ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹੜ੍ਹ ਦੁਖਾਂਤ: ਪਾਣੀ ਦੀ ਵੱਡਮੁੱਲੀ ਦਾਤ ਨੂੰ ਧੱਕੇ

07:44 AM Jul 21, 2023 IST

ਅਭੈ ਸਿੰਘ
ਹੜ੍ਹ ਤੇ ਸੋਕਾ, ਦੋ ਭਿਅੰਕਰ ਕੁਦਰਤੀ ਆਫ਼ਤਾਂ ਹਨ; ਦੋਵੇਂ ਇਕ ਦੂਜੇ ਤੋਂ ਵੱਧ ਮਾਰੂ। ਭੁੱਖਮਰੀ ਤੇ ਅਕਾਲ ਦੀ ਤਸਵੀਰ ਸੋਕੇ ਨਾਲ ਜੁੜੀ ਹੋਈ ਦਿਖਾਈ ਜਾਂਦੀ ਹੈ। ਕਲਾਕਾਰ ਅਸਮਾਨ ਵੱਲ ਮੂੰਹ ਚੁੱਕ ਕੇ ਦੇਖਦਾ ਕਿਸਾਨ ਤੇ ਸੁੱਕੀ ਧਰਤੀ ਵਿਚ ਪਈਆਂ ਤ੍ਰੇੜਾਂ ਦਿਖਾਈਆਂ ਜਾਂਦੀਆਂ ਹਨ; ਬੰਜਰ ਧਰਤੀ ਉਪਰ ਪਸ਼ੂਆਂ ਦੇ ਪਿੰਜਰ ਵੀ ਦਿਖਾਏ ਜਾਂਦੇ ਹਨ। ਹੜ੍ਹਾਂ ਦੀਆਂ ਅਜਿਹੀਆਂ ਦਰਦਨਾਕ ਤਸਵੀਰਾਂ ਘੱਟ ਬਣਾਈਆਂ ਜਾਂਦੀਆਂ ਹਨ। ਇਸ ਦਾ ਵੱਡਾ ਕਾਰਨ ਇਹ ਹੈ ਕਿ ਹੜ੍ਹ ਥੋੜ੍ਹਚਿਰਾ ਹੁੰਦੇ ਹਨ। ਕਿਹਾ ਜਾਂਦਾ ਹੈ ਕਿ ਹੜ੍ਹ ਤਾਂ ਬੰਦੇ ਤੇ ਹੋਰ ਜੀਵਾਂ ਦੀ ਜਿ਼ੰਦਗੀ ਇਕ ਝਟਕੇ ਨਾਲ ਹੀ ਤਮਾਮ ਕਰ ਦਿੰਦਾ ਹੈ ਪਰ ਸੋਕਾ ਤਰਸਾ ਤਰਸਾ ਕੇ ਮਾਰਦਾ ਹੈ। ਹੜ੍ਹ ਕਿਸੇ ਦਰਖਤ ਨੂੰ ਜੜ੍ਹੋਂ ਪੁੱਟ ਕੇ ਸੁੱਟ ਦਿੰਦਾ ਹੈ ਪਰ ਸੋਕਾ ਉਸ ਦੇ ਇਕ ਇਕ ਪੱਤੇ ਨੂੰ ਝੁਲਸਦਾ ਹੈ ਤੇ ਫਿਰ ਬਾਲਣ ਬਣਾ ਦਿੰਦਾ ਹੈ। ਸੋਕਾ ਤਾਂ ਕਿਸੇ ਖੇਤ ਦੀ ਇਕ ਫ਼ਸਲ ਤਬਾਹ ਕਰਦਾ ਹੈ ਪਰ ਹੜ੍ਹ ਤਾਂ ਖੇਤ ਹੀ ਪੁੱਟ ਕੇ ਲੈ ਜਾਂਦਾ ਹੈ। ਇਸ ਵਾਸਤੇ ਇਹ ਕਹਿਣਾ ਔਖਾ ਹੈ ਕਿ ਹੜ੍ਹ ਵੱਧ ਹਾਨੀਕਾਰਕ ਹਨ ਜਾਂ ਸੋਕਾ।
ਦੁਨੀਆ ਦਪੱਧਰ ’ਤੇ ਹੀ ਜਦੋਂ ਬੰਦੇ ਦੀ ਖੁਰਾਕ ਵਾਸਤੇ ਅਨਾਜ ਦੀ ਗੱਲ ਹੋਵੇ ਜਾਂ ਫਲ ਸਬਜ਼ੀਆਂ ਦੀ ਤੇ ਜਾਂ ਫਿਰ ਮੀਟ ਮੱਛੀ ਦੀ ਵੀ, ਸਭ ਦਾ ਸਰੋਤ ਪਾਣੀ ਹੈ। ਬੰਦੇ ਨੂੰ ਆਕਸੀਜਨ ਮੁਹੱਈਆ ਕਰਨ ਵਾਲੇ ਪੌਦੇ ਵੀ ਪਾਣੀ ਉਪਰ ਨਿਰਭਰ ਹਨ। ਜਦੋਂ ਵੀ ਸਿੰਜਾਈ ਵਾਸਤੇ ਪਾਣੀ ਦੀ ਗੱਲ ਕਰਦੇ ਹਾਂ ਤਾਂ ਚਾਹੇ ਨਹਿਰਾਂ ਹੋਣ ਜਾਂ ਜ਼ਮੀਨ, ਹੇਠਲਾ ਪਾਣੀ ਸਭ ਮੀਂਹਾਂ ਦੇ ਪਾਣੀ ਦੀ ਦੇਣ ਹਨ। ਸਦੀਆਂ ਹੀ ਨਹੀਂ, ਹਜ਼ਾਰਾਂ ਲੱਖਾਂ ਸਾਲਾਂ ਵਿਚ ਧਰਤੀ ਨੇ ਮੀਂਹਾਂ ਦਾ ਪਾਣੀ ਆਪਣੇ ਅੰਦਰ ਇਕੱਠਾ ਕੀਤਾ ਹੈ। ਅਗਰ ਅਸੀਂ ਉਹ 50 ਸਾਲਾਂ ਵਿਚ ਹੀ ਖ਼ਤਮ ਕਰ ਦੇਣਾ ਚਾਹੁੰਦੇ ਹਾਂ ਤਾਂ ਉਹ ਸਾਡੀ ਮਰਜ਼ੀ। ਵੈਸੇ ਸਾਰੀ ਦੁਨੀਆ ਵਿਚ ਖੇਤੀ ਵਾਲੀ ਜ਼ਮੀਨ ਵਾਸਤੇ ਸਿੰਜਾਈ ਦਾ ਸਭ ਤੋਂ ਵੱਡਾ ਰਕਬਾ ਮੀਂਹਾਂ ਨਾਲ ਸਿੰਜਾਈ ਦਾ ਹੈ। ਕਿਸਾਨਾਂ ਨੂੰ ਆਸਾਂ ਉਮੀਦਾਂ ਨਾਲ ਅਸਮਾਨ ਵੱਲ ਦੇਖਣਾ ਪੈਂਦਾ ਹੈ।
ਭਾਰਤ ਅਤੇ ਸਾਡਾ ਪੂਰਾ ਉਪ ਮਹਾਂਦੀਪ ਭਾਵ ਭਾਰਤ, ਪਾਕਿਸਤਾਨ ਤੇ ਬੰਗਲਾਦੇਸ਼ ਕੁੱਲ ਮਿਲਾ ਕੇ ਪਾਣੀ ਦੀ ਕਮੀ ਵਾਲਾ ਖੇਤਰ ਨਹੀਂ। ਕੁਦਰਤ ਇਸ ਖੇਤਰ ਨੂੰ ਹਰ ਸਾਲ ਪਾਣੀ ਦਾ ਅਥਾਹ ਭੰਡਾਰ ਬਖ਼ਸ਼ਦੀ ਹੈ ਪਰ ਸਾਡੇ ਕੋਲ ਇਸ ਦਾਤ ਨੂੰ ਸੰਭਾਲਣ ਵਾਸਤੇ ਬਰਤਨ ਨਹੀਂ ਤਾਂ ਕਿ ਅਸੀਂ ਇਸ ਵਿਚੋਂ ਸਾਰਾ ਸਾਲ ਥੋੜ੍ਹਾ ਥੋੜ੍ਹਾ ਵੰਡ ਵਰਤ ਕੇ ਹਾਸਿਲ ਕਰਦੇ ਰਹੀਏ। ਅੱਜ ਅਖ਼ਬਾਰਾਂ ਵਿਚ ਅਸੀਂ ਪਾਣੀ ਵਿਚ ਡੁੱਬੇ ਘਰ ਤੇ ਕਿਸ਼ਤੀਆਂ ਨਾਲ ਕੱਢੇ ਜਾ ਰਹੇ ਲੋਕਾਂ ਦੀਆਂ ਦਰਦਨਾਕ ਤਸਵੀਰਾਂ ਦੇਖ ਰਹੇ ਹਾਂ ਪਰ ਜਲਦੀ ਹੀ ਅਸੀਂ ਪੀਣ ਵਾਲੇ ਪਾਣੀ ਦੇ ਇਕ ਇਕ ਗਲਾਸ ਨੂੰ ਤਰਸਦੇ ਲੋਕਾਂ ਦੀਆਂ ਦਰਦਨਾਕ ਤਸਵੀਰਾਂ ਦੇਖਾਂਗੇ। ਸਮੁੰਦਰ ਬਣੇ ਖੇਤਾਂ ਦੀਆਂ ਦਰਦਨਾਕ ਤਸਵੀਰਾਂ ਤੋਂ ਬਾਅਦ ਸੋਕੇ ਨਾਲ ਤਰੇੜਾਂ ਪਏ ਖੇਤਾਂ ਦੀਆਂ ਇਤਨੀਆਂ ਹੀ ਦਰਦਨਾਕ ਤਸਵੀਰਾ ਦੇਖਣ ਨੂੰ ਮਿਲਣਗੀਆਂ।
ਇਕ ਵਾਰ ਅਸੀਂ ਸਬਰ ਸ਼ੁਕਰ ਕਰ ਲੈਂਦੇ ਹਾਂ ਕਿ ਪਾਣੀ ਅੱਗੇ ਲੰਘ ਗਿਆ ਪਰ ਕੀ ਸੋਚਦੇ ਹਾਂ ਕਿ ਆਖਰ ਕਿਥੇ ਗਿਆ? ਇਹ ਮਾਰੂ ਪਾਣੀ ਸਾਡੇ ਇਕ ਇਲਾਕੇ ਨੂੰ ਛੱਡ ਕੇ ਅੱਗ ਜਾ ਕੇ ਤਬਾਹੀ ਮਚਾਉਂਦਾ ਹੈ, ਫਿਰ ਹੋਰ ਅੱਗੇ ਤੇ ਫਿਰ ਹੋਰ ਅੱਗੇ। ਸਾਡੇ ਸਾਰੇ ਉਪ ਮਹਾਂਦੀਪ ਦੀ ਖੇਤੀ ਵਾਲੀ ਜ਼ਮੀਨ ਦਾ ਵੱਡਾ ਹਿੱਸਾ ਸਮਤਲ ਹੈ। ਸਾਡੇ ਪਾਣੀ ਦੇ ਸਰੋਤ ਪਹਾੜਾਂ ਵਿਚ ਹਨ, ਜ਼ਿਆਦਾ ਮੀਂਹ ਵੀ ਉਚਾਈ ਵਾਲੇ ਇਲਾਕਿਆਂ ਵਿਚ ਪੈਂਦੇ ਹਨ। ਇਹ ਪਾਣੀ ਨਿਵਾਣਾਂ ਵੱਲ ਆਉਂਦਾ ਹੈ। ਦਰਿਆਵਾਂ ਦਾ ਪਾਣੀ ਸਿੱਧਾ ਸਮੁੰਦਰਾਂ ਵਿਚ ਹੀ ਨਾ ਡਿੱਗੇ, ਆਸੇ ਪਾਸੇ ਵੀ ਜਾਵੇ, ਇਸੇ ਵਾਸਤੇ ਨਹਿਰਾਂ ਬਣੀਆਂ ਹਨ। ਇਹ ਨਹਿਰਾਂ ਜੇ ਦੋ ਬਣ ਸਕਦੀਆਂ ਹਨ, ਚਾਰ ਬਣ ਸਕਦੀਆਂ ਹਨ ਤਾਂ ਛੇ ਵੀ ਬਣ ਸਕਦੀਆਂ ਹਨ, ਦਸ ਤੇ ਵੀਹ ਵੀ।
ਕੁਝ ਸਾਲ ਪਹਿਲਾਂ ਦੀ ਗੱਲ ਹੈ, ਇਜ਼ਰਾਈਲ ਦੇ ਖੇਤੀ ਮਾਹਿਰ ਬੀਕਾਨੇਰ ਨਜ਼ਦੀਕ ਲਾਲਗੜ੍ਹ ਵਿਚ ਰਾਜਸਥਾਨ ਦੀ ਖੇਤੀਬਾੜੀ ਯੂਨੀਰਸਿਟੀ ਵਿਚ ਸਟੱਡੀ ਟੂਰ ’ਤੇ ਆਏ। ਇਤਫ਼ਾਕਨ ਉਹਨਾਂ ਦੀ ਆਮਦ ਤੋਂ ਬਾਅਦ ਬੀਕਾਨੇਰ ਵਿਚ ਬਹੁਤ ਮੀਂਹ ਪਿਆ ਜੋ ਉਸ ਇਲਾਕੇ ਵਿਚ ਆਮ ਤੌਰ ’ਤੇ ਨਹੀਂ ਪੈਂਦਾ। ਸਾਰੇ ਪਾਸੇ ਜਲਥਲ ਹੋ ਗਈ, ਸੜਕਾਂ ਪਾਣੀ ਨਾਲ ਭਰ ਗਈਆਂ, ਰਸਤੇ ਬੰਦ ਹੋ ਗਏ। ਕੁਝ ਲੋਕਾਂ ਨੇ ਇਜ਼ਰਾਈਲੀ ਡੈਲੀਗੇਸ਼ਨ ਨੂੰ ਤਸੱਲੀ ਦਿੰਦਿਆਂ ਕਿਹਾ ਕਿ ਫ਼ਿਕਰ ਕਰਨ ਦੀ ਲੋੜ ਨਹੀਂ, ਇਹ ਧਰਤੀ ਰੇਤਲੀ ਹੈ, ਛੇਤੀ ਹੀ ਸਾਰਾ ਪਾਣੀ ਜ਼ੀਰ ਜਾਣਾ ਹੈ। ਉਹਨਾਂ ਵਿਚੋਂ ਇਕ ਨੇ ਕਿਹਾ ਕਿ ਅਸੀਂ ਇਸੇ ਦੁਖਾਂਤ ਬਾਰੇ ਸੋਚ ਰਹੇ ਹਾਂ। ਅਸੀਂ ਜਾਣਦੇ ਹਾਂ ਕਿ ਇਹ ਧਰਤੀ ਰੇਤਲੀ ਹੈ ਤੇ ਇਸ ਹੇਠਲਾ ਪਾਣੀ ਖਾਰਾ ਹੈ ਜੋ ਖੇਤੀ ਦੇ ਕੰਮ ਨਹੀਂ ਆਉਂਦਾ। ਅੱਜ ਕੁਦਰਤ ਦੀ ਦਾਤ ਰਾਹੀਂ ਮਿਲਿਆ ਮਿੱਠੇ ਪਾਣੀ ਦਾ ਇਹ ਭੰਡਾਰ ਵੀ ਹੇਠਾਂ ਜ਼ੀਰ ਕੇ ਖਾਰੇ ਪਾਣੀ ਨਾਲ ਮਿਲ ਕੇ ਖਾਰਾ ਹੋ ਜਾਵੇਗਾ। ਉਹਨਾਂ ਦਾ ਤਰਲਾ ਸੀ ਕਿ ਇਸ ਪਾਣੀ ਨੂੰ ਵੱਧ ਤੋਂ ਵੱਧ ਉਪਰ ਹੀ ਰੋਕ ਕੇ ਰੱਖਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ।
ਅੱਜ ਦਿੱਲੀ ਅਤੇ ਹਰਿਆਣਾ ਵਿਚ ਹਥਨੀ ਕੁੰਡ ਦੇ ਮਾਮਲੇ ਨੂੰ ਲੈ ਕੇ ਵਿਵਾਦ ਹੈ। ਮੁੱਖ ਸਵਾਲ ਇਹ ਹੈ ਕਿ ਸਦੀਆਂ ਪੁਰਾਣੇ ਹਥਨੀ ਕੁੰਡ ਨੂੰ ਦੁਬਾਰਾ ਆਧੁਨਿਕ ਕੁੰਡ ਦੀ ਸ਼ਕਲ ਵਿਚ ਸੁਰਜੀਤ ਕਿਉਂ ਨਹੀਂ ਕੀਤਾ ਜਾਂਦਾ? ਉਥੇ ਕਈ ਵਰਗ ਕਿਲੋਮੀਟਰਾਂ ਵਿਚ ਫੈਲਿਆ ਕੁਦਰਤੀ ਕੁੰਡ ਭਾਵ ਡੈਮ ਸੀ ਜੋ ਅੱਜ ਬਰਬਾਦ ਕੀਤਾ ਪਿਆ ਹੈ। ਫਿਰ ਜੇ ਉਥੋਂ ਇਕ ਨਹਿਰ ਨਿਕਲ ਸਕਦੀ ਸੀ, ਉਹ ਵੀ ਸ਼ੇਰ ਸ਼ਾਹ ਸੂਰੀ ਦੇ ਵੇਲੇ ਤਾਂ ਅੱਜ ਦੋ ਨਹਿਰਾਂ ਕਿਉਂ ਨਹੀਂ ਨਿਕਲ ਸਕਦੀਆਂ?
ਦਰਅਸਲ ਪਾਣੀ ਦਾ ਫ਼ਿਕਰ ਸਾਨੂੰ ਇਸ ਦੀ ਤਕਸੀਮ ਵੇਲੇ ਹੀ ਹੁੰਦਾ ਹੈ। ਇਕ ਦੂਜੇ ਤੋਂ ਵੱਧ ਕੇ ਨਾਅਰੇ ਲਾਏ ਜਾਂਦੇ ਹਨ ਕਿ ਸਾਡੇ ਕੋਲ ਪਾਣੀ ਦੀ ਇਕ ਬੂੰਦ ਵੀ ਫਾਲਤੂ ਨਹੀਂ। ਇਹ ਗੱਲ ਉਹ ਵੀ ਕਹਿਣੋਂ ਨਹੀਂ ਰੁਕਦੇ ਜਨਿ੍ਹਾਂ ਖੁਦ ਦੂਜੇ ਰਾਜਾਂ ਨਾਲ ਸਮਝੌਤੇ ਕੀਤੇ ਤੇ ਪੈਸਾ ਵੀ ਵਸੂਲਿਆ। ਹੁਣ ਬੂੰਦਾਂ ਹੀ ਬੂੰਦਾਂ ਵਾਧੂ ਹਨ, ਭਰ ਲਵੋ ਝੋਲੀਆਂ। ਸਾਡਾ ਇਕ ਐੱਮਐੱਲਏ ਹਰੀਕੇ ਦੇ ਪੁਲ ਉਪਰ ਖੜ੍ਹਾ ਹੋ ਕੇ ਲੰਮੀ ਬਾਂਹ ਕਰ ਕੇ ਵੀਡੀਓ ਬਣਾਉਂਦਾ ਹੈ ਕਿ ਦੇਖੋ ਜ਼ੁਲਮ, ਇੰਨਾ ਪਾਣੀ ਪਾਕਿਸਤਾਨ ਜਾ ਰਿਹਾ ਹੈ। ਹੁਣ ਉਸ ਨੂੰ ਵੀਡੀਓ ਬਣਾਉਣੀ ਚਾਹੀਦੀ ਹੈ ਕਿ ਉਸ ਤੋਂ ਵੀ ਕਈ ਗੁਣਾ ਜ਼ਿਆਦਾ ਪਾਣੀ ਪਾਕਿਸਤਾਨ ਵੱਲ ਜਾ ਰਿਹਾ ਹੈ।
ਹੁਣ ਵੱਡੇ ਫ਼ਿਕਰ ਵਾਲੀ ਗੱਲ ਇਹ ਹੈ ਕਿ ਹਮੇਸ਼ਾ ਵਾਂਗ ਹੁਣ ਵੀ ਜਿਉਂ ਹੀ ਇਹ ਪਾਣੀ ਅੱਗੇ ਲੰਘ ਗਿਆ, ਅਸੀਂ ‘ਮੁਸੀਬਤ ਟਲ ਗਈ’ ਦਾ ਸੰਤੋਖ ਕਰ ਕੇ ਬੈਠ ਜਾਵਾਂਗੇ। ਫਿਰ ਸਾਰਾ ਧਿਆਨ ਮੁੜ-ਉਸਾਰੀਆਂ ਤੇ ਮੁੁਆਵਜ਼ਿਆਂ ਦੀਆਂ ਮੰਗਾਂ ਵਿਚ ਲੱਗ ਜਾਵੇਗਾ। ਦੱਸਿਆ ਜਾਂਦਾ ਹੈ ਕਿ ਇਹਨਾਂ ਹੜ੍ਹਾਂ ਨੇ ਪਿਛਲੇ ਸੌ ਸਾਲ ਦਾ ਰਿਕਾਰਡ ਤੋੜਿਆ ਹੈ। ਇਸ ਦਾ ਮਤਲਬ ਇਹ ਨਹੀਂ ਕਿ ਹੁਣ ਅਗਲੇ ਹੜ੍ਹ ਵੀ ਸੌ ਸਾਲ ਬਾਅਦ ਹੀ ਆਉਣਗੇ, ਇਹ ਕਦੇ ਵੀ ਆ ਸਕਦੇ ਹਨ। ਅਕਸਰ ਇਹਨਾਂ ਦੀ ਰੋਕਥਾਮ ਦੇ ਜੋ ਪ੍ਰੋਗਰਾਮ ਬਣਦੇ ਹਨ, ਉਹਨਾਂ ਉਪਰ ਅਮਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਹਨਾਂ ਦੀ ਆਮਦ ਹੋ ਜਾਂਦੀ ਹੈ। ਹੁਣ ਇਹ ਵਕਤ ਵੀ ਆ ਗਿਆ ਹੈ ਕਿ ਹੜ੍ਹ ਰੋਕੂ ਸਕੀਮਾਂ ਦਾ ਨਾਮ ਪਾਣੀ ਦੀ ਸੰਭਾਲ ਰੱਖਿਆ ਜਾਵੇ।
ਕੁਝ ਮੈਗਾ ਪ੍ਰਾਜੈਕਟਾਂ ਦਾ ਬਹੁਤ ਪ੍ਰਚਾਰ ਹੋ ਰਿਹਾ ਹੈ। ਇਹ ਸਭ ਸੜਕਾਂ ਦੇ ਹਾਈਵੇਜ਼ ਦੇ ਹਨ, ਕੋਈ ਵੀ ਪ੍ਰਾਜੈਕਟ ਨਵੀਆਂ ਨਹਿਰਾਂ, ਡੈਮਾਂ, ਝੀਲਾਂ ਜਾਂ ਕੁੰਡਾਂ ਦਾ ਨਹੀਂ। ਹਾਈਵੇ ਦੇ ਕੰਮ ਤਾਂ ਕੰਪਨੀਆਂ ਲੈ ਲੈਂਦੀਆਂ ਹਨ ਤੇ ਟੋਲ ਟੈਕਸ ਲਗਾ ਕੇ ਕਮਾਈਆਂ ਕਰ ਲੈਣਗੀਆਂ, ਸਵਾਲ ਹੈ ਕਿ ਨਹਿਰਾਂ ਤੇ ਝੀਲਾਂ ਦਾ ਕੰਮ ਕਿਹੜੀਆਂ ਕੰਪਨੀਆਂ ਲੈਣਗੀਆਂ? ਹਾਈਵੇ ਅਹਿਮ ਹੋਣਗੇ ਪਰ ਪਾਣੀ ਦੀ ਸੰਭਲ ਦੇ ਇੰਤਜ਼ਾਮ ਦਾ ਕੰਮ ਉਸ ਤੋਂ ਪਹਿਲਾ ਸਾਡੇ ਸਾਹਮਣੇ ਆ ਗਿਆ ਹੈ।
ਇਹ ਇੰਤਜ਼ਾਮ ਕੋਈ ਇਕੱਲਾ ਪ੍ਰਾਂਤ ਆਪਣੇ ਆਪ ਨਹੀਂ ਕਰ ਸਕਦਾ। ਹੁਣ ਜ਼ਰੂਰੀ ਹੈ ਕਿ ਸਭ ਤੋਂ ਪਹਿਲਾਂ ਪੰਜਾਬ, ਹਰਿਆਣਾ ਤੇ ਹਿਮਾਚਲ ਆਪਸ ਵਿਚ ਬੈਠ ਕੇ ਸਾਂਝੀਆਂ ਯੋਜਨਾਵਾਂ ਬਣਾਉਣ। ਫਿਰ ਭਾਰਤ, ਪਾਕਿਸਤਾਨ, ਨੇਪਾਲ ਤੇ ਬੰਗਲਾਦੇਸ਼ ਨੂੰ ਮਿਲ ਕੇ ਬੈਠਣਾ ਪਵੇਗਾ। ਤਬਾਹੀਆਂ ਮਚਾਉਂਦੇ ਇਹਨਾਂ ਹੜ੍ਹਾਂ ਨੇ ਸਿਰਫ਼ ਇਕ ਕੰਮ ਚੰਗਾ ਕੀਤਾ ਹੈ ਜੋ ਪਾਕਿਸਤਾਨ ਨਾਲ ਲੱਗਦੀ ਸਰਹੱਦ ਉਪਰ ਕਈਆਂ ਥਾਵਾਂ ਤੋਂ ਤਾਰਾਂ ਪੁੱਟ ਦਿੱਤੀਆਂ ਹਨ; ਇਕ ਚੰਗਾ ਇਸ਼ਾਰਾ ਦਿੱਤਾ ਹੈ ਕਿ ਕੁਦਰਤੀ ਆਫ਼ਤਾਂ ਉਰਫ਼ ਰਹਿਮਤਾਂ ਸੂਬਿਆਂ ਜਾਂ ਮੁਲਕਾਂ ਦੀਆਂ ਕਲਯੁਗੀ ਲਕੀਰਾਂ ਨੂੰ ਮਾਨਤਾ ਨਹੀਂ ਦਿੰਦੀਆਂ।

Advertisement

Advertisement