਕਤਾ ਦਾ ਸਰੂਪ ਵੀ ਪ੍ਰਗਟ ਹੁੰਦਾ ਹੈ।
ਸੰਪਰਕ: 98142-09732

Advertisement

Advertisement
Tags :
ਪਛਾਣਪੰਜਾਬੀਅਤ