For the best experience, open
https://m.punjabitribuneonline.com
on your mobile browser.
Advertisement

ਭਾਵੁਕਤਾ ਤੇ ਬੌਧਿਕਤਾ ਦੀ ਬੇੜੀ ਵਿਚ ਤਰਦਿਆਂ

11:37 AM Oct 29, 2023 IST
ਭਾਵੁਕਤਾ ਤੇ ਬੌਧਿਕਤਾ ਦੀ ਬੇੜੀ ਵਿਚ ਤਰਦਿਆਂ
Advertisement

ਅਵਤਾਰ ਸਿੰਘ ਬਿਲਿੰਗ
ਡੇਢ ਦਰਜਨ ਤੋਂ ਵੱਧ ਪੁਸਤਕਾਂ ਦਾ ਲੇਖਕ ਜਗਤਾਰਜੀਤ ਸਿੰਘ ਵਿਗਿਆਨ ਦਾ ਵਿਦਿਆਰਥੀ, ਕਿੱਤੇ ਪੱਖੋਂ ਇੰਜੀਨੀਅਰ, ਸ਼ੌਕ ਪੱਖ ਤੋਂ ਸੰਗੀਤ ਰਸੀਆ ਅਤੇ ਭਾਵਨਾਵਾਂ ਪੱਖੋਂ ਸੂਖ਼ਮ ਅਨੁਭਵੀ ਚਿੱਤਰਕਾਰ, ਫੋਟੋਗ੍ਰਾਫਰ, ਕਲਾ ਸਮੀਖਿਅਕ ਅਤੇ ਸ਼ਾਇਰ ਹੈ। ਉਹ ਕੁਦਰਤ ਵਿਚ ਵਾਪਰਦੇ ਨਿੱਕੇ ਨਿੱਕੇ ਵਰਤਾਰਿਆਂ ਨੂੰ ਕਾਗਜ਼ ਉੱਤੇ ਬੁਰਸ਼ ਛੋਹਾਂ ਦੇ ਨਾਲ-ਨਾਲ ਸ਼ਬਦਾਂ ਰਾਹੀਂ ਚਿਤਰਨ ਦਾ ਵੀ ਮਾਹਿਰ ਹੈ। ਸਾਹਿਤ, ਸੰਗੀਤ ਤੇ ਚਿੱਤਰਕਲਾ ਇਕ ਦੂਜੇ ਦੇ ਪੂਰਕ ਹਨ। ਉਸ ਦੀ ਕਵਿਤਾ ਨੂੰ ਸੰਗੀਤ ਧੁਨਾਂ ਤੇ ਤਸਵੀਰ ਕਲਾ ਵਾਂਗ ਡੂੰਘੀ ਸੰਵੇਦਨਾ ਨਾਲ ਮਹਿਸੂਸ ਕੀਤਾ ਜਾ ਸਕਦਾ ਹੈ। ਕਹਾਵਤ ਹੈ, ਸੰਗੀਤ ਨੂੰ ਮ੍ਰਿਗ ਮਾਣ ਸਕਦੇ ਜਦੋਂਕਿ ਮੱਝ ਦੇ ਅੱਗੇ ਬੀਨ ਵਜਾਉਣੀ ਫ਼ਜ਼ੂਲ ਹੈ। ਉਸ ਦੀ ਨਵੀਂ ਕਾਵਿ-ਪੁਸਤਕ ‘ਰੇਤ ’ਤੇ ਪਈ ਬੇੜੀ’ (ਕੈਲੀਬਰ ਪਬਲੀਕੇਸ਼ਨਜ਼, ਪਟਿਆਲਾ) ਵਿਚ ਸਮੁੰਦਰ ਦੀ ਬਰੇਤੀ ਉੱਤੇ ਇਕ ਬੇੜੀ ਪਈ ਹੈ ਜੋ ਰੇਤੇ ਵਿਚ ਡਿਗੀ ਮੱਛੀ ਵਾਂਗ ਤੜਫ਼ ਰਹੀ ਹੈ। ਵਹਿੰਦੇ ਪਾਣੀਆਂ ਬਿਨਾ ਬੇੜੀ ਦੀ ਕਾਹਦੀ ਹੋਂਦ ਹੈ? ਉਸ ਵਿਚਲੇ ਜਲ ਦੀ ਆਖ਼ਰੀ ਬੂੰਦ ਨੂੰ ਵੀ ਸੂਰਜੀ ਤਪਸ਼ ਨੇ ਚੂਸ ਲਿਆ ਹੈ। ਦੇਖੋ ਕਵੀ ਦਾ ਸ਼ਬਦਾਂ ਰਾਹੀਂ ਵਾਹਿਆ ਚਿੱਤਰ:
ਰੇਤ ’ਤੇ ਪਾਸਾ ਲੈ ਪਈ/ ਆਪਣੇ ਬੀਤੇ ਵਿਚ ਗੁਆਚੀ/
ਡਿੱਕ ਡੋਲੇ ਖਾਈ ਜਾਏ/ ...ਤਪੀ ਰੇਤ ’ਤੇ ਪਈ-ਪਈ ਸੋਚੇ/
ਕਿੱਥੇ ਜਾ ਢੋਈ ਲਵਾਂ/ ਮੈਨੂੰ ਤੇ ਮੱਛੀ ਨੂੰ ਸਰਾਪ ਹੈ/
ਪਾਣੀ ਵਿਚ ਜਿਉਣ ਦਾ/
...ਬੇੜੀ ਨੂੰ ਅਜੇ ਵੀ ਆਸ ਹੈ।
ਸ਼ਾਇਰ ਨੂੰ ਬੱਚਾ ਕੁਦਰਤ ਦੇ ਬਹੁਤ ਨੇੜੇ ਲੱਗਦਾ ਹੈ। ਨੰਨ੍ਹੇ-ਮੁੰਨੇ ਦਾ ਨਿਰਛਲ ਹਾਸਾ, ਨਿਰਛਲ ਰੋਣਾ ਕਿੰਨਾ ਸੁਭਾਵਿਕ ਹੈ। ਉਸ ਨੂੰ ਅਜੇ ਬਣਾਵਟੀ ਹਾਸਾ, ਝੂਠੀ-ਮੂਠੀ ਦਾ ਚਿਹਰਾ ਬਣਾਉਣਾ ਨਹੀਂ ਆਇਆ। ਉਹ ਹੱਸਦਾ ਹੈ, ਪੂਰੇ ਦਾ ਪੂਰਾ। ਅੱਖਾਂ ਤੋਂ ਲੈ ਕੇ ਪੈਰਾਂ ਤੱਕ। ਉਸ ਦਾ ਰੋਣਾ ਵੀ ਸੰਪੂਰਨ ਹੁੰਦਾ ਹੈ:
ਉਹ ਹੱਸਿਆ/ ਅੱਖਾਂ ਤੋਂ ਲੈ ਕੇ
ਪੈਰਾਂ ਦੇ ਪੋਟਿਆਂ ਤੱਕ।
ਇਕ ਹੋਰ ਕਵਿਤਾ ਵਿਚ ਅਤਿ ਗ਼ਰੀਬ ਬੱਚੇ ਨੂੰ ਉਸ ਦੀ ਮਾਂ ਕੜਕਦੀ ਠੰਢ ਵਿਚ ਠੰਢੇ ਸੀਤ ਪਾਣੀ ਨਾਲ ਨਹਾਉਂਦੀ ਹੈ। ਉਹ ਛੁੱਟ-ਛੁੱਟ ਜਾਂਦਾ, ਮਾਂ ਦੇ ਬੋਲ-ਕੁਬੋਲ ਸੁਣਦਾ ਹੈ। ਬਾਹਰ ਬੈਠੇ ਉਸ ਦੇ ਭੈਣ ਭਰਾ ਠੰਢ ਵਿਚ ਬਰਫ਼ੀਲੇ ਪਾਣੀ ਨਾਲ ਨਹਾਉਣ ਵਾਲੀ ਆਪਣੀ ਹੋਣੀ ਨੂੰ ਆਪਣੇ ਪਿੰਡੇ ਉੱਤੇ ਮਹਿਸੂਸ ਕਰਦੇ ਇੰਜ ਦਿਖਾਏ ਹਨ ਕਿ ਪਾਠਕ ਵੀ ਆਪਣੇ ਬਚਪਨ ਦਾ ਅਜਿਹਾ ਠਰਿਆ ਨਹਾਉਣ ਚੇਤੇ ਕਰਨੋਂ ਨਹੀਂ ਰਹਿ ਸਕਦਾ। ‘ਇਸ਼ਨਾਨ’ ਕਵਿਤਾ ਵਿਚੋਂ ਸ਼ਬਦਾਂ ਨਾਲ ਖਿੱਚੀ ਖ਼ੂਬਸੂਰਤ ਤਸਵੀਰ ਹਾਜ਼ਰ ਹੈ:
ਇਕ ਮਜ਼ਦੂਰਨ ਨੇ ਨੰਗਾ ਬੱਚਾ
ਠਿਠਕਦੀ ਠੰਢ ਵਿਚ ਲਿਆ ਖਿਲਾਰ
ਠਰੇ ਪਾਣੀ ਦੀ ਧਾਰ/
ਜਦ ਸਿਰ ਪੈਂਦੀ
ਉਹ ਕੰਬ ਕੰਬ ਰੋਵੇ/
ਮਾਂ ਹੱਥੋਂ ਛੁੱਟ-ਛੁੱਟ ਜਾਵੇ
ਉਹ ਬੋਲ ਕਬੋਲ ਬੋਲ ਕੇ/ ਹੱਥ ਚਲਾਵੇ
ਸਾਬੁਨ ਲੱਗੇ ਹੱਥਾਂ ਨਾਲ/
ਪਿੰਡਾ ਉਹਦਾ ਮਲਦੀ ਜਾਵੇ
ਆਪਣੇ ਵੱਲ ਨੂੰ ਖਿੱਚੀ ਜਾਵੇ।
ਸਾਹਿਤ, ਸੰਗੀਤ ਤੇ ਚਿੱਤਰਕਲਾ ਦੇ ਭਾਵਾਂ ਨਾਲ ਰਚੀ ਗਈ ਅਜਿਹੀ ਕਵਿਤਾ ਭਲਾ ਮਨੁੱਖੀ ਸੰਵੇਦਨਾ ਤੋਂ ਅਭਿੱਜ ਕਿਵੇਂ ਰਹਿ ਸਕਦੀ ਹੈ? ਦੇਖੋ, ਸੂਰਜੀ ਰਿਸ਼ਮਾਂ ਨਾਲ ਕਿਵੇਂ ਇਕ ਅਨੋਖਾ ਹਾਰ ਗੁੰਦਿਆ ਜਾ ਰਿਹਾ ਹੈ ਜੋ ਉਸ ਸ਼ਖ਼ਸ ਦੇ ਗਲ਼ ਦੀ ਸੋਭਾ ਬਣੇਗਾ ਜੋ ਇਸ ਦਾ ਅਸਲ ਭਾਗੀ ਬਣੇਗਾ:
ਸਿਖਰ ਦੁਪਹਿਰੇ ਬੈਠਾ/
ਗੁੰਦ ਰਿਹਾ ਹਾਂ ਹਾਰ
ਫੜ-ਫੜ ਸੂਰਜ ਕਿਰਨਾਂ/...
ਹਾਰ ਉਨ੍ਹਾਂ ਦੇ ਗਲ਼ ਪਾਵਾਂਗਾ/
ਜੋ, ਲੜ ਕੇ ਆਉਣਗੇ
ਸਿਆਹ ਹਨੇਰਿਆਂ ਨਾਲ।
ਮਨੁੱਖੀ ਆਸ-ਨਿਰਾਸ ਨੂੰ ਚਿੰਨ੍ਹਾਤਮਕ ਰੂਪ ਵਿਚ ਸੁਝਾਉਂਦੀ ਕਵਿਤਾ ਹੈ: ਬੱਚਾ ਤੇ ਖਿਡੌਣਾ। ਰੰਗਦਾਰ ਗੁਬਾਰਿਆਂ ਵਾਲੇ ਨੂੰ ਗਲੀ ਵਿਚੋਂ ਲੰਘਦਾ ਦੇਖ ਕੇ ਮਾਸੂਮ ਜਵਾਕ ਰਿਹਾੜ ਕਰਦਾ ਹੈ। ਬੇਵਸੀ ਦੇ ਅੱਥਰੂ ਵਗਾਉਂਦਾ ਹੈ। ਫੇਰ ਉਨ੍ਹਾਂ ਹੰਝੂਆਂ ਦੀਆਂ ਘਰਾਲਾਂ ਸੁੱਕਦੀਆਂ, ਗੱਲ੍ਹਾਂ ਉੱਤੇ ਨਿਰਾਸ਼ਾ ਦੇ ਨਿਸ਼ਾਨ ਛੱਡ ਜਾਂਦੀਆਂ ਹਨ:
ਦੇਰ ਤੱਕ ਵਗਦੇ ਰਹੇ ਅੱਥਰੂ/
ਅੱਖਾਂ ਹਨ ਕਿ ਦਰਿਆ
ਹੌਲੀ-ਹੌਲੀ ਆਪੇ ਸੁੱਕ ਗਿਆ/
ਗੱਲ੍ਹਾਂ ਤੋਂ ਤਿਲਕਿਆ ਪਾਣੀ
ਆਪਣੇ ਆਉਣ ਦੇ ਨਿਸ਼ਾਨ ਛੱਡ।
ਪਰਿੰਦਿਆਂ ਬਾਰੇ ਤਿੰਨ ਕਵਿਤਾਵਾਂ ਵੀ ਪਾਠਕ ਦਾ ਧਿਆਨ ਖਿੱਚਦੀਆਂ ਹਨ। ‘ਪਰਿੰਦੇ’, ‘ਦੁੱਖ-ਸੁੱਖ’ ਤੇ ‘ਉਡਾਰੀ’। ਇਹ ਪੰਛੀਆਂ ਦੇ ਨਾਲੋ-ਨਾਲ ਮਨੁੱਖੀ ਵਰਤਾਰੇ ਦੇ ਵੀ ਸੂਚਕ ਹਨ ਪਰ ਫ਼ਰਕ ਏਨਾ ਹੈ ਕਿ ਇਹ ਸ਼ਿਕਾਇਤ ਨਹੀਂ ਕਰਦੇ। ਰੋਜ਼ੀ ਰੋਟੀ ਇਹ ਵੀ ਮਨੁੱਖਾਂ ਵਾਂਗ ਕਮਾਉਂਦੇ, ਦੁੱਖ-ਸੁੱਖ ਵੀ ਭੋਗਦੇ ਪਰ ਸਦਾ ਗੀਤ ਗਾ ਕੇ। ਸੰਤਾਨ ਉਤਪਤੀ ਕਰਦੇ, ਪਾਲ਼ਦੇ-ਪੋਸਦੇ ਐਪਰ ਉਡ ਗਏ ਬੱਚਿਆਂ ਦਾ ਰੁਦਨ ਨਹੀਂ ਮਨਾਉਂਦੇ। ਤਿੰਨ ਤਸਵੀਰਾਂ ਹਾਜ਼ਰ ਹਨ:
* ਸ਼ਾਮ ਦਾ ਸਮਾਂ/
ਤੇ ਪੱਛਮ ਵੱਲ ਲੱਥਣ ਨੂੰ/
ਸੂਰਜ ਜਿਵੇਂ ਰੋਜ਼ ਲੱਥਦਾ ਹੈ
ਦੁਮੇਲ ਵੱਲੋਂ/
ਦੂਰ ਨੇੜਿਓਂ ਉੱਡੇ ਆਉਣ
ਦਿਨ ਦੀ ਖ਼ਾਮੋਸ਼ੀ ਨੂੰ ਹਿਲਾਉਂਦੇ/
ਪਰਿੰਦਿਆਂ ਦੇ ਝੁੰਡ
ਉਨ੍ਹਾਂ ਦੇ ਰਸੀਲੇ ਬੋਲ ਦੱਸਣ/
ਅੰਨ ਨਾਲ ਭਰੇ ਹੋਏ ਹਨ ਉਨ੍ਹਾਂ ਦੇ ਢਿੱਡ।
* ਜਦ ਉਹ ਗਾਉਂਦੇ ਹਨ/
ਸਾਨੂੰ ਨਹੀਂ ਪਛਾਣ
ਉਹ ਸੁੱਖ ਵਿਚ ਹਨ ਜਾਂ/
ਸਾਡੇ ਨਾਲ ਸਾਂਝਾ ਕਰਨਾ ਚਾਹੁਣ
ਆਪੋ-ਆਪਣੇ ਦੁੱਖ.../
ਸਾਨੂੰ ਉਨ੍ਹਾਂ ਦੇ ਰਲੇ ਮਿਲੇ ਬੋਲਾਂ ’ਚੋਂ/
ਸਦਾ ਸੁੱਖ ਹੀ ਲੱਭਿਆ।
* ਪਰਿੰਦੇ ਨੇ ਆਪਣੇ ਆਂਡਿਆਂ ਦੀ ਰਾਖੀ ਕੀਤੀ/
ਆਪਣੀ ਦੇਹ ਦਾ ਸੇਕ ਦੇ/
ਉਨ੍ਹਾਂ ਨੂੰ ਗਰਮਾਇਆ
ਆਂਡਿਆਂ ਤੋਂ ਬਣੇ ਚੂਚਿਆਂ ਮੂੰਹੀਂ/
ਲੱਭ ਲੱਭ ਪਾਉਂਦੇ ਰਹੇ
ਭਾਂਤ-ਭਾਂਤ ਦਾ ਚੋਗ/
ਵੱਡੇ ਹੋਣ ਬਾਅਦ/
ਮਾਪਿਆਂ ਖ਼ੁਦ ਉੱਡਣਾ ਸਿਖਾਇਆ/
ਇਕ ਦਿਨ, ਇਕ ਲੰਬੀ ਉਡਾਰੀ/
ਉਡਾ ਲੈ ਗਈ ਆਪਣੇ ਨਾਲ/
ਮਾਪਿਆਂ ਨਾਲ ਜੁੜੇ ਸੰਬੰਧ ਨੂੰ।
ਚਿੜੀ ਜਨੌਰ, ਕੀਟ ਪਤੰਗੇ ਤੇ ਚਰਿੰਦ-ਦਰਿੰਦ ਤੇ ਬਨਸਪਤੀ, ਹਵਾ, ਪਾਣੀ, ਧੁੱਪ, ਕੁੱਤੇ ਬਿੱਲੇ- ਸਭ ਕੁਦਰਤ ਨਾਲ ਇਕਮਿੱਕ ਹਨ। ਸ਼ਿਕਾਇਤ ਕੋਈ ਨਹੀਂ। ਆਪਣੇ ਹਾਲ ਸੰਤੁਸ਼ਟ ਹਨ। ਇਹ ਮਨੁੱਖ ਹੈ, ਜੋ ਤਿਲਮਿਲਾਉਂਦਾ ਹੈ। ‘ਕੀਤੀ ’ਤੇ ਸ਼ਰਮ ਨਾ ਆਵੇ’ ਬੜੀ ਦਿਲਚਸਪ ਕਵਿਤਾ ਹੈ। ਸੂਰਜ ਚੜ੍ਹਦਾ ਹੈ ‘ਨਾਲ ਲਿਆਇਆ ਅੱਗ ਨਿਰੀ ਨਿਰਮ ਮੋਹੀ।’ ਆਲਾ ਦੁਆਲਾ ਸਾਰਾ ਤਪ ਜਾਂਦਾ। ਪਰ ਰੁੱਖ ਫੇਰ ਵੀ ਠੰਢੀ ਛਾਂ ਵੰਡਦੇ। ਪਰਿੰਦੇ ਵਰ੍ਹਦੀ ਅੱਗ ਵਿਚ ਵੀ ਗਾਉਂਦੇ:
ਕੱਲੇ ਕੱਲੇ ਰੁੱਖ ਦੀ ਛਾਂ ਤਪਾਵੇ/
ਛਾਂ ਤਪਾਵੇ ਤਾਂ ਵੀ ਪਰਿੰਦੇ ਭਾਂਤ ਸੁਭਾਂਤ ਰੰਗਾਂ ਦੇ
ਭਾਂਤ ਸੁਭਾਂਤ ਰੰਗਾਂ ਦੇ ਗੀਤ ਬੋਲਣ ਬੋਲ ਰਸੀਲੇ/
ਬੋਲਣ ਬੋਲ ਰਸੀਲੇ ਨਾ ਰੁਕਦੇ
ਨਾ ਰੁਕਦੇ ਉਡਣੋਂ ਤਪ ਤੋਂ ਤਪ ਵੱਲ ਵੱਧਦੇ ਦਿਨ ਵਿਚ/
ਵਧਦੇ ਦਿਨ ਵਿਚ ਆਦਮ ਜਾਤ ਇਕੱਲੀ ਬੋਲ ਕੁਰਲਾਵੇ/
ਇਕੱਲੀ ਬੋਲ ਕੁਰਲਾਵੇ ਕਿ ਕਿਸੇ ਨੂੰ ਸਮਝ ਨਾ ਆਵੇ/
ਕਿਸੇ ਨੂੰ ਸਮਝ ਨਾ ਆਵੇ ਕੀ ਕੀ ਕਰਮ ਕਮਾਵੇ/
ਕੀ ਕੀ ਕਰਮ ਕਮਾਉਂਦੀ ਤਾਂ ਵੀ/
ਇਸ ਨੂੰ ਆਪਣੀ ਕੀਤੀ ’ਤੇ ਸ਼ਰਮ ਨਾ ਆਵੇ।
ਕਿੰਨੀਆਂ ਸੂਖ਼ਮਭਾਵੀ ਕਵਿਤਾਵਾਂ ਬੱਦਲ, ਖੁਸ਼ਬੂ, ਹਵਾ, ਅੱਗ ਬਾਰੇ ਹਨ ਜਨਿ੍ਹਾਂ ਵਿਚ ਇਨ੍ਹਾਂ ਦਾ ਇਕ ਤਰ੍ਹਾਂ ਨਾਲ ਕਾਵਿ ਚਿੱਤਰਾਂ ਰਾਹੀਂ ਮਨੁੱਖੀਕਰਨ (personification) ਹੋਇਆ ਹੈ।
ਇਹ ਹੋ ਨਹੀਂ ਸਕਦਾ ਕਿ ਅਜਿਹਾ ਅਨੁਭਵੀ ਸ਼ਾਇਰ ਸੱਭਿਆਚਾਰ, ਆਮ ਜੀਵਨ, ਅਧਿਆਤਮਕ ਤੇ ਸਮਾਜਿਕ ਜੀਵਨ ਤੋਂ ਵਿਰਵਾ ਰਹਿ ਜਾਂਦਾ। ਤਿੰਨ ਕਵਿਤਾਵਾਂ ‘ਨਾਨਕ ਨਜ਼ਰ ਨਹੀਂ ਆਉਂਦਾ,’ ‘ਕਰਤਾਰ ਪੁਰ’ ਤੇ ‘ਦੇਸ਼ ਦੀ ਅੱਖ ਵਿਚ ਕਾਣ ਹੈ’ ਪੁਸਤਕ ਵਿਚ ਅਜਿਹੀਆਂ ਸ਼ਾਮਿਲ ਹਨ ਜਿਹੜੀਆਂ ਬਾਬਾ ਨਾਨਕ ਦੇ ਕਿਰਤ ਕਰੋ ਤੇ ਵੰਡ ਛਕੋ ਅਤੇ ਮਾਨਵੀ ਪ੍ਰੇਮ ਰੂਪੀ ਫਲਸਫ਼ੇ ਦੀ ਸ਼ਾਹਦੀ ਭਰਦੀਆਂ ਹਨ। ਕਰਤਾਰਪੁਰ ਦੀ ਜ਼ਮੀਨ ਨੂੰ ਬਾਬਾ ਨਾਨਕ ਤੋਂ ਪਹਿਲਾਂ ਧਾੜਵੀਆਂ ਨੇ ਵੀ ਦੇਖਿਆ। ਇਸ ਜੰਗਲ ਨੂੰ ਘੋੜਿਆਂ ਦੇ ਸੁੰਮਾਂ ਹੇਠ ਦਰੜਿਆ ਐਪਰ ਉਸ ਗੁਰੂ ਬਾਬਾ ਨੇ ਉਦਾਸੀਆਂ ਮਗਰੋਂ ਉਸ ਨੂੰ ਚੁਣ ਕੇ ਸੁੱਚੀ ਕਿਰਤ ਕਰਨ, ਵੰਡ ਖਾਣ ਤੇ ਅਕਾਲ ਦੀ ਉਸਤਤ ਕਰਨ ਦੀ ਰੀਤ ਚਲਾ ਕੇ ਉਸ ਥਾਂ ਨੂੰ ਪਾਕਿ ਪਵਿੱਤਰ ਬਣਾ ਦਿੱਤਾ:
ਉਨ੍ਹਾਂ ਕਰਤੇ ਦੀ ਜ਼ਮੀਨ ਨੂੰ/
ਕਰਤਾਰ ਨਾਲ ਜੋੜ ਕੇ ਕਿਰਤ ਦੀ ਨੀਂਹ ਰੱਖੀ
ਉੱਥੇ ਵੰਡ ਖਾਣ ਦੀ ਪਿਰਤ ਤੋਰੀ/
ਰਬਾਬ ਦੀ ਸੰਗਤ ਨਾਲ ਅਕਾਲ ਉਸਤਤ ਦੀ ਰੀਤ ਤੋਰੀ
ਬਾਬਾ ਨਾਨਕ ਨੇ ਜ਼ਮੀਨ ਦੀ ਤਾਸੀਰ ਬਦਲ ਦਿੱਤੀ।
ਐਪਰ ਉਹ ਨਾਨਕ ਸਾਨੂੰ ਨਜ਼ਰ ਨਹੀਂ ਆਉਂਦਾ। ਵੇਈਂ ਵਿਚ ਚੁੱਭੀ ਮਾਰਨ ਬਾਅਦ ਬਾਬਾ ‘ਧਰਤਿ ਲੋਕਾਈ’ ਨੂੰ ਸੋਧਣ ਚੜ੍ਹਿਆ ਸੀ ਕਿਉਂਕਿ ਕੁਝ ਦਿਨਾਂ ਮਗਰੋਂ ਉਹ ਵੇਈਂ ਵਿਚੋਂ ਦੁਬਾਰਾ ਪਰਗਟ ਹੋ ਗਏ ਸਨ। ਦੁਖਾਂਤ ਇਹ ਹੈ ਕਿ ਅੱਜ ਬਾਬੇ ਦੀ ਚਲਾਈ ਰੀਤ, ਤੇ ਪਾਈ ਪਿਰਤ ਨੂੰ ਅਸੀਂ ਉਸ ਭਾਵਨਾ ਨਾਲ ਨਹੀਂ ਸਮਝ ਰਹੇ।
‘ਦੇਸ਼ ਦੀ ਅੱਖ ਵਿਚ ਕਾਣ ਹੈ’ ਨਾਂ ਦੀ ਕਵਿਤਾ ਸਮਾਜਿਕ ਤੇ ਰਾਜਸੀ ਪੱਖ ਤੋਂ ਬੜੇ ਡੂੰਘੇ ਅਰਥ ਸੁਝਾਉਂਦੀ ਹੈ;
ਸਿਰ ਕਿਤੇ ਧੜ ਕਿਤੇ/
ਤਾਂ ਵੀ ਹਾਜ਼ਰ ਹਾਂ
ਉਸੇ ਦੇਸ਼, ਸ਼ਹਿਰ, ਬਸਤੀ ਅੰਦਰ/
ਜਿਸ ਦੀ ਅੱਖ ਵਿਚ ਕਾਣ ਹੈ
ਕਿਉਂਕਿ:
ਮੇਰਾ ਨਾਂ ਹੀ ਅਜਿਹਾ/
ਦਿੱਖ, ਜਾਤ ਹੀ ਅਜਿਹੀ/
ਮੇਰਾ ਹੋਣਾ ਈ ਪੈਗਾਮ
ਆਪਣੇ ਨੂੰ ਹੀ ਮੁੜ ਮੁੜ ਦੱਸਾਂ/
ਮਰ ਕੇ ਜਿਊਣ ਦਾ ਰਿਸ਼ਤਾ/
ਜਿਹੜਾ ਮੈਨੂੰ ਰਾਸ ਆਉਂਦਾ ਹੈ।
ਜਗਤਾਰਜੀਤ ਸਿੰਘ ਦੀਆਂ ਇਨ੍ਹਾਂ ਕਵਿਤਾਵਾਂ ਵਿਚ ਜਜ਼ਬੇ ਤਾਂ ਗੁੰਦੇ ਹੀ ਹਨ। ਇਨ੍ਹਾਂ ਵਿਚਲੇ ਸ਼ਬਦ ਸਮੂਰਤ ਹਨ ਅਤੇ ਜਾਨਦਾਰ ਵੀ ਹਨ। ‘ਹਿਲਾਈਆਂ ਤਸਵੀਰਾਂ’ ਨਾਂ ਦੀ ਕਵਿਤਾ ਵਿਚ ਸ਼ਾਇਰ ਕੰਧ ਉੱਤੇ ਟੰਗੀ ਫਰੇਮ ਵਾਲੀ ਤਸਵੀਰ ਕੀ ਹਿਲਾ ਬੈਠਾ ਕਿ ਸਾਰੀ ਦੀਵਾਰ ਉਪਰ ਜਿਵੇਂ ਤੂਫ਼ਾਨ ਆ ਗਿਆ:
ਫਰੇਮ ਲਾਹੁੰਦਿਆਂ-ਲਾਹੁੰਦਿਆਂ/
ਝੂਲਣ ਲੱਗੇ ਸਿਆਹ ਰੰਗੇ ਜਾਲੇ
ਡਰੇ ਸਹਿਮੇ ਕੀੜੇ-ਮਕੌੜੇ ਰੀਂਗਣ ਲੱਗੇ/
ਆਪਣੀਆਂ ਮਹਿਫੂਜ਼ ਥਾਵਾਂ ’ਚੋਂ ਨਿਕਲ
ਤਸਵੀਰਾਂ ਕੀ ਹਿਲਾਈਆਂ/
ਹਿਲਾ ਲਿਆ ਜਿਵੇਂ ਸੰਸਾਰ/
ਜੀਅ ਰਿਹਾ ਸੀ ਆਪਣੀ ਮੌਜ ਵਿਚ/
ਟੰਗੀਆਂ ਤਸਵੀਰਾਂ ਦੇ ਓਹਲੇ।
ਅੰਗਰੇਜ਼ੀ ਵਾਲੇ ਇਸ ਨੂੰ ਕਵਿਤਾ ਵਿਚਲੀ ਤਸਵੀਰਕਸ਼ੀ (pictorial quality) ਆਖ ਵਡਿਆਉਂਦੇ ਹਨ। ਜਗਤਾਰਜੀਤ ਸਿੰਘ ਦੀ ਇਸ ਖ਼ੂਬਸੂਰਤ ਦਿੱਖ ਵਾਲੀ ਪੁਸਤਕ ਨੂੰ ਪੜ੍ਹਦਿਆਂ ਮੈਂ ਇਸ ਦੀ ਭਾਵੁਕ ਤੇ ਬੌਧਿਕ ਸਵਾਰੀ ਨੂੰ ਖ਼ੂਬ ਮਾਣਿਆ ਹੈ।
ਸੰਪਰਕ: +91-8284909596 (ਵੱਟਸਐਪ)

Advertisement

Advertisement
Author Image

sanam grng

View all posts

Advertisement
Advertisement
×