ਲੁਧਿਆਣਾ ਵਿੱਚ ਭਾਰੀ ਮੀਂਹ ਕਾਰਨ ਜਲ-ਥਲ
ਸਤਵਿੰਦਰ ਬਸਰਾ
ਲੁਧਿਆਣਾ, 11 ਅਗਸਤ
ਇੱਥੇ ਅੱਜ ਭਰਵਾਂ ਮੀਂਹ ਪੈਣ ਨਾਲ ਲੁਧਿਆਣਾ ਸ਼ਹਿਰ ਅਤੇ ਆਸ-ਪਾਸ ਦੀਆਂ ਸੜਕਾਂ ਪੂਰੀ ਤਰ੍ਹਾਂ ਜਲ-ਥਲ ਹੋ ਗਈਆਂ। ਸਵੇਰ ਸਮੇਂ ਤੋਂ ਸ਼ੁਰੂ ਹੋਇਆ ਮੀਂਹ ਬਾਅਦ ਦੁਪਹਿਰ ਤੱਕ ਜਾਰੀ ਰਿਹਾ। ਇਸ ਦੌਰਾਨ ਤੇਜ਼ ਹਵਾ ਚੱਲਣ ਕਾਰਨ ਆਸ-ਪਾਸ ਦੇ ਇਲਾਕਿਆਂ ਦੀ ਬਿਜਲੀ ਸਪਲਾਈ ਵੀ ਕਈ ਘੰਟੇ ਠੱਪ ਰਹੀ। ਮੀਂਹ ਕਾਰਨ ਪਿਛਲੇ ਕਈ ਦਿਨਾਂ ਤੋਂ ਹੁੰਮਸ ਭਰੀ ਗਰਮੀ ਨਾਲ ਜੂਝ ਰਹੇ ਲੁਧਿਆਣਵੀਆਂ ਨੂੰ ਵੱਡੀ ਰਾਹਤ ਮਿਲੀ ਹੈ। ਪੀਏਯੂ ਮੌਸਮ ਵਿਭਾਗ ਅਨੁਸਾਰ ਅੱਜ ਲੁਧਿਆਣਾ ਵਿੱਚ 68.8 ਐੱਮਐੱਮ ਮੀਂਹ ਦਰਜ ਕੀਤਾ ਗਿਆ ਹੈ। ਮੌਸਮ ਮਾਹਿਰਾਂ ਨੇ ਆਉਂਦੇ 24 ਘੰਟੇ ਵੀ ਬੱਦਲਵਾਈ ਰਹਿਣ ਅਤੇ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮੌਨਸੂਨ ਸੀਜਨ ਭਾਵੇਂ ਜੁਲਾਈ ਵਿੱਚ ਹੀ ਸ਼ੁਰੂ ਹੋ ਗਿਆ ਸੀ ਪਰ ਇਸ ਮੌਸਮ ਦਾ ਅੱਜ ਦੂਜੀ ਵਾਰ ਭਰਵਾਂ ਮੀਂਹ ਪਿਆ ਹੈ। ਪਿਛਲੇ ਕਈ ਦਿਨਾਂ ਤੋਂ ਵੱਖ ਵੱਖ ਥਾਵਾਂ ’ਤੇ ਪੈਂਦੇ ਟੁੱਟਵੇਂ ਮੀਂਹ ਕਾਰਨ ਲੁਧਿਆਣਾ ਦੇ ਲੋਕ ਹੁੰਮਸ ਭਰੀ ਗਰਮੀ ਨਾਲ ਜੂਝ ਰਹੇ ਸਨ। ਅੱਜ ਸਵੇਰ ਸਮੇਂ ਤੋਂ ਹੀ ਅਕਾਸ਼ ਵਿੱਚ ਸੰਘਣੀ ਬੱਦਲਵਾਈ ਛਾਈ ਹੋਈ ਸੀ। ਸੰਘਣੇ ਬੱਦਲਾਂ ਕਰਕੇ ਹਨ੍ਹੇਰਾ ਹੋ ਗਿਆ ਸੀ ਜਿਸ ਕਰਕੇ ਸੜਕਾਂ ’ਤੇ ਜਾਂਦੇ ਵਾਹਨ ਚਾਲਕਾਂ ਨੂੰ ਆਪਣੇ ਵਾਹਨਾਂ ਦੀਆਂ ਬੱਤੀਆਂ ਤੱਕ ਵੀ ਜਗਾਉਣੀਆਂ ਪੈ ਗਈਆਂ। ਐਤਵਾਰ ਸਵੇਰੇ ਕਰੀਬ ਨੌਂ ਵਜੇ ਮੀਂਹ ਪੈਣਾ ਸ਼ੁਰੂ ਹੋਇਆ ਅਤੇ ਦੁਪਹਿਰ ਤੱਕ ਜਾਰੀ ਰਿਹਾ। ਇਹ ਮੀਂਹ ਇੰਨਾ ਤੇਜ਼ ਸੀ ਕਿ ਦੇਖਦਿਆਂ ਹੀ ਦੇਖਦਿਆਂ ਲੁਧਿਆਣਾ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਚੰਡੀਗੜ੍ਹ ਰੋਡ, ਲੁਧਿਆਣਾ-ਜਲੰਧਰ ਰੋਡ, ਦਮੋਰੀਆ ਪੁਲ, ਘੰਟਾ ਘਰ ਚੌਕ, ਸ਼ਿੰਗਾਰ ਸਿਨੇਮਾ ਰੋਡ, ਟ੍ਰਾਂਸਪੋਰਟ ਨਗਰ, ਜੋਧੇਵਾਲ ਬਸਤੀ, ਰਾਹੋਂ ਰੋਡ, ਪੁਲੀਸ ਕਲੋਨੀ ਜਮਾਲਪੁਰ, ਮੰਜੂ ਸਿਨੇਮਾ ਰੋਡ, ਹੈਬੋਵਾਲ ਰੋਡ ਅਤੇ ਫਿਰੋਜ਼ਪੁਰ ਰੋਡ ਦੀਆਂ ਸੜਕਾਂ ਜਲ-ਥਲ ਹੋ ਗਈਆਂ। ਇਨ੍ਹਾਂ ਸੜਕਾਂ ’ਤੇ ਪਾਣੀ ਭਰਨ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਈ। ਲੁਧਿਆਣਾ-ਚੰਡੀਗੜ੍ਹ ਰੋਡ ਅਤੇ ਟ੍ਰਾਂਸਪੋਰਟ ਨਗਰ ਵਾਲੀ ਸੜ੍ਹਕ ’ਤੇ ਤਾਂ ਪਾਣੀ ਇੰਨਾ ਵੱਧ ਸੀ ਕਿ ਕਈ ਗੱਡੀਆਂ ਖਰਾਬ ਹੋ ਕੇ ਸੜਕ ਦੇ ਵਿਚਕਾਰ ਹੀ ਖੜ੍ਹੀਆਂ ਦਿਖਾਈ ਦੇ ਰਹੀਆਂ ਸਨ। ਇਹੋ ਹਾਲ ਲੁਧਿਆਣਾ ਦੇ ਫੌਕਲ ਪੁਆਇੰਟ ਇਲਾਕੇ ਵਿੱਚ ਵੀ ਦੇਖਣ ਨੂੰ ਮਿਲਿਆ। ਸੜਕਾਂ ’ਤੇ ਪਾਣੀ ਖੜ੍ਹਾ ਹੋਣ ਕਰਕੇ ਲੋਕਾਂ ਨੂੰ ਬਦਲਵੇਂ ਰਾਹਾਂ ਤੋਂ ਹੋ ਕੇ ਆਪੋ-ਆਪਣੀ ਮੰਜ਼ਿਲ ਤੱਕ ਜਾਣਾ ਪਿਆ।
ਗੰਦੇ ਨਾਲੇ ਦਾ ਪਾਣੀ ਲੋਕਾਂ ਦੇ ਘਰਾਂ ’ਚ ਵੜਿਆ
ਇੱਥੋਂ ਦੇ ਸ਼ਿੰਗਾਰ ਸਿਨੇਮਾ ਨੇੜੇ ਪੈਂਦੇ ਗੰਦੇ ਨਾਲੇ ਦਾ ਪਾਣੀ ਢੋਕਾਂ ਮੁਹੱਲਾ ਅਤੇ ਹੋਰ ਆਸ-ਪਾਸ ਦੀਆਂ ਗਲੀਆਂ ਵਿੱਚੋਂ ਹੁੰਦਾ ਹੋਇਆ ਲੋਕਾਂ ਦੇ ਘਰਾਂ ਦੇ ਅੰਦਰ ਤੱਕ ਪਹੁੰਚ ਗਿਆ। ਪਹਿਲਾਂ ਵੀ ਕਈ ਵਾਰ ਇਸ ਗੰਦੇ ਨਾਲੇ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਜਾ ਚੁੱਕਾ ਹੈ। ਇਹੋ ਹਾਲ ਨਿਊ ਜਨਤਾ ਨਗਰ ਅਤੇ ਨਿਊ ਦੀਪ ਨਗਰ ਵਿੱਚ ਵੀ ਦੇਖਣ ਨੂੰ ਮਿਲਿਆ ਹੈ ਜਿੱਥੇ ਬੁੱਢੇ ਦਰਿਆ ਦਾ ਪਾਣੀ ਬੈਕ ਮਾਰ ਰਿਹਾ ਸੀ। ਇੱਥੇ ਵੀ ਦੂਸ਼ਿਤ ਪਾਣੀ ਗਲੀਆਂ ਅਤੇ ਲੋਕਾਂ ਦੇ ਘਰਾਂ ਵਿੱਚ ਦਾਖ਼ਲ ਹੋ ਗਿਆ।
ਬੁੱਢੇ ਦਰਿਆ ਵਿੱਚ ਕਈ ਥਾਵਾਂ ’ਤੇ ਬੂਟੀ ਫਸੀ
ਮੀਂਹ ਕਾਰਨ ਬੁੱਢੇ ਦਰਿਆ ਵਿੱਚ ਵੀ ਕਈ ਥਾਵਾਂ ’ਤੇ ਪੁਲੀਆਂ ਨੇੜੇ ਬੂਟੀ ਫਸੀ ਦਿਖਾਈ ਦਿੱਤੀ। ਪਾਣੀ ਦੀ ਨਿਕਾਸੀ ਵਿੱਚ ਅੜਿੱਕਾ ਬਣੀ ਇਸ ਬੂਟੀ ਨੂੰ ਮੌਕੇ ’ਤੇ ਮਸ਼ੀਨਾਂ ਨਾਲ ਕੱਢਿਆ ਗਿਆ। ਹੈਬੋਵਾਲ ਅਤੇ ਕਈ ਹੋਰ ਥਾਵਾਂ ’ਤੇ ਸੀਵਰਜ ਵੀ ਓਵਰਫਲੋਅ ਹੋ ਗਏ। ਬੀਰੂ ਬੰਦਾ ਇਲਾਕੇ ਵਿੱਚ ਤਾਂ ਪਾਣੀ ਲੱਕ-ਲੱਕ ਤੱਕ ਪਹੁੰਚ ਗਿਆ ਸੀ। ਇਸ ਪਾਣੀ ਨੂੰ ਪੰਪਾਂ ਰਾਹੀਂ ਕੱਢਣ ਲਈ ਵਿਭਾਗ ਦੇ ਮੁਲਾਜ਼ਮਾਂ ਨੂੰ ਭਾਰੀ ਮੁਸ਼ੱਕਤ ਕਰਨੀ ਪਈ। ਲੋਕਾਂ ਨੂੰ ਮੀਂਹ ਕਾਰਨ ਪ੍ਰੇਸ਼ਾਨੀ ਝੱਲਣੀ ਪਈ।