ਸਕੂਲਾਂ ’ਚ ਹੜ੍ਹ ਦੀ ਮਾਰ: ਬੱਚਿਆਂ ਨੂੰ ਪਖਾਨੇ ਜਾਣਾ ਔਖਾ ਹੋਇਆ
ਅਕਾਂਕਸ਼ਾ ਐੱਨ. ਭਾਰਦਵਾਜ
ਜਲੰਧਰ, 23 ਜੁਲਾਈ
ਹੜ੍ਹ ਦੀ ਮਾਰ ਝੱਲ ਰਹੇ ਲੋਹੀਆਂ ਬਲਾਕ ਦੇ ਸਰਕਾਰੀ ਸਕੂਲ ਭਾਵੇਂ ਖੁੱਲ੍ਹ ਗਏ ਪਰ ਨੁਕਸਾਨੀਆਂ ਗਈਆਂ ਇਮਾਰਤਾਂ ਕਾਰਨ ਅਧਿਆਪਕ ਖੌਫਜ਼ਦਾ ਹਨ। ਜਦੋਂ ਬੱਚੇ ਅਧਿਆਪਕਾਂ ਨੂੰ ਪਖਾਨੇ ਜਾਣ ਬਾਰੇ ਪੁੱਛਦੇ ਹਨ ਤਾਂ ਅਧਿਆਪਕ ਡਰ ਜਾਂਦੇ ਹਨ, ਕਿਉਂਕਿ ਪਖਾਨਿਆਂ ਦੀਆਂ ਕੰਧਾਂ ’ਚ ਤਰੇੜਾਂ ਆ ਗਈਆਂ ਹਨ, ਛੱਤਾਂ ਦਾ ਪਲੱਸਤਰ ਡਿੱਗ ਰਿਹਾ ਹੈ ਤੇ ਫਰਸ਼ ਧੱਸ ਗਏ ਹਨ। ਅਜਿਹੇ ਵਿੱਚ ਕਿਸੇ ਵੀ ਸਮੇਂ ਕੋਈ ਘਟਨਾ ਵਾਪਰਨ ਦਾ ਖ਼ਦਸ਼ਾ ਹੈ। ਅਧਿਆਪਕ ਕੋਈ ਜੋਖਮ ਨਾ ਲੈਂਦੇ ਹੋਏ ਸਕੂਲ ਨੇੜਲੇ ਘਰਾਂ ਦੇ ਬੱਚਿਆਂ ਨੂੰ ਉਨ੍ਹਾਂ ਨੂੰ ਘਰ ਪਖਾਨੇ ਭੇਜਦੇ ਹਨ ਜਦਕਿ ਹੋਰਨਾਂ ਬੱਚਿਆਂ ਨਾਲ ਸਕੂਲ ਦੇ ਸਟਾਫ ਮੈਂਬਰਾਂ ਨੂੰ ਪਖਾਨੇ ਭੇਜਿਆ ਜਾਂਦਾ ਹੈ। ਇਸ ਤੋਂ ਇਲਾਵਾ ਕੁਝ ਬੱਚਿਆਂ ਨੂੰ ਗੁਰਦੁਆਰਿਆਂ ਵਿੱਚ ਭੇਜਿਆ ਜਾਂਦਾ ਹੈ। ਦੂਜੇ ਪਾਸੇ ਸਕੂਲਾਂ ਦੇ ਖਸਤਾ ਹਾਲ ਕਮਰਿਆਂ ’ਚ ਕਲਾਸਾਂ ਲਾਉਣਾ ਵੀ ਜੋਖਮ ਤੋਂ ਘੱਟ ਨਹੀਂ ਹੈ। ਹੜ੍ਹਾਂ ਤੋਂ ਬਾਅਦ ਸਕੂਲਾਂ ਵਿੱਚ ਮੁੱਢਲੀਆਂ ਸਹੂਲਤਾਂ ਦੀ ਵੀ ਘਾਟ ਪੈਦਾ ਹੋ ਗਈ ਹੈ। ਸਰਕਾਰੀ ਪ੍ਰਾਇਮਰੀ ਸਕੂਲ ਮੰਡਾਲਾ ਛੰਨਾ, ਸਰਕਾਰੀ ਪ੍ਰਾਇਮਰੀ ਸਕੂਲ ਜਾਨੀਆਂ ਚਾਹਲ, ਸਰਕਾਰੀ ਪ੍ਰਾਇਮਰੀ ਸਕੂਲ ਮਹਿਰਾਜਵਾਲਾ ਅਤੇ ਸਰਕਾਰੀ ਮਿਡਲ ਸਕੂਲ ਮਹਿਰਾਜਵਾਲਾ ਦੀ ਹਾਲਤ ਹੜ੍ਹਾਂ ਤੋਂ ਬਾਅਦ ਕਾਫੀ ਮਾੜੀ ਹੋ ਗਈ ਹੈ। ਸਕੂਲਾਂ ਵਿੱਚ ਬੱਚਿਆਂ ਦੀ ਹਾਜ਼ਰੀ ਵੀ ਘੱਟ ਗਈ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਲੋਕ ਸਕੂਲਾਂ ਦੀ ਹਾਲਤ ਦੇ ਮੱਦੇਨਜ਼ਰ ਆਪਣੇ ਬੱਚਿਆਂ ਨੂੰ ਪੜ੍ਹਨ ਲਈ ਭੇਜਣਾ ਨਹੀਂ ਚਾਹੁੰਦੇ। ਜਾਨੀਆਂ ਚਾਹਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਛੇ ਪਖਾਨੇ ਹਨ, ਜਨਿ੍ਹਾਂ ਵਿਚੋਂ ਦੋ ਪੁਰਾਣੇ ਹਨ ਅਤੇ ਬਾਕੀਆਂ ਦਾ ਕੰਮ ਮੁਕੰਮਲ ਨਾ ਹੋਣ ਕਾਰਨ ਉਹ ਵਰਤੋਂਯੋਗ ਨਹੀਂ ਹਨ। ਸਕੂਲ ਦੀ ਮੁੱਖ ਅਧਿਆਪਕਾ ਬੇਅੰਤ ਕੌਰ ਨੇ ਦੱਸਿਆ ਕਿ ਬੱਚੇ ਸਕੂਲ ਦਾ ਪੁਰਾਣਾ ਪਖਾਨਾ ਵਰਤ ਰਹੇ ਹਨ, ਜਨਿ੍ਹਾਂ ਵਿੱਚ ਬੱਚਿਆਂ ਦਾ ਜਾਣਾ ਖਤਰੇ ਤੋਂ ਖਾਲੀ ਨਹੀਂ ਹੈ। ਉਨ੍ਹਾਂ ਆਖਿਆ ਕਿ ਸਕੂਲਾਂ ਦੇ ਕਮਰਿਆਂ ਦਾ ਵੀ ਕਾਫੀ ਮਾੜਾ ਹਾਲ ਹੈ। ਮੰਡਾਲਾ ਛੰਨਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਮੁੱਖ ਅਧਿਆਪਕ ਦੀਪਕ ਕੁਮਾਰ ਨੇ ਆਖਿਆ ਕਿ ਜਦੋਂ ਬੱਚੇ ਪਖਾਨੇ ਜਾਣ ਦੀ ਆਗਿਆ ਮੰਗਦੇ ਹਨ ਤਾਂ ਉਹ ਬੱਚਿਆਂ ਨੂੰ ਉਨ੍ਹਾਂ ਦੇ ਘਰ ਭੇਜ ਦਿੰਦੇ ਹਨ, ਕਿਉਂਕਿ ਸਕੂਲਾਂ ਦੇ ਪਖਾਨੇ ਸੁਰੱਖਿਅਤ ਨਹੀਂ ਹਨ। ਉਨ੍ਹਾਂ ਆਖਿਆ ਕਿ ਸਕੂਲ ਵਿੱਚ ਦੋ ਪਖਾਨੇ ਹਨ ਅਤੇ ਦੋਵਾਂ ਵਿਚ ਗਾਰ ਭਰੀ ਹੋਈ ਤੇ ਉਹ ਵਰਤੋਂ ਲਈ ਸੁਰੱਖਿਅਤ ਨਹੀਂ ਹਨ। ਕੱਲ੍ਹ ਪਏ ਮੀਂਹ ਕਾਰਨ ਮੰਡਾਲਾ ਛੰਨਾ ਸਕੂਲ ਦੇ ਅਧਿਆਪਕਾਂ ਨੂੰ ਬੱਚਿਆਂ ਨੂੰ ਬਾਹਰ ਬਿਠਾਉਣਾ ਪਿਆ, ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਕਿਤੇ ਇਮਾਰਤ ਨਾ ਡਿੱਗ ਜਾਵੇ। ਇਹੀ ਹਾਲ ਮਹਿਰਾਜਵਾਲਾ ਦੇ ਦੋਵੇਂ ਸਰਕਾਰੀ ਸਕੂਲਾਂ ਦਾ ਹੈ, ਜਿੱਥੇ ਪਾਣੀ ਭਰਨ ਕਾਰਨ ਬੱਚਿਆਂ ਨੂੰ ਵਾਪਸ ਭੇਜ ਦਿੱਤਾ ਗਿਆ।