ਹੜ੍ਹ ਪੀੜਤ ਪਿੰਡਾਂ ਲਈ ਚਾਰੇ ਦੀਆਂ ਟਰਾਲੀਆਂ ਭੇਜੀਆਂ
ਪੱਤਰ ਪ੍ਰੇਰਕ
ਦੇਵੀਗੜ੍ਹ, 19 ਜੁਲਾਈ
ਇੱਥੇ ਦੇਵੀਗੜ੍ਹ ਦੇ ਨਾਲ ਵਗਦੀ ਟਾਂਗਰੀ ਨਦੀ ਨੇ ਇਸ ਵਾਰ ਹਲਕੇ ਦੇ ਪਿੰਡਾਂ ਦੀ ਭਾਰੀ ਤਬਾਹੀ ਕੀਤੀ ਹੈ। ਜਿਸ ਨਾਲ ਜਿੱਥੇ ਝੋਨੇ ਦੀ ਫਸਲ ਤਬਾਹ ਹੋ ਗਈ ਹੈ, ਉੱਥੇ ਹੀ ਚਰੀਆਂ ਅਤੇ ਤੂੜੀਆਂ ਦਾ ਵੀ ਭਾਰੀ ਨੁਕਸਾਨ ਹੋਇਆਂ ਹੈ। ਇਸ ਭਰਪਾਈ ਲਈ ਹੁਣ ਜਿੱਥੇ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਕਿਸਾਨਾਂ ਲਈ ਪਿੰਡ ਪਿੰਡ ਜਾ ਕੇ ਹਰਾ ਚਾਰਾ ਅਤੇ ਤੂੜੀਆਂ ਵੰਡ ਰਹੀਆਂ ਹਨ, ਉੱਥੇ ਹੀ ਪ੍ਰੇਮ ਸਿੰਘ ਚੰਦੂਮਾਜਰਾ ਪਰਿਵਾਰ ਵੱਲੋਂ ਵੀ ਹਲਕਾ ਸਨੌਰ ਵਿੱਚ ਹਰਾ ਚਾਰਾ ਅਤੇ ਸੁੱਕਾ ਚਾਰਾ ਵੰਡਿਆ ਜਾ ਰਿਹਾ ਹੈ। ਇਸੇ ਦੌਰਾਨ ਸਿਮਰਜੀਤ ਸਿੰਘ ਚੰਦੂਮਾਜਰਾ ਨੇ ਦੇਵੀਗੜ੍ਹ ਵਿੱਚ ਇਲਾਕੇ ਵਿਚੋਂ ਹਰੇ ਅਤੇ ਸੁੱਕੇ ਚਾਰੇ ਦੀਆਂ ਟਰਾਲੀਆਂ ਮੰਗਵਾ ਕੇ ਹੜ੍ਹ ਤੋਂ ਪ੍ਰਭਾਵਿਤ ਪਿੰਡਾਂ ਨੂੰ ਭੇਜੀਆਂ ਹਨ। ਸ੍ਰੀ ਚੰਦੂਮਾਜਰਾ ਨੇ ਕਿਹਾ ਕਿ ਜਿੱਥੇ ਹਰਾ ਚਾਰਾ ਅਤੇ ਸੁੱਕਾ ਚਾਰਾ ਭੇਜਿਆ ਜਾ ਰਿਹਾ ਹੈ, ਉੱਥੇ ਹੀ ਲੋੜਵੰਦ ਲੋਕਾਂ ਲਈ ਰਾਸ਼ਨ ਜਿਸ ਵਿੱਚ ਪਾਣੀ, ਬਰੈੱਡ, ਸੁੱਕਾ ਦੁੱਧ, ਮੋਮਬੱਤੀਆਂ, ਪੱਤੀ ਆਦਿ ਵੀ ਭੇਜਿਆ ਜਾ ਰਿਹਾ ਹੈ। ਇਸ ਮੌਕੇ ਜਰਨੈਲ ਸਿੰਘ ਕਰਤਾਰਪੁਰ ਮੈਂਬਰ ਐਸਜੀਪੀਸੀ, ਜਗਜੀਤ ਸਿੰਘ ਕੋਹਲੀ, ਗੁਰਦੀਪ ਸਿੰਘ ਦੇਵੀਨਗਰ, ਤਰਸੇਮ ਸਿੰਘ ਕੋਟਲਾ, ਸ਼ਾਨਵੀਰ ਸਿੰਘ ਬ੍ਰਹਮਪੁਰ ਮੌਜੂਦ ਸਨ।
ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਰਾਸ਼ਨ ਵੰਡਿਆ
ਮੂਨਕ (ਪੱਤਰ ਪ੍ਰੇਰਕ): ੲਿੱਥੇ ਐਨਜੀਓ ਦੇ ਸਹਿਯੋਗ ਨਾਲ ਕੋਰਟ ਕੰਪਲੈਕਸ ਵਿੱਚ ਹੜ੍ਹ ਪੀੜਤਾਂ ਨੂੰ ਰਾਸ਼ਨ ਵੰਡਿਆ ਗਿਆ। ਸਬ ਡਿਵੀਜ਼ਨ ਲੀਗਲ ਸਰਵਿਸ ਅਥਾਰਟੀ ਮੂਨਕ ਵੱਲੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਪਰਸਨ ਸਬ ਡਿਵੀਜ਼ਨ ਮੂਨਕ ਦੇ ਜੱਜ ਮੈਡਮ ਇੰਦੂ ਬਾਲਾ ਦੀ ਅਗਵਾਈ ਹੇਠ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ ਮਨਜਿੰਦਰ ਸਿੰਘ ਮੈਂਬਰ ਸੈਕਟਰੀ ਪੰਜਾਬ ਲੀਗਲ ਸਰਵਿਸ ਅਥਾਰਟੀ, ਆਰਐੱਸ ਰਾਇ ਚੇਅਰਮੈਨ ਡਿਸਟ੍ਰਿਕਟ ਲੀਗਲ ਅਥਾਰਟੀ ਸੰਗਰੂਰ, ਕੇਐੱਸ ਕਾਲੇਕਾ ਸੈਕਟਰੀ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਸੰਗਰੂਰ, ਗੁਰਵਿੰਦਰਪਾਲ ਸਿੰਘ ਸਿਵਲ ਜੁਡੀਸ਼ਲ ਮੈਜਿਸਟਰੇਟ ਫਸਟ ਕਲਾਸ ਮੂਨਕ, ਐੱਸਡੀਐੱਮ ਸੂਬਾ ਸਿੰਘ ਮੂਨਕ ਡੀਐੱਸਪੀ ਮੂਨਕ ਮਨੋਜ ਗੋਰਸੀ, ਐੱਸਐੱਚਓ ਸੁਰਿੰਦਰ ਭੱਲਾ, ਅਧਿਕਾਰੀ ਤੇ ਐਡਵੋਕੇਟ ਹਾਜ਼ਰ ਸਨ।