ਲੁਧਿਆਣਾ ਵਿੱਚ ਹੜ੍ਹ ਕੰਟਰੋਲ ਰੂਮ ਸਥਾਪਤ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 3 ਜੁਲਾਈ
ਮੌਨਸੂਨ ਸੀਜ਼ਨ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਪਾਣੀ ਭਰਨ ਦੀਆਂ ਸ਼ਿਕਾਇਤਾਂ ਨਾਲ ਨਜਿੱਠਣ ਲਈ ਨਗਰ ਨਿਗਮ ਨੇ ਆਪਣੇ ਦਰੇਸੀ ਸਬ ਜ਼ੋਨ ਦਫ਼ਤਰ ਵਿੱਚ 24 ਘੰਟੇ ਹੜ ਕੰਟਰੋਲ ਰੂਮ ਸਾਥਪਤ ਕਰ ਦਿੱਤਾ ਗਿਆ ਹੈ। ਮੌਨਸੂਨ ਸੀਜ਼ਨ ਦੌਰਾਨ ਪਾਣੀ ਭਰਨ ਆਦਿ ਸਬੰਧੀ ਕੋਈ ਵੀ ਸਮੱਸਿਆ ਹੋਣ ’ਤੇ ਸ਼ਹਿਰ ਦੇ ਵਸਨੀਕ ਕੰਟਰੋਲ ਰੂਮ ਨਾਲ ਸੰਪਰਕ ਕਰ ਸਕਦੇ ਹਨ।
ਫਲੱਡ ਕੰਟਰੋਲ ਰੂਮ 25 ਸਤੰਬਰ ਤੱਕ ਚਾਲੂ ਰਹੇਗਾ। ਇਸ ਤੋਂ ਇਲਾਵਾ ਅੱਜ ਨਗਰ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਮੀਟਿੰਗ ਕਰਦੇ ਹੋਏ ਨਗਰ ਨਿਗਮ ਨਾਲ ਸਬੰਧਤ ਸਾਰੇ ਹੀ ਅਫ਼ਸਰਾਂ ਨੂੰ ਮੌਨਸੂਨ ਸੀਜ਼ਨ ਦੌਰਾਨ ਅਗਾਊਂ ਇਜਾਜ਼ਤ ਲਏ ਬਿਨਾਂ ਸਟੇਸ਼ਨ ਤੇ ਸ਼ਹਿਰ ਤੋਂ ਬਾਹਰ ਨਾ ਜਾਣ ਦੇ ਹੁਕਮ ਜਾਰੀ ਕੀਤੇ। ਇਹ ਨਿਰਦੇਸ਼ ਸਾਰੇ ਸੁਪਰਡੈਂਟ ਇੰਜੀਨੀਅਰ (ਐਸਈ), ਮਿਉਂਸਪਲ ਟਾਊਨ ਪਲਾਨਰ (ਐਮ.ਟੀ.ਪੀ.), ਕਾਰਜਕਾਰੀ ਇੰਜਨੀਅਰ, ਸਿਹਤ ਅਧਿਕਾਰੀਆਂ, ਚੀਫ ਸੈਨੇਟਰੀ ਇੰਸਪੈਕਟਰ (ਸੀ.ਐਸ.ਆਈ.) ਸਣੇ ਹੋਰ ਅਧਿਕਾਰੀਆਂ ਲਈ ਜਾਰੀ ਕੀਤੇ ਗਏ ਹਨ। ਨਗਰ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ 24 ਘੰਟੇ ਚੱਲਣ ਵਾਲੇ ਫਲੱਡ ਕੰਟਰੋਲ ਰੂਮ ਲਈ ਇੱਕ ਡਿਊਟੀ ਲਿਸਟ ਤਿਆਰ ਕੀਤੀ ਗਈ ਹੈ ਜਿਸ ਤਹਿਤ ਕਰਮਚਾਰੀ ਤਿੰਨ ਸ਼ਿਫਟਾਂ ਵਿੱਚ ਕੰਟਰੋਲ ਰੂਮ ਵਿੱਚ ਤਾਇਨਾਤ ਰਹਣਗੇ। ਡਾ. ਸ਼ੇਨਾ ਅਗਰਵਾਲ ਨੇ ਅੱਗੇ ਦੱਸਿਆ ਕਿ ਵੱਖ-ਵੱਖ ਬ੍ਰਾਂਚਾਂ ਦੇ ਸਬੰਧਤ ਅਧਿਕਾਰੀਆਂ ਜਿਨ੍ਹਾਂ ਵਿੱਚ ਆਪਰੇਸ਼ਨ ਅਤੇ ਮੇਨਟੇਨੈਂਸ (ਓਐਂਡਐਮ) ਸੈਲ, ਸਿਹਤ ਸ਼ਾਖਾ ਸਣੇ ਹੋਰਾਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਅਗਾਊਂ ਇਜਾਜ਼ਤ ਲਏ ਬਿਨਾਂ ਸ਼ਹਿਰ ਤੇ ਸਟੇਸ਼ਨ ਤੋਂ ਬਾਹਰ ਨਾ ਜਾਣ। ਇਸ ਤੋਂ ਇਲਾਵਾ ਡਾ. ਸ਼ੇਨਾ ਅਗਰਵਾਲ ਨੇ ਕਿਹਾ ਕਿ ਜ਼ੋਨਲ ਕਮਿਸ਼ਨਰਾਂ ਨੂੰ ਜ਼ਮੀਨੀ ਪੱਧਰ ’ਤੇ ਸਥਿਤੀ ਦੀ ਨਿਰੰਤਰ ਨਿਗਰਾਨੀ ਕਰਨ ਅਤੇ ਰੋਡ ਜਾਲੀਆਂ ਤੇ ਨਾਲੀਆਂ ਦੀ ਰੋਜ਼ਾਨਾ ਸਫ਼ਾਈ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।