ਲੋਕ ਕਲਾਕਾਰ ਭਜਨ ਲਾਲ ਜੈਲਾ ਕਬਾੜ ਦੀ ਫੇਰੀ ਲਾਉਣ ਲਈ ਮਜਬੂਰ
ਤੂੰਬੇ ਅਲਗੋਜ਼ੇ ਦੀ ਗਾਇਕੀ ਦੇ ਖੇਤਰ ਵਿਚ ਵਿਰਲੇ ਹੀ ਅਜਿਹੇ ਗਾਇਕ ਹਨ ਜੋ ਗਾਇਕੀ ਦੇ ਨਾਲ-ਨਾਲ ਤੂੰਬਾ ਵਾਦਕ, ਜੋੜੀ (ਅਲਗੋਜ਼ੇ) ਵਾਦਕ, ਢੋਲਕ ਵਾਦਕ ਵੀ ਹੋਣ। ਇਨ੍ਹਾਂ ਵਿਰਲਿਆਂ ਵਿਚੋਂ ਹੀ ਇਕ ਹੈ ਭਜਨ ਲਾਲ ਜੈਲਾ ਜੋ ਗਾਇਕ, ਕਿੰਗ ਵਾਦਕ, ਜੋੜੀ ਵਾਦਕ, ਢੋਲਕ, ਘੜਾ ਅਤੇ ਚਿਮਟਾ ਵਾਦਕ ਹੈ, ਭਾਵ ਬਹੁਪੱਖੀ ਕਲਾਕਾਰ ਹੈ।
ਭਜਨ ਲਾਲ ਦਾ ਜਨਮ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਢਿੱਲਵਾਂ ਵਿਖੇ 8 ਨਵੰਬਰ 1959 ਨੂੰ ਪਿਤਾ ਜੈਲਾ ਰਾਮ ਤੇ ਮਾਤਾ ਨੂਰਾਂ ਦੇਵੀ ਦੇ ਘਰ ਹੋਇਆ। ਇਹ ਨਰਸੋਤ ਗੋਤ ਦੇ ਬਾਜ਼ੀਗਰ ਹਨ। ਉਸ ਦੇ ਦਾਦੇ ਦਾ ਨਾਂ ਸਾਈਂ ਚੀਨਾ ਰਾਮ ਸੀ। ਇਨ੍ਹਾਂ ਦਾ ਪਿਛੋਕੜ ਸਾਂਝੇ ਪੰਜਾਬ ਦੇ ਜ਼ਿਲ੍ਹੇ ਲਾਇਲਪੁਰ (ਹੁਣ ਫੈਸਲਾਬਾਦ) ਦੇ ਪਿੰਡ ਰਾਮ ਦੀਵਾਲੀ ਦਾ ਹੈ, ਜਿੱਥੋਂ ਜੈਲਾ ਰਾਮ ਦੇਸ਼ ਵੰਡ ਸਮੇਂ ਭਾਈਚਾਰੇ ਦੇ ਬਾਕੀ ਪਰਿਵਾਰਾਂ ਨਾਲ ਏਧਰ ਆ ਗਿਆ ਸੀ। ਭਜਨ ਲਾਲ ਸਕੂਲ ਗਿਆ ਤਾਂ ਸੀ ਪਰ ਊੜੇ ਐੜੇ ਤੋਂ ਅੱਗੇ ਨਹੀਂ ਪੜ੍ਹ ਸਕਿਆ। ਭਜਨ ਲਾਲ ਨੂੰ ਗੁੜਤੀ ਹੀ ਸੰਗੀਤ ਦੀ ਮਿਲੀ ਕਿਉਂਕਿ ਪਿਤਾ ਜੈਲਾ ਰਾਮ ਇੱਕ ਵਧੀਆ ਗਾਇਕ ਸੀ। ਇਸ ਕਾਰਨ ਭਜਨ ਲਾਲ ਦੀ ਰੁਚੀ ਬਚਪਨ ਤੋਂ ਹੀ ਗਾਇਕੀ ਵੱਲ ਹੋ ਗਈ। 9-10 ਸਾਲ ਦੀ ਉਮਰ ਵਿਚ ਹੀ ਉਸ ਨੇ ਆਪਣੇ ਪਿਤਾ ਤੋਂ ਕਿੰਗ ਵਜਾਉਣੀ ਸਿੱਖ ਲਈ। ਥੋੜ੍ਹਾ ਵੱਡਾ ਹੋਣ ’ਤੇ ਆਪਣੇ ਪਿਤਾ ਦੇ ਸਾਥੀ ਪ੍ਰਸਿੱਧ ਅਲਗੋਜ਼ਾ ਵਾਦਕ ਉਸਤਾਦ ਮੰਗਲ ਸੁਨਾਮੀ ਤੋਂ ਅਲਗੋਜ਼ੇ ਵਜਾਉਣੇ ਸਿੱਖੇ। ਸੁਰਾਂ ਦੇ ਨਾਲ ਨਾਲ ਤਾਲ ’ਚ ਪਰਿਪੱਕ ਹੋਣ ਲਈ ਆਪਣੇ ਪਿਓ ਨਾਲ ਘੜਾ ਵਜਾਉਣ ਵਾਲੇ ਚਿੜੀਆ ਰਾਮ ਤੋਂ ਢੋਲਕ ਵਜਾਉਣੀ ਵੀ ਉਹ ਜਲਦੀ ਸਿੱਖ ਗਿਆ। ਗਾਇਕੀ ’ਚ ਭਜਨ ਲਾਲ ਦਾ ਉਸਤਾਦ ਉਸ ਦਾ ਪਿਤਾ ਜੈਲਾ ਰਾਮ ਹੈ। ਇਨ੍ਹਾਂ ਦੀ ਗਾਇਨ ਸ਼ੈਲੀ ਪੱਛਮੀ ਪੰਜਾਬ ਭਾਵ ਨਵਾਬ ਘੁਮਾਰ ਇਨਾਇਤਕੋਟੀਏ ਵਾਲੀ ਹੀ ਹੈ।
ਇਸ ਤਰ੍ਹਾਂ ਗਾਇਨ ਅਤੇ ਵਾਦਨ ਵਿਚ ਲਗਾਤਾਰ ਮਿਹਨਤ ਕਰਨ ਨਾਲ ਭਜਨ ਲਾਲ ਦਾ ਸਵੈ-ਵਿਸ਼ਵਾਸ ਵਧਦਾ ਗਿਆ। ਹੁਣ ਉਸ ਨੇ ਆਪਣੇ ਪਿਤਾ ਨਾਲ ਢੋਲਕ ’ਤੇ ਸਾਥ ਦੇਣਾ ਸ਼ੁਰੂ ਕਰ ਦਿੱਤਾ। ਆਪਣੇ ਪਿਤਾ ਨੂੰ ਦੇਖ ਦੇਖ ਕੇ ਉਸ ਨੂੰ ਅਖਾੜੇ ਵਿਚ ਖੜ੍ਹਨ, ਬੋਲਣ ਅਤੇ ਗਾਉਣ ਦੇ ਤੌਰ ਤਰੀਕਿਆਂ ਬਾਰੇ ਪਤਾ ਲੱਗਦਾ ਗਿਆ। ਇਸ ਦੇ ਨਾਲ ਨਾਲ ਉਸ ਨੇ ਬਹੁਤ ਸਾਰਾ ‘ਗੌਣ’ ਵੀ ਕੰਠ ਕਰ ਲਿਆ। 1977 ਵਿਚ ਅਠਾਰਾਂ ਕੁ ਸਾਲ ਦੀ ਉਮਰ ਵਿਚ ਭਜਨ ਲਾਲ ਨੂੰ ਚਮਕੌਰ ਸਾਹਿਬ ਵਿਖੇ ਪੀਰ ਦੀ ਯਾਦ ਵਿਚ ਲੱਗੇ ਮੇਲੇ ਦੇ ਅਖਾੜੇ ਵਿਚ ਪਹਿਲੀ ਵਾਰ ਆਪਣੇ ਤੌਰ ’ਤੇ ਗਾਉਣ ਦਾ ਮੌਕਾ ਮਿਲਿਆ। ਉਸ ਦੇ ਸਾਜ਼ੀਆਂ ਵਿਚ ਸਵਰਨ ਸਿੰਘ ‘ਮਾਹੀ’ ਮਾਣੇਵਾਲ ਅਲਗੋਜ਼ਿਆਂ ’ਤੇ ਅਤੇ ਛੋਟਾ ਭਰਾ ਅਮਰੀਕ ਢੋਲਕ ’ਤੇ ਸ਼ਾਮਲ ਸਨ। ਇਸ ਤੋਂ ਬਾਅਦ ਚੱਲ ਸੋ ਚੱਲ। ਫਿਰ ਉਸ ਨੇ ਪਿੱਛੇ ਮੁੜਕੇ ਨਹੀਂ ਦੇਖਿਆ। ਸੱਭਿਆਚਾਰਕ ਮੇਲਿਆਂ ਅਤੇ ਪੀਰਾਂ ਫ਼ਕੀਰਾਂ ਦੀ ਯਾਦ ਵਿਚ ਜੁੜਦੇ ਮੇਲਿਆਂ ’ਤੇ ਆਮ ਹੀ ਇਨ੍ਹਾਂ ਨੂੰ ਬੁਲਾਇਆ ਜਾਣ ਲੱਗਾ। ਭਜਨ ਲਾਲ ਨੂੰ ਬਹੁਤ ਸਾਰੇ ਲੜੀਬੱਧ ‘ਗੌਣ’ ਕੰਠ ਹਨ। ਉਹ ਇਕ ਇਕ ਗਾਥਾ ਨੂੰ ਘੰਟਿਆਂ ਬੱਧੀ ਲਗਾਤਾਰ ਗਾਉਣ ਦੇ ਸਮਰੱਥ ਹੈ। ਇਨ੍ਹਾਂ ਗਾਥਾਵਾਂ ਵਿਚ ਹਰੀਸ਼ ਚੰਦਰ, ਲਛਮਣ ਜਤੀ, ਪੂਰਨ, ਦਹੂਦ, ਵੀਰ ਜੋਧ, ਜੈਮੱਲ ਫੱਤਾ, ਦੁੱਲਾ, ਸ਼ਾਹ ਬਹਿਰਾਮ, ਮਿਰਜ਼ਾ, ਸੱਸੀ, ਹੀਰ, ਢੋਲ ਸੰਮੀ ਆਦਿ ਸ਼ਾਮਲ ਹਨ। ਆਪਣੇ ਪਿਤਾ ਦੇ ਨਾਂ ਨੂੰ ਆਪਣੇ ਨਾਂ ਨਾਲ ਜੋੜ ਕੇ ਉਹ ਭਜਨ ਲਾਲ ਜੈਲਾ ਬਣ ਗਿਆ।
ਸਾਲ 1995 ਤੋਂ ਭਜਨ ਲਾਲ ਆਲ ਇੰਡੀਆ ਰੇਡੀਓ ਦੇ ਜਲੰਧਰ ਕੇਂਦਰ ਦਾ ਬੀ ਹਾਈ ਗਰੇਡ ਵਿਚ ਰਜਿਸਟਰਡ ਕਲਾਕਾਰ ਹੈ। ਰੇਡੀਓ ਵਾਲਿਆਂ ਨੇ ਪਹਿਲੀ ਵਾਰ ਉਸ ਦੀਆਂ ਪੰਜ ਲੋਕ ਗਾਥਾਵਾਂ ਰਿਕਾਰਡ ਕੀਤੀਆਂ ਜਿਨ੍ਹਾਂ ਵਿਚ ਪੂਰਨ, ਦਹੂਦ, ਜੈਮੱਲ ਫੱਤਾ, ਦੁੱਲਾ ਤੇ ਮਿਰਜ਼ਾ ਸ਼ਾਮਲ ਸਨ। ਸਾਜ਼ੀ ਸਨ ਸਵਰਨ ਮਾਹੀ ਅਲਗੋਜ਼ਾ ਵਾਦਕ, ਧਰਮ ਚੰਦ ਢੋਲਕ ਵਾਦਕ ਅਤੇ ਦਾਰਾ ਰਾਮ ਚਿਮਟਾ ਵਾਦਕ। ਉਸ ਤੋਂ ਬਾਅਦ ਲਗਾਤਾਰ ਸਾਲ ਵਿਚ ਇੱਕ ਵਾਰ ਉਸ ਨੂੰ ਰੇਡੀਓ ’ਤੇ ਗਾਉਣ ਦਾ ਮੌਕਾ ਮਿਲ ਰਿਹਾ ਹੈ।
ਭਜਨ ਲਾਲ ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ ਦਾ ਵੀ ਰਜਿਸਟਰਡ ਕਲਾਕਾਰ ਹੈ। ਉਹ ਢਾਈ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਇਸ ਕੇਂਦਰ ਨਾਲ ਜੁੜਿਆ ਹੋਇਆ ਹੈ। ਇਸ ਕੇਂਦਰ ਰਾਹੀਂ ਵੱਖ ਵੱਖ ਟੀਮਾਂ ਨਾਲ ਬਤੌਰ ਅਲਗੋਜ਼ਾ ਵਾਦਕ ਉਹ ਪੂਰਾ ਭਾਰਤ ਘੁੰਮ ਚੁੱਕਿਆ ਹੈ। ਜੰਮੂ ਕਸ਼ਮੀਰ ਤੋਂ ਲੈ ਕੇ ਅੰਡੇਮਾਨ ਨਿਕੋਬਾਰ ਟਾਪੂਆਂ ਤੱਕ ਅਤੇ ਗੁਜਰਾਤ ਤੋਂ ਲੈ ਕੇ ਧੁਰ ਅਰੁਣਾਚਲ ਪ੍ਰਦੇਸ਼ ਤੱਕ ਆਪਣੇ ਅਲਗੋਜ਼ਿਆਂ ਦੀਆਂ ਸੁਰਾਂ ਬਿਖੇਰ ਆਇਆ ਹੈ। ਉਸ ਦਾ ਇਹ ਸਫ਼ਰ ਅਜੇ ਜਾਰੀ ਹੈ। ਭਜਨ ਲਾਲ ਹੁਰਾਂ ਵੱਲੋਂ ਗਾਈਆਂ ਜਾਣ ਵਾਲੀਆ ਗਾਥਾਵਾਂ ਵਿਚੋਂ ਕੁੱਝ ਇਕ ਨਮੂਨੇ ਹਨ:
- ਰਾਜਿਆ ਚੰਨ ਸੂਰਜ ਸੀ ਉੱਗਿਆ,
ਪੂਰਨ ਮਹਿਲੀਂ ਵੜਿਆ ਆ।
ਤੇਰੇ ਭੁਲੇਖੇ ਰਾਜਿਆ, ਮੈਂ ਦਿੱਤੀ ਸੇਜ਼ ਵਿਛਾ।
ਪੂਰਨ ਲਾਹ ਕੇ ਪੈਰੋਂ ਪੌਲੀਆਂ, ਚੜਿ੍ਹਆ ਸੇਜ ’ਤੇ ਆ।
ਮੈਂ ਪੁੱਤਰ ਪੁੱਤਰ ਕੂਕਦੀ, ਨਹੀਂ ਕੀਤਾ ਸ਼ਰਮ ਹਯਾ।
ਜੇਕਰ ਏਹਨੂੰ ਨਾ ਮਾਰੇਂ, ਮੈਂ ਭੈਣ ਤੇ ਤੂੰ ਭਰਾ। - ਜਾਂਦੇ ਪੂਰਨ ਸਾਧ ਦਾ, ਇੱਛਰਾਂ ਮੱਲ ਖੜੋਤੀ ਰਾਹ।
ਜ਼ਰਾ ਕੁ ਠਹਿਰੀਂ ਪੂਰਨਾ, ਵੇ ਮੈਂ ਮਿਲਨੇ ਆ ਗਈ ਮਾਂ।
ਤੇਰੀ ਬਾਂਹ ਸੀ ਹੱਥ ਭਗਵਾਨ ਦੇ, ਤੂੰ ਜਾਹ ਖਾਂ ਬੇਟਾ ਜਾਹ।
ਸ਼ੇਰ ਦੇ ਮੂੰਹ ਵਿਚ ਬੱਕਰੀ, ਮੈਂ ਕੀਕਣ ਲਵਾਂ ਛੁਡਾ।
ਮਾਤਾ ਲਿਖੀ ਸੱਚੇ ਰੱਬ ਦੀ, ਮਿਟਾਵਣ ਵਾਲਾ ਕੌਣ।
ਜੀਹਨੂੰ ਆਪ ਲਿਜਾਂਵਦਾ, ਮਾਤਾ ਰੱਖਣ ਵਾਲਾ ਕੌਣ।
ਸਾਲ 1977 ਵਿਚ ਭਜਨ ਲਾਲ ਦਾ ਵਿਆਹ ਸਮਰਾਲਾ ਨਿਵਾਸੀ ਅਰਜਨ ਰਾਮ ਦੀ ਪੁੱਤਰੀ ਸ਼ੀਲਾ ਰਾਣੀ ਨਾਲ ਹੋ ਗਿਆ। ਉਸ ਦੇ ਤਿੰਨ ਪੁੱਤਰ ਅਤੇ ਦੋ ਧੀਆਂ ਹਨ। ਪੁੱਤਰਾਂ ਵਿਚੋਂ ਕੋਈ ਵੀ ਉਸ ਦੇ ਨਕਸ਼ੇ ਕਦਮਾਂ ’ਤੇ ਨਹੀਂ ਤੁਰਿਆ। ਉਹ ਆਪਣੀ ਕਬੀਲਦਾਰੀ ਤੋਰਨ ਲਈ ਮਿਹਨਤ ਮਜ਼ਦੂਰੀ ਕਰ ਰਹੇ ਹਨ। ਉਸ ਦਾ ਇਕ ਪੋਤਰਾ ਸਨੀ ਅਲਗੋਜ਼ੇ ਵਜਾਉਣ ਦਾ ਸ਼ੌਕ ਰੱਖਦਾ ਹੈ। ਉਸ ਦੇ ਚੰਗਾ ਅਲਗੋਜ਼ਾ ਵਾਦਕ ਬਣਨ ਦੀ ਉਮੀਦ ਹੈ। ਭਜਨ ਲਾਲ ਅੱਜਕੱਲ੍ਹ ਪਰਿਵਾਰ ਸਮੇਤ ਸਮਰਾਲੇ ਰਹਿ ਰਿਹਾ ਹੈ। ਪਿਛਲੇ ਪੰਜ ਦਹਾਕਿਆਂ ਤੋਂ ਭਜਨ ਲਾਲ ਸੰਗੀਤ ਨਾਲ ਬਤੌਰ ਗਵੰਤਰੀ ਤੇ ਵਜੰਤਰੀ ਜੁੜਿਆ ਹੋਇਆ ਹੈ। ਇਸ ਦੇ ਬਾਵਜੂਦ ਉਸ ਦੀ ਆਰਥਿਕ ਹਾਲਤ ਬਹੁਤੀ ਚੰਗੀ ਨਹੀਂ। ਜਦੋਂ ਕਈ ਕਈ ਦਿਨ ਕੋਈ ਪ੍ਰੋਗਰਾਮ ਨਹੀਂ ਮਿਲਦਾ, ਫਿਰ ਉਸ ਨੂੰ ਪਿੰਡਾਂ ਵਿਚੋਂ ਕਬਾੜ ਦੀ ਫੇਰੀ ਲਾਉਣੀ ਪੈਂਦੀ ਹੈ। ਇੱਕ ਕਲਾਕਾਰ ਟੀਨ ਡੱਬੇ, ਟੁੱਟਿਆ ਫੁੱਟਿਆ ਪਲਾਸਟਿਕ ਅਤੇ ਖਾਲੀ ਬੋਤਲਾਂ ਖ਼ਰੀਦਦਾ ਹੈ। ਸਾਡੀਆਂ ਸਰਕਾਰੀ ਤੇ ਗ਼ੈਰ ਸਰਕਾਰੀ ਸੰਸਥਾਵਾਂ ਜੋ ਬੋਲੀ ਅਤੇ ਸੱਭਿਆਚਾਰ ਦੀ ਸੰਭਾਲ ਦੇ ਦਮਗਜ਼ੇ ਮਾਰਦੀਆਂ ਹਨ, ਨੂੰ ਅਜਿਹੇ ਲੋਕ ਕਲਾਕਾਰਾਂ ਦੀ ਮਦਦ ਕਰਨੀ ਚਾਹੀਦੀ ਹੈ। ਇਨ੍ਹਾਂ ਨੂੰ ਪੈਨਸ਼ਨ ਲਾਉਣੀ ਚਾਹੀਦੀ ਹੈ ਤਾਂ ਕਿ ਇਨ੍ਹਾਂ ਦਾ ਬੁਢਾਪਾ ਸੌਖਾ ਲੰਘ ਸਕੇ।
ਸੰਪਰਕ: 84271-00341