ਦੇਸ਼ ਵੰਡ ਦੇ ਖੰਡਰਾਂ ’ਚ ਉੱਗੇ ਫੁੱਲ ਤੇ ਪੱਤੀਆਂ
ਗੁਲਜ਼ਾਰ ਸਿੰਘ ਸੰਧੂ
1947 ਦੀ ਵੱਢ-ਟੁੱਕ ਪਿੱਛੋਂ ਹੋਂਦ ਵਿੱਚ ਆਈ ਇਸ ਕਥਾ ਦਾ ਸਬੰਧ ਮੇਰੇ ਨਾਨਕਿਆਂ ਨਾਲ ਹੈ, ਜਿੱਥੋਂ ਦਾ ਮੈਂ ਜੰਮਪਲ ਹਾਂ। ਮੇਰੇ ਉਹ ਪਿੰਡ ਛੱਡਣ ਤੋਂ ਪਿੱਛੋਂ ਉਸ ਘਰ ਵਿੱਚ ਪਰਵੇਸ਼ ਕੀਤੇ ਸੱਤ-ਅੱਠ ਸਾਲ ਦੇ ਬਾਲਕ ਨਾਲ, ਜਿਹੜਾ ਉਨ੍ਹਾਂ ਦਿਨਾਂ ਵਿੱਚ ਫਤਹਿਗੜ੍ਹ ਸਾਹਿਬ ਨੇੜਲੇ ਪਿੰਡ ਬਸੀ ਪਠਾਣਾ ਵਿੱਚ ਲਾਵਾਰਸ ਹੋ ਗਿਆ ਸੀ। ਬਸੀ ਪਠਾਣਾ ਦੀ ਵੱਢ-ਟੁੱਕ ਪਿੱਛੋਂ ਗੁੰਮ-ਸੁੰਮ ਤੇ ਡੌਰ-ਭੌਰ ਹੋਏ ਇਸ ਬਾਲਕ ਨੂੰ ਮੇਰਾ ਨਾਨਾ ਸਾਈਕਲ ਉੱਤੇ ਬਿਠਾ ਕੇ ਆਪਣੇ ਘਰ ਲੈ ਗਿਆ ਸੀ। ਮੇਰਾ ਨਾਨਕਾ ਪਿੰਡ ਕੋਟਲਾ ਬਡਲਾ ਖੰਨਾ-ਸੰਘੋਲ ਮਾਰਗ ਉੱਤੇ ਸਥਿਤ ਹੈ।
ਮੇਰੀ ਨਾਨੀ ਦੇ ਪੇਕੇ ਨੇੜਲੇ ਪਿੰਡ ਮਹਿਦੂਦਾਂ ਹੋਣ ਕਾਰਨ ਮੇਰੇ ਨਾਨਕੀਂ ਤੇ ਉਸ ਦੇ ਸਹੁਰੇ ਪਿੰਡ ਉਸ ਨੂੰ ਮਹਿਦੂਦੋ ਕਹਿੰਦੇ ਸਨ। ‘‘ਲੈ ਮਦੂਦੋ ਤੇਰੇ ਘਰ ਇੱਕ ਬਾਲਕ ਹੋਰ ਆ ਗਿਆ। ਇਸ ਨੂੰ ਖਲਾਅ-ਪਿਲਾਅ ਕੇ ਹੋਸ਼ ਵਿੱਚ ਲਿਆ; ਆਪਣੀ ਔਲਾਦ ਸਮਝ ਕੇ।’’ ਇਹ ਕਹਿ ਕੇ ਮੇਰੇ ਨਾਨੇ ਨੇ ਇਹ ਬਾਲਕ ਮੇਰੀ ਨਾਨੀ ਨੂੰ ਸੌਂਪ ਦਿੱਤਾ। ਨਾਨੀ ਦੇ ਲਾਡ ਲਡਾਉਣ ਉਪਰੰਤ ਉਹ ਪਰਿਵਾਰ ਦੇ ਹੋਰ ਮੈਂਬਰਾਂ ਵੱਲ ਤੱਕਣ ਲੱਗਿਆ।
ਨਾਨੀ ਇਸ ਤੋਂ ਪਹਿਲਾਂ ਤਿੰਨ ਪੁੱਤਰ ਤੇ ਪੰਜ ਧੀਆਂ ਪਾਲ ਚੁੱਕੀ ਸੀ। ਮੇਰੇ ਓਥੇ ਰਹਿਣ ਨਾਲ ਨਾਨੀ ਦੇ ਪਾਲੇ ਜੀਆਂ ਦੀ ਗਿਣਤੀ ਨੌਂ ਹੋ ਗਈ ਸੀ ਤੇ ਨਾਨੇ ਦਾ ਲਿਆਂਦਾ ਬਾਲਕ ਦਸਵਾਂ ਸੀ। ਮੁਸਲਿਮ ਕੁੱਖ ਦਾ ਜਾਇਆ। ਨਾਨੀ ਨੇ ਉਸ ਦਾ ਨਾਂ ਰਾਮ ਸਿੰਘ ਰੱਖ ਲਿਆ।
ਮੈਂ 1947 ਦੀ ਇਸ ਗੱਲ ਵੱਲ ਮੁੜਨ ਤੋਂ ਪਹਿਲਾਂ ਪਿਛਲੇ ਮਹੀਨੇ ਦਾਦਰਾ ਨਗਰ ਹਵੇਲੀ ਤੋਂ ਆਈ ਫੋਨ ਕਾਲ ਨਾਲ ਗੱਲ ਸ਼ੁਰੂ ਕਰਦਾ ਹਾਂ। ਇੱਕ ਜ਼ਨਾਨਾ ਆਵਾਜ਼ ਪੁੱਛ ਰਹੀ ਸੀ; ‘‘ਵੀਰ ਜੀ ਤੁਸੀਂ ਚੰਡੀਗੜ੍ਹ ਹੀ ਹੋ ਜਾਂ ਕਿਧਰੇ ਏਧਰ ਓਧਰ?’’ ਮੇਰੀ ‘ਹਾਂ’ ਸੁਣਦੇ ਸਾਰ ਉਹ ਬੋਲੀ, ‘‘ਤੁਸੀਂ ਤਾਂ ਮੈਨੂੰ ਮਿਲੇ ਬਿਨਾਂ ਚਲੇ ਗਏ ਸੀ। ਮੈਂ ਤੁਹਾਨੂੰ ਮਿਲਣ ਆ ਰਹੀ ਹਾਂ। ਮੈਂ ਰਣਜੀਤ ਕੌਰ ਹਾਂ ਦਾਦਰਾ ਨਗਰ ਹਵੇਲੀ ਤੋਂ।’’
ਮੈਨੂੰ ਚੇਤੇ ਆਇਆ ਕਿ ਜਦੋਂ ਵੀਹ ਕੁ ਸਾਲ ਪਹਿਲਾਂ ਮੈਂ ਤੇ ਮੇਰੀ ਪਤਨੀ ਦਾਦਰਾ ਗਏ ਸਾਂ ਉਦੋਂ ਵੀ ਉਸ ਨੇ ਮਿਹਣਾ ਮਾਰਿਆ ਸੀ, ‘‘ਮੈਂ ਰਾਮ ਸਿੰਘ ਭੰਗੂ ਦੀ ਧੀ ਹਾਂ। ਤੁਹਾਡੀ ਛੋਟੀ ਭੈਣ ਜਿਸ ਨੂੰ ਤੁਸੀਂ ਦਾਦਰਾ ਆਏ ਮਿਲ ਕੇ ਨਹੀਂ ਗਏ।’’
ਉਹ ਰਾਮ ਸਿੰਘ ਭੰਗੂ ਉਸ ਬਾਲਕ ਨੂੰ ਕਹਿ ਰਹੀ ਸੀ ਜਿਸ ਨੂੰ ਮੇਰੀ ਨਾਨੀ ਨੇ ਪਾਲਿਆ ਸੀ। ਮੈਨੂੰ ਨਹੀਂ ਸੀ ਪਤਾ ਕਿ ਜਦੋਂ ਰਾਮੂ ਨੂੰ ਇਹ ਦੱਸਿਆ ਗਿਆ ਸੀ ਕਿ ਮੇਰੇ ਨਾਨਕਿਆਂ ਦੇ ਵਡੇਰੇ ਬਾਬਾ ਮਤਾਬ ਸਿੰਘ ਨੇ ਦਰਬਾਰ ਸਾਹਿਬ ਦੀ ਬੇਦਅਬੀ ਕਰਨ ਵਾਲੇ ਮੱਸਾ ਰੰਘੜ ਦੀ ਹੱਤਿਆ ਕੀਤੀ ਸੀ ਤਾਂ ਰਾਮ ਸਿੰਘ ਆਪਣੇ ਨਾਂ ਨਾਲ ਭੰਗੂ ਲਿਖਣ ਲੱਗ ਗਿਆ ਸੀ। ਘਰੇਲੂ ਸ਼ਬਦ ਰਾਮੂ ਤੋਂ ਮੁਕਤੀ ਪਾਉਣ ਲਈ।
ਮੇਰੀ ਨਾਨੀ ਬੜੀ ਉੱਦਮੀ ਜੀਊੜਾ ਸੀ। ਉਸ ਨੇ ਰਾਮੂ ਦੇ ਮਨ ਵਿੱਚ ਵੀ ਉੱਦਮ ਭਰ ਦਿੱਤਾ ਤੇ ਬਾਲਗ ਹੋਣ ਉੱਤੇ ਆਪਣੇ ਪੇਕਿਆਂ ਕੋਲ ਦਿੱਲੀ ਭੇਜ ਦਿੱਤਾ ਜਿੱਥੇ ਉਹ ਟੈਕਸੀਆਂ ਦਾ ਕਾਰੋਬਾਰ ਕਰਦੇ ਸਨ। ਰਾਮ ਸਿੰਘ ਹਰ ਕੰਮ ਪੂਰੇ ਸ਼ੌਕ ਨਾਲ ਕਰਦਾ ਸੀ। ਥੋੜ੍ਹੇ ਸਮੇਂ ਵਿੱਚ ਹੀ ਡਰਾਈਵਰੀ ਸਿੱਖ ਕੇ ਪੂਰਾ ਸੂਰਾ ਡਰਾਈਵਰ ਬਣ ਗਿਆ ਤਾਂ ਨਾਨੀ ਦੇ ਭਰਾਵਾਂ ਨੇ ਉਸ ਦਾ ਵਿਆਹ ਮੁੰਬਈ ਦੀ ਉਸ ਮੁਟਿਆਰ ਨਾਲ ਕਰ ਦਿੱਤਾ ਜਿਹੜੀ ਕੰਮ ਧੰਦੇ ਦੀ ਭਾਲ ਵਿੱਚ ਮੁੰਬਈ ਤੋਂ ਦਿੱਲੀ ਆਈ ਹੋਈ ਸੀ। ਉਹ ਇਸਾਈ ਮੂਲ ਦੀ ਸੀ ਪਰ ਇੱਥੇ ਉਸ ਦਾ ਨਾਂ ਮਨਜੀਤ ਕੌਰ ਰੱਖ ਲਿਆ ਗਿਆ।
ਇਨ੍ਹਾਂ ਦਿਨਾਂ ਵਿੱਚ ਹੀ ਕਰੋੜਪਤੀ ਮਾਧਵ ਪ੍ਰਸਾਦ ਬਿਰਲਾ ਨੇ ਰਾਮੂ ਦੀ ਟੈਕਸੀ ਵਰਤੀ ਤਾਂ ਰਾਮ ਸਿੰਘ ਉਰਫ਼ ਰਾਮੂ ਦੀ ਬੋਲ-ਬਾਣੀ ਤੋਂ ਏਨਾ ਪ੍ਰਭਾਵਿਤ ਹੋਇਆ ਕਿ ਉਸ ਨੂੰ ਆਪਣਾ ਡਰਾਈਵਰ ਬਣਾ ਕੇ ਸਤਨਾ ਲੈ ਗਿਆ ਜਿੱਥੇ ਬਿਰਲਿਆਂ ਦੀ ਯੂਨੀਵਰਸਲ ਕੇਬਲਜ਼ ਨਾਂ ਦੀ ਫੈਕਟਰੀ ਸੀ। ਉੱਥੇ ਕੰਮ ਕਰਦਿਆਂ ਰਾਮ ਸਿੰਘ ਨੇ ਆਪਣੇ ਮਾਲਕਾਂ ਨੂੰ ਏਨਾ ਮੋਹਿਆ ਸੀ ਕਿ ਜਦੋਂ ਉਨ੍ਹਾਂ ਨੇ ਰਾਂਚੀ ਨੇੜੇ ਪਤਰਾਸੂ ਕਸਬੇ ਵਿੱਚ ਸਟੀਲ ਦਾ ਵੱਡਾ ਕਾਰਖਾਨਾ ਸਥਾਪਿਤ ਕਰਨਾ ਸੀ ਤਾਂ ਉਦੋਂ ਵੀ ਰਾਮ ਸਿੰਘ ਤੇ ਉਸ ਦੇ ਪਰਿਵਾਰ ਨੂੰ ਨਾਲ ਲੈ ਗਏ। ਰਾਮ ਸਿੰਘ ਨੇ ਇੱਥੇ ਪਹੁੰਚ ਕੇ ਵੀਹ ਸਾਲ ਬਿਰਲਿਆਂ ਦੀ ਡਰਾਈਵਰੀ ਕੀਤੀ ਜਦੋਂਕਿ ਗਿਆਰਾਂ ਸਾਲ ਸਤਨਾ ਲਾ ਕੇ ਆਇਆ ਸੀ।
ਉਸ ਦੇ ਸਤਨਾ ਹੁੰਦਿਆਂ ਮੈਂ ਵੀ ਆਪਣੇ ਸਰਕਾਰੀ ਦੌਰੇ ਸਮੇਂ ਉੱਥੇ ਗਿਆ ਸਾਂ। ਉਸ ਦੇ ਦਾੜ੍ਹੀ ਕੇਸਾਂ ਕਾਰਨ ਸਤਨਾ ਦੇ ਅਧਿਕਾਰੀ ਉਸ ਨੂੰ ਸਰਦਾਰ ਸਾਹਬ ਕਹਿ ਕੇ ਸੰਬੋਧਨ ਕਰਦੇ ਸਨ; ਮਾਧਵ ਪ੍ਰਸਾਦ ਬਿਰਲਾ ਸਮੇਤ। ਇਸ ਦਾ ਇੱਕ ਕਾਰਨ ਉਸ ਦਾ ਵਰਤ-ਵਰਤਾਰਾ ਵੀ ਸੀ।
ਮੇਰੀ ਨਾਨੀ ਦੇ ਮਾਪੇ ਨਾਮਧਾਰੀ ਸਨ ਜਿਹੜੇ ਸਾਰੇ ਧਰਮਾਂ ਦੇ ਗੁਣ ਪਛਾਣਦੇ ਸਨ, ਪਰ ਉਸ ਨੇ ਰਾਮੂ ਨੂੰ ਸਿੱਖੀ ਮਾਣ ਮਰਯਾਦਾ ਵਿੱਚ ਪਾਲ ਕੇ ਵੱਡਾ ਕੀਤਾ ਸੀ। ਉਸ ਦੇ ਵਿਆਹ ਤੋਂ ਪਿੱਛੋਂ ਉਸ ਦੀ ਸੱਜ ਵਿਆਹੀ ਵਹੁਟੀ ਨੂੰ ਉਸ ਦੇ ਮੁਸਲਿਮ ਪਿਛੋਕੜ ਦਾ ਪਤਾ ਲੱਗਿਆ ਤਾਂ ਉਹ ਰਾਮ ਸਿੰਘ ਨੂੰ ਅਭੋਲ ਹੀ ਦਾੜ੍ਹੀ ਕੇਸ ਕਟਵਾਉਣ ਲਈ ਕਹਿ ਬੈਠੀ। ਸਿੱਖੀ ਮਰਯਾਦਾ ਵਿੱਚ ਪਲਿਆ ਰਾਮ ਸਿੰਘ ਸੁਣਦੇ ਸਾਰ ਹੀ ਅੱਗ ਬਬੂਲਾ ਹੋ ਗਿਆ ਤੇ ਵਹੁਟੀ ਨੂੰ ਕਹਿਣ ਲੱਗਿਆ ਕਿ ਉਹ ਤੁਰੰਤ ਘਰੋਂ ਨਿਕਲ ਜਾਵੇ। ਜੇ ਉਸ ਨੂੰ ਪੰਜਾਬ ਤੋਂ ਦਿੱਲੀ ਸੱਦਣ ਵਾਲੇ ਨਾਨੀ ਦੇ ਭਰਾ ਦਖ਼ਲ ਨਾ ਦਿੰਦੇ ਤਾਂ ਗੱਲ ਤੋੜ ਵਿਛੋੜੇ ਤੱਕ ਪਹੁੰਚ ਜਾਣੀ ਸੀ।
ਰਾਮ ਸਿੰਘ ਦੇ ਸਿਰ ਵਾਲੇ ਵਾਲ ਮੇਰੀ ਨਾਨੀ ਨੇ ਤੇਲ ਲਾ ਲਾ ਕੇ ਵੱਡੇ ਕੀਤੇ ਸਨ ਤੇ ਰਾਮ ਸਿੰਘ ਇਨ੍ਹਾਂ ਨੂੰ ਆਪਣੀ ਬੇਬੇ ਦੀ ਦੇਣ ਕਹਿੰਦਾ ਸੀ। ਮੇਰੀ ਨਾਨੀ ਦੀ ਦੇਣ ਜਿਸ ਨੂੰ ਪਰਿਵਾਰ ਦੇ ਬਾਕੀ ਜੀਆਂ ਵਾਂਗ ਉਹ ਵੀ ਬੇਬੇ ਹੀ ਕਹਿੰਦਾ ਸੀ। ਇਨ੍ਹਾਂ ਦਿਨਾਂ ਵਿੱਚ ਹੀ ਕਿਸੇ ਨੇ ਉਸ ਨੂੰ ਪੁੱਛਿਆ ਕਿ ਮੈਂ ਉਹਦਾ ਕੀ ਲੱਗਦਾ ਹਾਂ ਤਾਂ ਉਸ ਨੇ ਮਾਣ ਨਾਲ ਉੱਤਰ ਦਿੱਤਾ ਸੀ; ਮੈਂ ਉਸ ਦਾ ‘ਭਾਣਜਾ ਸਾਹਬ’ ਹਾਂ। ਨਿਸ਼ਚੇ ਹੀ ਉਹ ਮੇਰੀ ਨਾਨੀ ਦਾ ਪਾਲਿਆ ਹੋਣ ਕਾਰਨ ਮੇਰਾ ਛੋਟਾ ਮਾਮਾ ਸੀ। ਮੇਰੇ ਨਾਲੋਂ ਸੱਤ ਸਾਲ ਛੋਟਾ।
ਸਿਰ ਦੇ ਕੇਸਾਂ ਵਾਲੀ ਘਟਨਾ ਪਿੱਛੋਂ ਉਸ ਦੀ ਵਹੁਟੀ ਨੂੰ ਪੂਰਾ ਚਾਨਣ ਹੋ ਗਿਆ ਸੀ ਕਿ ਜੇ ਉਸ ਨੇ ਭੰਗੂ ਪਰਿਵਾਰ ਵਿੱਚ ਸਮਾਉਣਾ ਹੈ ਤਾਂ ਆਪਣੇ ਪਿਛੋਕੜ ਨੂੰ ਸਦਾ ਲਈ ਭੁਲਾ ਕੇ ਹੀ ਸਮਾ ਸਕਦੀ ਹੈ। ਹੋਇਆ ਵੀ ਇਹੀਓ। ਦਿੱਲੀ ਵਿੱਚ ਹੀ ਨਹੀਂ ਸਤਨਾ ਤੇ ਪਤਰਾਸੂ (ਬਿਹਾਰ) ਜਾ ਕੇ ਵੀ ਮਨਜੀਤ ਕੌਰ ਨੇ ਸਿੱਖੀ ਰਹਿਤ ਮਰਯਾਦਾ ਨੂੰ ਨਹੀਂ ਵਿਸਾਰਿਆ। ਇੱਥੋਂ ਤੱਕ ਕਿ ਆਪਣੇ ਪੁੱਤਰਾਂ ਦੇ ਨਾਵਾਂ ਨਾਲ ‘ਸਿੰਘ’ ਲਾਇਆ ਤੇ ਧੀਆਂ ਦੇ ਨਾਵਾਂ ਨਾਲ ‘ਕੌਰ’।
ਦਾਦਰਾ ਨਗਰ ਹਵੇਲੀ ਤੋਂ ਮੇਰਾ ਪਤਾ ਟਿਕਾਣਾ ਪੁੱਛਣ ਵਾਲੀ ਰਣਜੀਤ ਕੌਰ ਉਸ ਦੀ ਕੁੱਖ ਤੋਂ ਜਾਇਆ ਅੰਤਲਾ ਜੀਵ ਹੈ। ਉਸ ਦੀਆਂ ਬਾਕੀ ਧੀਆਂ ਤੇ ਪੁੱਤਰਾਂ ਦੇ ਨਾਮ ਕ੍ਰਮਵਾਰ ਸਤਿੰਦਰ ਕੌਰ, ਜਗਜੀਤ ਸਿੰਘ, ਸਤਿਬੀਰ ਕੌਰ, ਜਤਿੰਦਰ ਸਿੰਘ, ਧਰਮਿੰਦਰ ਕੌਰ ਤੇ ਤੇਗ ਬਹਾਦਰ ਸਿੰਘ ਹਨ। ਇੱਕ ਭੈਣ ਪੰਜ ਕਕਾਰਾਂ ਨੂੰ ਪਰਣਾਈ ਹੋਈ ਹੈ ਤੇ ਸਦਾ ਗਾਤਰੇ ਵਾਲੀ ਕਿਰਪਾਨ ਪਹਿਨ ਕੇ ਰੱਖਦੀ ਹੈ। ਗਾਤਰੇ ਵਾਲੀ ਤੇ ਉਸ ਦੀ ਵੱਡੀ ਭੈਣ ਪੰਜਾਬ ਦੇ ਕਿਸਾਨੀ ਪਰਿਵਾਰਾਂ ਵਿੱਚ ਵਿਆਹੀਆਂ ਹੋਈਆਂ ਹਨ ਤੇ ਮੈਨੂੰ ਅਕਸਰ ਮਿਲਦੀਆਂ ਰਹਿੰਦੀਆਂ ਹਨ। ਰਣਜੀਤ ਕੌਰ ਦਾ ਮਿਹਣਾ ਜਾਇਜ਼ ਸੀ ਕਿ ਮੈਂ ਸਰਕਾਰੀ ਦੌਰੇ ਉੱਤੇ ਦਾਦਰਾ ਗਿਆ ਉਸ ਨੂੰ ਮਿਲ ਕੇ ਨਹੀਂ ਆਇਆ।
ਉਸ ਦੀ ਚੰਡੀਗੜ੍ਹ ਫੇਰੀ ਦਾ ਕਾਰਨ ਇਹ ਸੀ ਕਿ ਦਾਦਰਾ ਨਗਰ ਹਵੇਲੀ ਤੋਂ 25-30 ਬੰਦਿਆਂ ਦੀ ਇੱਕ ਟੋਲੀ ਨੇ ਮਨਾਲੀ ਜਾਣਾ ਸੀ, ਚੰਡੀਗੜ੍ਹ ਰਾਹੀਂ। ਉਹ ਜਾਣਦੀ ਸੀ ਕਿ ਮੈਂ ਦਿੱਲੀ ਛੱਡਣ ਤੋਂ ਪਿੱਛੋਂ ਚਾਲੀ ਸਾਲਾਂ ਤੋਂ ਚੰਡੀਗੜ੍ਹ ਰਹਿ ਰਿਹਾ ਹਾਂ। ਉਹ ਮੇਰੇ ਘਰ ਆਪਣੀਆਂ ਪੰਜਾਬ ਵਾਲੀਆਂ ਭੈਣਾਂ ਨੂੰ ਵੀ ਬੁਲਾ ਸਕਦੀ ਸੀ। ਉਸ ਨੇ ਮਨਾਲੀ ਜਾਂਦਿਆਂ ਮੈਨੂੰ ਮਿਲਣਾ ਸੀ ਤੇ ਵਾਪਸੀ ਉੱਤੇ ਆਪਣੀਆਂ ਭੈਣਾਂ ਨੂੰ।
ਹੁਣ ਜਦੋਂ ਮੇਰੇ ਮਾਮੇ ਮਾਸੀਆਂ ਪਰਲੋਕ ਸਿਧਾਰ ਚੁੱਕੇ ਹਨ, ਰਾਮ ਸਿੰਘ ਦੇ ਪਰਿਵਾਰ ਦੀ ਇੱਕੋ ਇੱਕ ਠਾਹਰ ਮੇਰਾ ਘਰ ਹੀ ਹੈ। ਉਸ ਦੇ ‘ਭਾਣਜਾ ਸਾਹਬ’ ਦਾ।
ਮੇਰੀ ਨਾਮਧਾਰੀ ਨਾਨੀ ਦੇ ਪਾਲੇ ਰਾਮ ਸਿੰਘ ਤੇ ਉਸ ਦੀ ਪਤਨੀ ਮਨਜੀਤ ਕੌਰ ਦੇ ਧੀਆਂ ਪੁੱਤਰ ਦੂਰ-ਦੁਰਾਡੇ ਕਸਬਿਆਂ ਤੇ ਸ਼ਹਿਰਾਂ ਵਿੱਚ ਪੈਦਾ ਹੋਏ ਤੇ ਰੋਜ਼ੀ ਰੋਟੀ ਲਈ ਪੰਜਾਬ ਤੋਂ ਦੂਰ ਮੱਧ ਪ੍ਰਦੇਸ਼, ਬਿਹਾਰ, ਗੁਜਰਾਤ, ਮਹਾਰਾਸ਼ਟਰ ਤੇ ਦਾਦਰਾ ਨਗਰ ਹਵੇਲੀ ਆਦਿ ਕੇਂਦਰ ਸ਼ਾਸਿਤ ਖੇਤਰਾਂ ਵਿੱਚ ਵਸ ਚੁੱਕੇ ਹਨ।
ਸਭ ਤੋਂ ਵੱਡੀ ਸਤਿੰਦਰ ਕੌਰ ਉਰਫ਼ ਰਾਣੀ ਦਾ ਜਨਮ ਦਿੱਲੀ ਦਾ ਹੈ, ਪੜ੍ਹਾਈ ਬਿਹਾਰ ਦੀ ਤੇ ਨੌਕਰੀ ਹਿੰਦੀ ਟੀਚਰ। ਉਸ ਤੋਂ ਛੋਟਾ ਜਗਜੀਤ ਸਿੰਘ ਉਰਫ਼ ਰਾਜੂ ਦਿੱਲੀ ਵਿੱਚ ਪੈਦਾ ਹੋ ਕੇ ਆਪਣੇ ਨਾਨਕਿਆਂ ਕੋਲ ਪੜ੍ਹਿਆ ਤੇ ਪਹਿਲਾਂ ਪੰਜਾਬਣ ਤੇ ਫਿਰ ਬਿਹਾਰਨ ਦਾ ਪਤੀ ਬਣਿਆ। ਸਤਵਿੰਦਰ ਕੌਰ ਉਰਫ਼ ਗੁੱਡੀ ਦਾ ਜਨਮ ਸਤਨਾ ਦਾ ਹੈ ਤੇ ਹੁਸ਼ਿਆਰਪੁਰ ਦੇ ਕੋਟ ਫਤੂਹੀ ਕਸਬੇ ਵਿੱਚ ਨੌਜਵਾਨ ਕੁੜੀਆਂ ਨੂੰ ਸਿਲਾਈ-ਕਢਾਈ ਦਾ ਕੰਮ ਸਿਖਾਉਂਦੀ ਹੈ। ਜਤਿੰਦਰ ਸਿੰਘ ਆਪਣੇ ਨਾਨਕੀ ਮੁੰਬਈ ਰਹਿ ਕੇ ਮਾਸਟਰਜ਼ ਇਨ ਬਿਜ਼ਨਸ ਐਡਮਨਿਸਟਰੇਸ਼ਨ ਤੱਕ ਪੜ੍ਹਿਆ ਤੇ ਉਸ ਨੇ ਸਿਲਵਾਸਾ ਦੀ ਇਸਾਈ ਮੁਟਿਆਰ ਨਾਲ ਸ਼ਾਦੀ ਕੀਤੀ। ਧਰਮਿੰਦਰ ਕੌਰ ਉਰਫ ਡੌਲਸੀ ਸਤਨਾ ਵਿਖੇ ਪੈਦਾ ਹੋਈ ਤੇ ਆਪਣੇ ਨਾਨਕੇ ਘਰ ਮੁੰਬਈ ਰਹਿ ਕੇ ਬਿਜ਼ਨਸ ਐਡਮਨਿਸਟਰੇਸ਼ਨ ਦੀ ਗਰੈਜੂਏਸ਼ਨ ਤੋਂ ਪਿੱਛੋਂ ਇਸਾਈ ਅਧਿਆਪਕ ਪਾਲ ਰਿਜ਼ਾਰੀਓ ਨਾਲ ਸ਼ਾਦੀ ਕੀਤੀ। ਭਰਾਵਾਂ ਵਿੱਚੋਂ ਸਭ ਤੋਂ ਛੋਟਾ ਤੇਗ ਬਹਾਦਰ ਸਿੰਘ ਸਿੰਘ ਰਾਂਚੀ ਨੇੜੇ ਪਤਰਾਸੂ ਵਿਖੇ ਪੈਦਾ ਹੋਇਆ ਤੇ ਉਸ ਨੇ ਦਾਦਰਾ ਨਗਰ ਹਵੇਲੀ ਵਿੱਚ ਕੰਮ ਕਰਦਿਆਂ ਨੀਟੂ ਨਾਂ ਦੀ ਮਰਾਠਾ ਮੁਟਿਆਰ ਨਾਲ ਸ਼ਾਦੀ ਕੀਤੀ।
ਅਨੇਕਤਾ ਵਿੱਚ ਏਕਤਾ ਵਾਲੀ ਇਸ ਕਥਾ ਦਾ ਅੰਤ ਰਾਮ ਸਿੰਘ ਭੰਗੂ ਦੇ ਪਰਿਵਾਰ ਦੀ ਸਭ ਤੋਂ ਛੋਟੀ ਮੈਂਬਰ ਦੇ ਫੋਨ ਨਾਲ ਹੁੰਦਾ ਹੈ ਜਿਹੜੀ ਵੱਡੀ ਟੋਲੀ ਨਾਲ ਦਾਦਰਾ ਤੋਂ ਮਨਾਲੀ ਜਾਂਦੇ ਸਮੇਂ ਮੈਨੂੰ ਮਿਲ ਕੇ ਗਈ। ਉਸ ਨੇ ਮੈਨੂੰ ਮੇਰੀ ਨਾਨੀ ਅਤੇ ਮੇਰੇ ਨਾਨਕੇ ਹੀ ਚੇਤੇ ਨਹੀਂ ਕਰਵਾਏ ਆਪਣੇ ਭੈਣ ਭਰਾ ਵੀ ਗਿਣਾ ਦਿੱਤੇ ਹਨ ਜਿਨ੍ਹਾਂ ਵਿੱਚੋਂ ਪੱਛਮੀ ਘਾਟ ਦੇ ਵਸਨੀਕਾਂ ਨੂੰ ਮੈਂ ਹਾਲੀਂ ਤੱਕ ਨਹੀਂ ਮਿਲਿਆ। ਉਨ੍ਹਾਂ ਦੇ ਪਾਪਾ ਦਾ ‘ਭਾਣਜਾ ਸਾਹਬ’ ਹੋ ਕੇ ਵੀ।
ਖ਼ੁਸ਼ ਰਹਿ ਰਣਜੀਤ ਕੌਰੇ ਜਿਸ ਦੇ ਮਾਪਿਆਂ ਨੇ ਤੇਰਾ ਨਾਂ ਮੇਰੇ ਵੱਡੇ ਮਾਮੇ ਵਾਲਾ ਰੱਖਿਆ। ਰਣਜੀਤ ਸਿੰਘ ਭੰਗੂ ਵਾਲਾ।
ਤੇਰਾ ਮਿਲਣਾ ਅਤਿ ਮੁਬਾਰਕ!
ਸੰਪਰਕ: 98157-78469