ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੱਖਾਂ ਏਕੜ ਫ਼ਸਲ ’ਤੇ ਫਿਰਿਆ ਹੜ੍ਹਾਂ ਦਾ ਪਾਣੀ

07:11 AM Jul 14, 2023 IST
ਲੋਹੀਆਂ ਬਲਾਕ ਦੇ ਗਿੱਦਡ਼ਪਿੰਡੀ ਪਿੰਡ ਨੇਡ਼ੇ ਪਏ ਪਾਡ਼ ਨੂੰ ਰੇਤੇ ਦੀਆਂ ਬੋਰੀਆਂ ਨਾਲ ਪੂਰਨ ਦਾ ਯਤਨ ਕਰਦੇ ਹੋਏ ਸਥਾਨਕ ਲੋਕ। -ਫੋਟੋ: ਸਰਬਜੀਤ ਸਿੰਘ

ਚਰਨਜੀਤ ਭੁੱਲਰ
ਚੰਡੀਗੜ੍ਹ, 13 ਜੁਲਾਈ
ਪੰਜਾਬ ’ਚ ਹੁਣ ਘੱਗਰ ਨੇ ਪਟਿਆਲਾ-ਸੰਗਰੂਰ ਦੇ ਸੈਂਕੜੇ ਪਿੰਡਾਂ ’ਚ ਤਬਾਹੀ ਮਚਾ ਦਿੱਤੀ ਹੈ। ਤਿੰਨ ਦਨਿਾਂ ਤੋਂ ਬਾਰਸ਼ ਰੁਕੀ ਹੋਣ ਦੇ ਬਾਵਜੂਦ ਘੱਗਰ ਦਾ ਪਾਣੀ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਪਟਿਆਲਾ ਜ਼ਿਲ੍ਹੇ ਵਿਚ ਕਰੀਬ ਢਾਈ ਲੱਖ ਏਕੜ ਫ਼ਸਲ ਪਾਣੀ ਵਿਚ ਡੁੱਬ ਗਈ ਹੈ ਜਿਸ ਚੋਂ ਕਰੀਬ ਸਵਾ ਲੱਖ ਏਕੜ ’ਚ ਮੁੜ ਫ਼ਸਲ ਸੰਭਵ ਨਹੀਂ ਰਹੀ ਹੈ। ਘੱਗਰ ਦੇ ਪਾਣੀ ਨੇ ਸੰਗਰੂਰ ਜ਼ਿਲ੍ਹੇ ਵਿਚ 42 ਹਜ਼ਾਰ ਏਕੜ ਫ਼ਸਲ ਬਰਬਾਦ ਕਰ ਦਿੱਤੀ ਹੈ ਤੇ ਹਾਲੇ ਹੋਰ ਨੁਕਸਾਨ ਦਾ ਡਰ ਹੈ।
ਪਟਿਆਲਾ ਜ਼ਿਲ੍ਹੇ ਦੇ ਪਿੰਡ ਜੁਲਕਾ ਵਿਚ ਅੱਜ ਇੱਕ ਕਿਸ਼ਤੀ ਪੁਲ ਨਾਲ ਟਕਰਾਉਣ ਮਗਰੋਂ ਪਲਟ ਗਈ ਜਿਸ ਵਿਚ ਕੋਈ ਜਾਨੀ ਨੁਕਸਾਨ ਤੋਂ ਤਾਂ ਬਚਾਅ ਹੋ ਗਿਆ ਹੈ ਪ੍ਰੰਤੂ ਕਈ ਪੁਲੀਸ ਅਧਿਕਾਰੀ ਜੱਦੋਜਹਿਦ ਨਾਲ ਪਾਣੀ ਚੋਂ ਬਾਹਰ ਨਿਕਲੇ। ਵੇਰਵਿਆਂ ਅਨੁਸਾਰ ਪੰਜਾਬ ਦੇ 14 ਜ਼ਿਲ੍ਹੇ ਪੂਰੀ ਤਰ੍ਹਾਂ ਮੀਂਹ ਦੇ ਕਹਿਰ ਦੀ ਮਾਰ ਵਿਚ ਆ ਗਏ ਹਨ ਅਤੇ ਕਰੀਬ 1200 ਪਿੰਡਾਂ ’ਤੇ ਆਫ਼ਤ ਦਾ ਮੀਂਹ ਵਰ੍ਹਿਆ ਹੈ। ਸਰਕਾਰੀ ਰਿਪੋਰਟ ਅਨੁਸਾਰ ਹੁਣ ਤੱਕ 15 ਜਾਨਾਂ ਜਾ ਚੁੱਕੀਆਂ ਹਨ ਅਤੇ ਛੇ ਵਿਅਕਤੀ ਲਾਪਤਾ ਹਨ। 14 ਜਣਿਆਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ।
ਸ਼ੁਤਰਾਣਾ ਦੇ ਪਿੰਡ ਜੋਗੇਵਾਲਾ ਵਿਚ ਅੱਜ ਇੱਕ ਸਾਬਕਾ ਏਐਸਆਈ ਭਗਵਾਨ ਦਾਸ ਦੀ ਪਾਣੀ ’ਚ ਰੁੜ੍ਹ ਕੇ ਮੌਤ ਹੋ ਗਈ ਹੈ। ਇਸੇ ਤਰ੍ਹਾਂ ਸੂਬੇ ਵਿਚ ਕਰੀਬ 300 ਘਰ ਨੁਕਸਾਨੇ ਗਏ ਹਨ ਜਦੋਂ ਕਿ ਨਵਾਂ ਸ਼ਹਿਰ ਤੇ ਰੋਪੜ ਵਿਚ ਕਰੀਬ 10 ਹਜ਼ਾਰ ਪੋਲਟਰੀ ਜਾਨਵਰ ਮਰੇ ਹਨ। ਪੰਜਾਬ ਦੇ ਸੱਤ ਜ਼ਿਲ੍ਹਿਆਂ ਪਟਿਆਲਾ, ਰੋਪੜ, ਸੰਗਰੂਰ, ਜਲੰਧਰ, ਫ਼ਿਰੋਜ਼ਪੁਰ, ਫ਼ਤਿਹਗੜ੍ਹ ਸਾਹਬਿ ਅਤੇ ਕਪੂਰਥਲਾ ਵਿਚ ਭਾਰਤੀ ਸੈਨਾ ਨੇ ਮੋਰਚਾ ਸੰਭਾਲਿਆ ਹੋਇਆ ਹੈ। ਇਸੇ ਦੌਰਾਨ ਮਾੜੀ ਖ਼ਬਰ ਇਹ ਆ ਰਹੀ ਹੈ ਕਿ ਘੱਗਰ ਦੇ ਐਨ ਬਰਾਬਰ ਹੁਣ ਅਣਕਿਆਸੀ ਨਦੀ ਦੇ ਰੂਪ ਵਿਚ ਪਾਣੀ ਦਾ ਵਹਿਣ ਤੇਜ਼ ਹੋ ਗਿਆ ਹੈ।
ਪਟਿਆਲਾ ਤੋਂ ਅੱਗੇ ਘੱਗਰ ’ਚ ਪਾਣੀ 70 ਹਜ਼ਾਰ ਕਿਊਸਿਕ ਚੱਲ ਰਿਹਾ ਸੀ ਪ੍ਰੰਤੂ ਹਰਿਆਣਾ ਵਾਲੇ ਪਾਸਿਓ ਮਾਰਕੰਡਾ ਅਤੇ ਟਾਂਗਰੀ ਨਦੀ ਦਾ ਕਰੀਬ 80 ਕਿਊਸਿਕ ਪਾਣੀ ਹੋਰ ਆ ਕੇ ਘੱਗਰ ਵਿਚ ਮਿਲ ਗਿਆ ਹੈ। ਵੱਡੀ ਨਦੀ ਦਾ ਪਾਣੀ ਘਟਣ ਨਾਲ ਪਟਿਆਲਾ ਦੇ ਇੱਕ ਹਿੱਸੇ ਨੂੰ ਰਾਹਤ ਜ਼ਰੂਰ ਮਿਲੀ ਹੈ। ਘੱਗਰ ਦਾ ਇਹ ਪਾਣੀ ਅੱਗੇ ਭਾਖੜਾ ਮੇਨ ਲਾਈਨ ਨਾਲ ਵੀ ਟਕਰਾ ਗਿਆ ਹੈ ਜਿਸ ਨਾਲ ਸਮਾਣਾ ਖ਼ਿੱਤੇ ਦੇ ਸੈਂਕੜੇ ਪਿੰਡ ਪਾਣੀ ਦੀ ਮਾਰ ਵਿਚ ਆ ਗਏ ਹਨ। ਘੱਗਰ ’ਤੇ ਮਕਰੋੜਾ ਬੰਨ੍ਹ ਵੀ ਅੱਜ ਟੁੱਟ ਗਿਆ ਹੈ। ਪਾਤੜਾਂ ਵਾਲਾ ਕੌਮੀ ਸੜਕ ਮਾਰਗ ਜਿਥੇ ਪਾਣੀ ਦੀ ਲਪੇਟ ਵਿਚ ਆ ਗਿਆ ਹੈ, ਉੱਥੇ ਮੂਨਕ ਸ਼ਹਿਰ ਲਈ ਵੀ ਵੱਡਾ ਖ਼ਤਰਾ ਖੜ੍ਹਾ ਹੋ ਗਿਆ ਹੈ। ਪੱਚੀ ਦਰਾ ਦਾ ਪਾਣੀ ਵੀ ਘੱਗਰ ਵਿਚ ਸ਼ਾਮਿਲ ਹੋ ਗਿਆ ਹੈ। ਘੱਗਰ ਦੇ ਫੈਲ ਰਹੇ ਪਾਣੀ ਨੇ ਮਾਨਸਾ ਜ਼ਿਲ੍ਹੇ ਨੂੰ ਵੀ ਧੁੜਕੂ ਲਾ ਦਿੱਤਾ ਹੈ। ਆਖ਼ਰ ਸਰਦੂਲਗੜ੍ਹ ਇਲਾਕੇ ਵਿਚ ਇਹ ਪਾਣੀ ਪਹੁੰਚਣਾ ਹੈ। ਮੂਨਕ, ਖਨੌਰੀ ਤੇ ਸਮਾਣਾ ਦੇ ਇਲਾਕੇ ਲਈ ਇਸ ਵੇਲੇ ਸਭ ਤੋਂ ਵੱਡੀ ਪ੍ਰੀਖਿਆ ਹੈ। ਘੱਗਰ ’ਚ ਚੱਲਿਆ ਪਾਣੀ ਹੀ ਸੰਭਾਲਣਾ ਔਖਾ ਹੋ ਗਿਆ ਹੈ। ਦੂਸਰੇ ਬੰਨ੍ਹੇ ਸਤਲੁਜ ਦਰਿਆ ਦੀ ਮਾਰ ਘਟੀ ਹੈ ਅਤੇ ਗਿੱਦੜ ਪਿੰਡੀ (ਜਲੰਧਰ) ਕੋਲ ਪਾਣੀ ਸਿਰਫ਼ 34 ਹਜ਼ਾਰ ਕਿਊਸਿਕ ਹੀ ਰਹਿ ਗਿਆ ਹੈ। ਪੰਜਾਬ ਸਰਕਾਰ ਨੇ ਧੁੱਸੀ ਬੰਨ੍ਹ ਨੂੰ ਪੂਰਨ ਵਾਸਤੇ ਚਾਰ ਜ਼ਿਲ੍ਹਿਆਂ ਚੋਂ ਬੋਰੀਆਂ ਆਦਿ ਦੇ ਪ੍ਰਬੰਧ ਕੀਤੇ ਹਨ। ਇਹ ਬੰਨ੍ਹ ਕਰੀਬ 900 ਫੁੱਟ ਚੌੜਾ ਹੈ। ਸਰਹੱਦੀ ਜ਼ਿਲ੍ਹੇ ਫ਼ਿਰੋਜ਼ਪੁਰ ਕੋਲ ਪਾਣੀ 80 ਹਜ਼ਾਰ ਕਿਊਸਿਕ ਰਹਿ ਗਿਆ ਹੈ। ਰੋਪੜ ਅਤੇ ਮੁਹਾਲੀ ਜ਼ਿਲ੍ਹਾ ਹੁਣ ਕੁਝ ਸੰਭਲੇ ਹਨ। ਇਥੇ ਰਾਹਤ ਕਾਰਜ ਕਾਫ਼ੀ ਤੇਜ਼ ਚੱਲ ਰਹੇ ਹਨ। ਏਨਾ ਜ਼ਰੂਰ ਹੈ ਕਿ ਜਲੰਧਰ ਦੇ ਸ਼ਾਹਕੋਟ ਲੋਹੀਆਂ ਦੇ ਦਰਜਨਾਂ ਪਿੰਡਾਂ ਵਿਚ ਪਾਣੀ ਦੇ ਮਾਰ ਨੇ ਜ਼ਿੰਦਗੀ ਦਾਅ ’ਤੇ ਲਾ ਦਿੱਤੀ ਹੈ। ਇਨ੍ਹਾਂ ਪਿੰਡਾਂ ਵਿਚ ਦਵਾਈਆਂ ਦੀ ਮੰਗ ਵਧ ਗਈ ਹੈ। ਗਿੱਦੜ ਪਿੰਡੀ ਵਿਚ ਅੱਜ ਇੱਕ ਬਜ਼ੁਰਗ ਦਾ ਸਸਕਾਰ ਵੀ ਸੜਕ ਕਨਿਾਰੇ ਕਰਨਾ ਪਿਆ। ਪਟਿਆਲਾ ਜ਼ਿਲ੍ਹੇ ਦੇ ਪਿੰਡਾਂ ਵਿਚ ਵੀ ਲੋਕਾਂ ਦਾ ਬੁਰਾ ਹਾਲ ਹੈ। ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਨੂੰ ਹੁਣ ਬਿਮਾਰੀਆਂ ਨਾਲ ਲੜਨਾ ਪੈ ਸਕਦਾ ਹੈ। ਡੇਂਗੂ ਅਤੇ ਮਲੇਰੀਆ ਆਦਿ ਦੀ ਪ੍ਰਕੋਪੀ ਵੀ ਲੋਕਾਂ ਦੇ ਸਿਰ ’ਤੇ ਖੜ੍ਹੀ ਹੈ।

Advertisement

ਜਲੰਧਰ ’ਚ ਹੜ੍ਹ ਦੀ ਮਾਰ ਹੇਠ ਆਏ ਲੋਹੀਆਂ ਇਲਾਕੇ ’ਚ ਰਾਹਤ ਕਾਰਜ ਚਲਾਉਂਦੇ ਹੋਏ ਫੌਜੀ ਜਵਾਨ। -ਫੋਟ: ਪੀਟੀਆਈ

 

ਸਕੂਲਾਂ ਵਿਚ ਛੁੱਟੀਆਂ 16 ਜੁਲਾਈ ਤੱਕ
ਪੰਜਾਬ ਸਰਕਾਰ ਨੇ ਮੀਂਹ ਕਾਰਨ ਵਿਗੜੇ ਹਾਲਾਤਾਂ ਦੇ ਮੱਦੇਨਜ਼ਰ ਸਰਕਾਰੀ,ਏਡਿਡ ਅਤੇ ਪ੍ਰਾਈਵੇਟ ਸਕੂਲਾਂ ਵਿਚ ਛੁੱਟੀਆਂ 16 ਜੁਲਾਈ ਤੱਕ ਵਧਾ ਦਿੱਤੀਆਂ ਹਨ। ਇਸੇ ਤਰ੍ਹਾਂ ਆਂਗਣਵਾੜੀ ਸੈਂਟਰ ਵੀ 16 ਜੁਲਾਈ ਤੱਕ ਬੰਦ ਰਹਿਣਗੇ। ਪਤਾ ਲੱਗਾ ਹੈ ਕਿ ਕਈ ਜ਼ਿਲਿ੍ਹਆਂ ਵਿਚ ਸਰਕਾਰੀ ਸਕੂਲ ਪਾਣੀ ਵਿਚ ਡੁੱਬ ਗਏ ਹਨ ਜਿਸ ਕਰਕੇ ਸਿੱਖਿਆ ਮਹਿਕਮਾ ਕੋਈ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦਾ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸਕੂਲ ਹੁਣ ਸੋਮਵਾਰ ਨੂੰ ਖੁੱਲ੍ਹਣਗੇ। ਇਸ ਸਬੰਧੀ ਟਵੀਟ ਕਰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ 16 ਜੁਲਾਈ ਤੱਕ ਛੁੱਟੀਆਂ ਦਾ ਬਕਾਇਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ 17 ਜੁਲਾਈ ਨੂੰ ਆਮ ਵਾਂਗ ਸਕੂਲ ਖੁੱਲ੍ਹਣਗੇ।

Advertisement

ਛੇ ਲੱਖ ਏਕੜ ਫ਼ਸਲ ਤਬਾਹ
ਪੰਜਾਬ ਵਿਚ ਮੀਂਹ ਦੀ ਮਾਰ ਨੇ ਕਰੀਬ ਛੇ ਲੱਖ ਏਕੜ ਫ਼ਸਲੀ ਰਕਬੇ ਦਾ ਨੁਕਸਾਨ ਕਰ ਦਿੱਤਾ ਹੈ ਜਿਸ ਚੋਂ ਸਿਰਫ਼ ਚਾਰ ਲੱਖ ਏਕੜ ਰਕਬੇ ਵਿਚ ਫ਼ਸਲ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ ਜਦੋਂ ਕਿ ਦੋ ਲੱਖ ਏਕੜ ਰਕਬੇ ਵਿਚ ਮੁੜ ਬਿਜਾਂਦ ਹੋ ਸਕਦੀ ਹੈ। ਕਿਸਾਨੀ ਨੂੰ ਇਹ ਵੱਡੀ ਸੱਟ ਹੈ। ਗੈਰ ਸਰਕਾਰੀ ਤੌਰ ’ਤੇ ਇਹ ਰਕਬਾ ਦਸ ਲੱਖ ਤੋਂ ਵੀ ਜ਼ਿਆਦਾ ਹੈ। ਘੱਗਰ ਦੀ ਲਪੇਟ ’ਚ ਆਏ ਨਵੇਂ ਰਕਬੇ ਨੂੰ ਇਸ ’ਚ ਸ਼ਾਮਿਲ ਨਹੀਂ ਕੀਤਾ ਗਿਆ ਹੈ। ਪਟਿਆਲਾ ਵਿਚ ਢਾਈ ਲੱਖ ਏਕੜ, ਫ਼ਤਿਹਗੜ੍ਹ ਸਾਹਬਿ ਵਿਚ 80 ਹਜ਼ਾਰ ਏਕੜ, ਫ਼ਿਰੋਜ਼ਪੁਰ ਵਿਚ 33 ਹਜ਼ਾਰ ਏਕੜ, ਤਰਨਤਾਰਨ ਵਿਚ 80 ਹਜ਼ਾਰ ਏਕੜ ਰਕਬਾ ਪਾਣੀ ਦੀ ਲਪੇਟ ਵਿਚ ਆਇਆ ਹੈ।

ਰਾਹਤ ਕਾਰਜ ਹੋਏ ਤੇਜ਼
ਕਈ ਦਨਿਾਂ ਤੋਂ ਰੁਕੀ ਬਾਰਸ਼ ਕਰਕੇ ਹੜ੍ਹ ਪ੍ਰਭਾਵਿਤ ਲੋਕਾਂ ਦੇ ਬਚਾਅ ਲਈ ਰਾਹਤ ਕਾਰਜ ਤੇਜ਼ ਹੋਏ ਹਨ। ਸੱਤ ਜ਼ਿਲ੍ਹਿਆਂ ਵਿਚ ਐਨਡੀਆਰਐਫ ਦੀਆਂ 11 ਟੀਮਾਂ ਅਤੇ ਸੱਤ ਜ਼ਿਲ੍ਹਿਆਂ ਵਿਚ ਭਾਰਤੀ ਸੈਨਾ ਦੀਆਂ ਟੁਕੜੀਆਂ ਲੋਕਾਂ ਦੇ ਬਚਾਓ ਲਈ ਜੁਟੀਆਂ ਹੋਈਆਂ ਹਨ। ਇਵੇਂ ਹੀ ਸੱਤ ਜ਼ਿਲ੍ਹਿਆਂ ਵਿਚ ਕਿਸ਼ਤੀਆਂ ਜਰੀਏ ਲੋਕਾਂ ਨੂੰ ਰਾਸ਼ਨ ਵਗ਼ੈਰਾ ਪਹੁੰਚਾਇਆ ਜਾ ਰਿਹਾ ਹੈ। ਹੁਣ ਤੱਕ 18802 ਲੋਕਾਂ ਨੂੰ ਕੱਢਿਆ ਜਾ ਚੁੱਕਾ ਹੈ ਅਤੇ 183 ਰਾਹਤ ਕੈਂਪਾਂ ਵਿਚ 1500 ਵਿਅਕਤੀ ਹਨ। ਦਵਾਈਆਂ ਵੀ ਵੰਡੀਆਂ ਜਾ ਰਹੀਆਂ ਹਨ।

ਲੀਹਾਂ ’ਤੇ ਪਾਣੀ: 700 ਤੋਂ ਵੱਧ ਰੇਲਗੱਡੀਆਂ ਰੱਦ
ਨਵੀਂ ਦਿੱਲੀ: ਪਿਛਲੇ ਕੁਝ ਦਨਿਾਂ ਤੋਂ ਪੈ ਰਹੇ ਮੋਹਲੇਧਾਰ ਮੀਂਹ ਕਾਰਨ ਪਟੜੀਆਂ ’ਤੇ ਪਾਣੀ ਖੜ੍ਹਾ ਹੋਣ ਨਾਲ 7 ਤੋਂ 15 ਜੁਲਾਈ ਤੱਕ ਲਈ 706 ਰੇਲਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਨ੍ਹਾਂ ’ਚੋਂ 300 ਮੇਲ ਤੇ ਐਕਸਪ੍ਰੈੱਸ ਅਤੇ 406 ਪੈਸੰਜਰ ਰੇਲਗੱਡੀਆਂ ਸ਼ਾਮਲ ਹਨ। ਅਧਿਕਾਰੀਆਂ ਨੇ ਕਿਹਾ ਕਿ ਮੀਂਹ ਕਾਰਨ ਕਰੀਬ 600 ਮੇਲ ਤੇ ਐਕਸਪ੍ਰੈੱਸ ਅਤੇ 50 ਤੋਂ ਜ਼ਿਆਦਾ ਪੈਸੰਜਰ ਰੇਲਗੱਡੀਆਂ ਪ੍ਰਭਾਵਿਤ ਹੋਈਆਂ ਹਨ। ਉੱਤਰੀ ਰੇਲਵੇ ਨੇ ਲਗਭਗ 300 ਮੇਲ/ਐਕਸਪ੍ਰੈੱਸ ਰੇਲਗੱਡੀਆਂ ਰੱਦ ਕੀਤੀਆਂ ਅਤੇ 191 ਦੇ ਰਾਹ ਬਦਲ ਦਿੱਤੇ। ਦਿੱਲੀ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਵਿੱਚ ਭਾਰੀ ਮੀਂਹ ਕਾਰਨ ਅੰਬਾਲਾ, ਦਿੱਲੀ, ਫਿਰੋਜ਼ਪੁਰ ਅਤੇ ਮੁਰਾਦਾਬਾਦ ਡਵੀਜ਼ਨਾਂ ’ਤੇ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਯਾਤਰੀਆਂ ਦੀ ਸਹਾਇਤਾ ਲਈ ਸਾਰੇ ਵੱਡੇ ਰੇਲਵੇ ਸਟੇਸ਼ਨਾਂ ’ਤੇ ਹੈਲਪ ਡੈਸਕ ਖੋਲ੍ਹੇ ਗਏ ਹਨ। -ਪੀਟੀਆਈ

 

Advertisement
Tags :
ਹੜ੍ਹਾਂਪਾਣੀ:ਫ਼ਸਲਫਿਰਿਆਲੱਖਾਂ