ਹੜ੍ਹ ਦੀ ਮਾਰ: ਦੋ ਲੱਖ ਏਕੜ ’ਚ ਮੁੜ ਝੋਨਾ ਲਾਏਗੀ ਸਰਕਾਰ
ਦੀਪਕਮਲ ਕੌਰ
ਜਲੰਧਰ, 27 ਜੁਲਾਈ
ਪੰਜਾਬ ਵਿੱਚ ਹੜ੍ਹਾਂ ਕਾਰਨ 6.25 ਲੱਖ ਏਕੜ ਵਿੱਚ ਫਸਲਾਂ ਤਬਾਹ ਹੋ ਗਈਆਂ ਹਨ ਜਿਸ ਕਾਰਨ ਖੇਤੀਬਾੜੀ ਵਿਭਾਗ ਵਲੋਂ ਦੋ ਲੱਖ ਏਕੜ ਖੇਤਰ ਵਿਚ ਮੁੜ ਝੋਨਾ ਲਾਉਣ ਦੀ ਯੋਜਨਾ ਹੈ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਛੇਤੀ ਪੱਕਣ ਵਾਲੀ ਕਿਸਮ ਦੀ ਪਨੀਰੀ 10 ਅਗਸਤ ਤਕ ਲਾਈ ਜਾਵੇਗੀ ਜਿਨ੍ਹਾਂ ਵਿਚ ਪੀਆਰ -26 ਤੇ 1509-ਬਾਸਮਤੀ ਦੀ ਕਿਸਮ ਸ਼ਾਮਲ ਹੈ।
ਖੇਤੀਬਾੜੀ ਡਾਇਰੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਵੇਲੇ 80 ਹਜ਼ਾਰ ਏਕੜ ਥਾਂ ਵਿਚ ਝੋਨੇ ਦੀ ਪਨੀਰੀ ਤਿਆਰ ਕਰ ਲਈ ਗਈ ਹੈ। ਉਹ ਕਿਸਾਨਾਂ ਨੂੰ 20 ਤੋਂ 25 ਦਿਨ ਪੁਰਾਣੀ ਪਨੀਰੀ ਮੁਫ਼ਤ ਮੁਹੱਈਆ ਕਰਵਾਉਣਗੇ। ਉਨ੍ਹਾਂ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਕਿਸਾਨਾਂ ਨੂੰ ਕਿਹਾ ਸੀ ਕਿ ਉਹ ਆਪਣੇ ਨੇੜਲੀ ਪਈ ਖਾਲੀ ਥਾਂ ਝੋਨਾ ਲਾਉਣ ਲਈ ਤਿਆਰ ਕਰਨ। ਉਨ੍ਹਾਂ ਦਾ ਚੰਡੀਗੜ੍ਹ ਵਿਚਲਾ ਕੰਟਰੋਲ ਰੂਮ ਹੜ੍ਹ ਪੀੜਤ ਕਿਸਾਨਾਂ ਨਾਲ ਸੰਪਰਕ ਵਿਚ ਹੈ ਤੇ ਕਿਸਾਨਾਂ ਦੀ ਭਲਾਈ ਲਈ ਕੰਮ ਕੀਤਾ ਜਾ ਰਿਹਾ ਹੈ। ਜਲੰਧਰ ਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਕਿਸਾਨਾਂ ਨੂੰ ਬੀਜ ਮੁਹੱਈਆ ਕਰਵਾ ਦਿੱਤੇ ਹਨ ਜਿਨ੍ਹਾਂ ਨਾਲ ਝੋਨਾ ਸਿਰਫ 90 ਤੋਂ 95 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਵੇਗਾ ਤੇ ਕਿਸਾਨ 8 ਤੋਂ 10 ਨਵੰਬਰ ਤਕ ਝੋਨਾ ਵੱਢ ਸਕਣਗੇ। ਪੰਜਾਬ ਵਿੱਚ ਕਣਕ ਬੀਜਣ ਦਾ ਅਮਲ ਮੱਧ ਨਵੰਬਰ ਤਕ ਚੱਲਦਾ ਰਹਿੰਦਾ ਹੈ। ਕਿਸਾਨ ਜਲਦੀ ਪੱਕਣ ਵਾਲੀ ਝੋਨੇ ਦੀ ਵਾਢੀ ਕਰਨ ਤੋਂ ਬਾਅਦ ਕਣਕ ਬੀਜ ਸਕਣਗੇ। ਦੱਸਣਾ ਬਣਦਾ ਹੈ ਕਿ ਜਲੰਧਰ ਵਿਚ ਹੜ੍ਹਾਂ ਕਾਰਨ 13,600 ਏਕੜ ਖੇਤਰ ਵਿਚ ਝੋਨੇ ਦੀ ਬਿਜਾਈ ਪ੍ਰਭਾਵਿਤ ਹੋਈ ਹੈ ਤੇ ਵਿਭਾਗ ਦੀ ਜਲੰਧਰ ਵਿਚ 9200 ਏਕੜ ਥਾਂ ਵਿਚ ਝੋਨਾ ਲਾਉਣ ਦੀ ਯੋਜਨਾ ਹੈ।
ਦੂਜੇ ਪਾਸੇ ‘ਆਪ’ ਆਗੂ ਵੀ ਇਸ ਮਾਮਲੇ ਵਿਚ ਕਿਸਾਨਾਂ ਦੇ ਸੰਪਰਕ ਵਿਚ ਹਨ ਤੇ ਉਨ੍ਹਾਂ ਦੀ ਮਦਦ ਕਰ ਰਹੇ ਹਨ। ‘ਆਪ’ ਦੇ ਨਕੋਦਰ ਤੋਂ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਦੱਸਿਆ ਕਿ ਉਨ੍ਹਾਂ ਦੇ ਆਪਣੇ ਫਾਰਮ ਦੀ ਚਾਰ ਏਕੜ ਥਾਂ ਝੋਨੇ ਲਈ ਖਾਲੀ ਕੀਤੀ ਸੀ ਜਿਸ ਲਈ ਪਨੀਰੀ ਤਿਆਰ ਕਰਵਾਈ ਗਈ ਹੈ। ਇਸ ਤੋਂ ਇਲਾਵਾ ਕੁਝ ਪੰਚਾਇਤੀ ਜ਼ਮੀਨ ਵੀ ਖਾਲੀ ਕਰਵਾਈ ਗਈ ਹੈ ਜਿਸ ਵਿਚ ਪਨੀਰੀ ਲਾਈ ਗਈ ਹੈ। ਉਹ ਇਹ ਪਨੀਰੀ ਸ਼ਾਹਕੋਟ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਮੁਫ਼ਤ ਮੁਹੱਈਆ ਕਰਵਾਉਣਗੇ। ‘ਆਪ’ ਦੇ ਸੁਲਤਾਨਪੁਰ ਲੋਧੀ ਦੇ ਆਗੂ ਸੱਜਣ ਸਿੰਘ ਚੀਮਾ ਨੇ ਦੱਸਿਆ ਕਿ ਉਨ੍ਹਾਂ ਦੇ ਵਾਲੰਟੀਅਰਾਂ ਨੇ ਖਾਲੀ ਪਈਆਂ ਥਾਵਾਂ ’ਤੇ ਪਨੀਰੀਆਂ ਤਿਆਰ ਕਰ ਲਈਆਂ ਹਨ ਤੇ ਉਹ ਝੋਨੇ ਦੀ ਪਨੀਰੀ ਪੀੜਤ ਕਿਸਾਨਾਂ ਨੂੰ ਦੇਣ ਲਈ ਪੰਜ ਅਗਸਤ ਤੋਂ ਲੰਗਰ ਲਾਉਣਗੇ।