ਬੱਲੂਆਣਾ ਦੇ ਪਿੰਡਾਂ ਵਿੱਚ ਹੜ੍ਹ ਵਰਗੇ ਹਾਲਾਤ
ਰਾਜਿੰਦਰ ਕੁਮਾਰ
ਬੱਲੂਆਣਾ (ਅਬੋਹਰ), 22 ਅਗਸਤ
ਹਲਕਾ ਬੱਲੂਆਣਾ ਦੇ ਪਿੰਡਾਂ ਵਿੱਚ ਬੀਤੇ ਦਿਨ ਪਏ ਜ਼ੋਰਦਾਰ ਮੀਂਹ ਕਾਰਨ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਹਨ। ਕਈ ਪਿੰਡਾਂ ਦੇ ਛੱਪੜ ਓਵਰਫਲੋਅ ਹੋ ਚੁੱਕੇ ਹਨ। ਪਿੰਡਾਂ ਵਿੱਚ ਨਰਮੇ ਦੀ ਫ਼ਸਲ ਪਾਣੀ ਅੰਦਰ ਡੁੱਬ ਚੁੱਕੀ ਹੈ। ਵੱਡੀ ਗਿਣਤੀ ਵਿੱਚ ਕੱਚੇ ਮਕਾਨ ਡਿੱਗਣ ਕਾਰਨ ਗ਼ਰੀਬ ਤਬਕਾ ਬੇਹੱਦ ਪ੍ਰੇਸ਼ਾਨ ਹੈ।
ਹਲਕੇ ਦੇ ਸਾਬਕਾ ਵਿਧਾਇਕ ਗੁਰਤੇਜ ਸਿੰਘ ਘੁੜਿਆਣਾ ਨੇ ਅੱਜ ਕੇਰਾ ਖੇੜਾ, ਦੁਤਾਰਾਂਵਾਲੀ ਤੇ ਰਾਏਪੁਰਾ ਪਿੰਡਾਂ ਦਾ ਦੌਰਾ ਕਰਨ ਉਪਰੰਤ ਦੱਸਿਆ ਕਿ ਪਿੰਡਾਂ ਦੇ ਹਾਲਾਤ ਬਹੁਤ ਤਰਸਯੋਗ ਹਨ। ਖੇਤਾਂ ਵਿੱਚ ਮੀਂਹ ਦਾ ਪਾਣੀ ਇਕੱਤਰ ਹੋਣ ਕਾਰਨ ਲੋਕਾਂ ਨੂੰ ਪਸ਼ੂਆਂ ਲਈ ਹਰੇ ਚਾਰੇ ਦੀ ਦਿੱਕਤ ਆ ਰਹੀ ਹੈ। ਨਰਮੇ ਦੀ ਫ਼ਸਲ ਬੁਰੀ ਤਰ੍ਹਾਂ ਡੁੱਬ ਚੁੱਕੀ ਹੈ। ਛੱਪੜ ਓਵਰਫਲੋਅ ਹੋਣ ਕਾਰਨ ਗੰਦਾ ਪਾਣੀ ਪਿੰਡਾਂ ਦੀਆਂ ਗਲੀਆਂ ਵਿੱਚ ਘੁੰਮ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪਿੰਡਾਂ ਵਿੱਚੋਂ ਓਵਰਫ਼ਲੋਅ ਹੋਏ ਛੱਪੜ ਦੇ ਪਾਣੀ ਦੀ ਨਿਕਾਸੀ ਲਈ ਲਿਫ਼ਟ ਪੰਪ ਲਾਏ ਜਾਣ ਅਤੇ ਖਰਾਬ ਹੋਈਆਂ ਫ਼ਸਲਾਂ ਦੀ ਸਪੈਸ਼ਲ ਗਿਰਦਾਵਰੀ ਕਰਵਾਈ ਜਾਵੇ।