For the best experience, open
https://m.punjabitribuneonline.com
on your mobile browser.
Advertisement

ਮਹਾਰਾਸ਼ਟਰ ’ਚ ਪਲਟੀ ਸਿਆਸੀ ਬਾਜ਼ੀ

07:46 AM Jul 03, 2023 IST
ਮਹਾਰਾਸ਼ਟਰ ’ਚ ਪਲਟੀ ਸਿਆਸੀ ਬਾਜ਼ੀ
ਐੱਨਸੀਪੀ ਆਗੂ ਅਜੀਤ ਪਵਾਰ ਮੁੰਬਈ ’ਚ ਛਗਨ ਭੁਜਬਲ ਤੇ ਪ੍ਰਫੁੱਲ ਪਟੇਲ ਨਾਲ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਪੀਟੀਆਈ
Advertisement

ਮੁੰਬਈ, 2 ਜੁਲਾਈ
ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਅਾਗੂ ਅਜੀਤ ਪਵਾਰ ਨੇ ਅੱਜ ਪਾਰਟੀ ਮੁਖੀ ਸ਼ਰਦ ਪਵਾਰ ਨੂੰ ਵੱਡਾ ਝਟਕਾ ਦਿੰਦਿਆਂ ਏਕਨਾਥ ਸ਼ਿੰਦੇ ਦੀ ਅਗਵਾਈ ਹੇਠਲੀ ਸਰਕਾਰ ’ਚ ਸ਼ਾਮਲ ਹੋ ਕੇ ਸੂਬੇ ਦੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਦੱਖਣੀ ਮੁੰਬਈ ਸਥਿਤ ਰਾਜ ਭਵਨ ’ਚ ਕਰਵਾਏ ਗਏ ਸਮਾਗਮ ਦੌਰਾਨ ਅਜੀਤ ਪਵਾਰ ਦੇ ਨਾਲ ਅੱਠ ਹੋਰ ਐਨਸੀਪੀ ਆਗੂਆਂ ਨੇ ਮੰਤਰੀਆਂ ਵਜੋਂ ਸਹੁੰ ਚੁੱਕੀ ਹੈ। ਸੂਤਰਾਂ ਦਾ ਦਾਅਵਾ ਹੈ ਕਿ ਪਾਰਟੀ 53 ’ਚੋਂ 36 ਵਿਧਾਇਕ ਅਜੀਤ ਪਵਾਰ ਦੀ ਹਮਾਇਤ ਕਰ ਰਹੇ ਹਨ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਅਜੀਤ ਨੇ ਇਹ ਬਗਾਵਤ ਐਨਸੀਪੀ ਮੁਖੀ ਤੇ ਸ਼ਰਦ ਪਵਾਰ ਦੀ ਧੀ ਸੁਪ੍ਰਿਆ ਸੂਲੇ ਦੇ ਹਾਲ ਹੀ ਵਿੱਚ ਪਟਨਾ ’ਚ ਵਿਰੋਧੀ ਪਾਰਟੀਆਂ ਦੀ ਮੀਟਿੰਗ ’ਚ ਮੌਜੂਦ ਹੋਣ ਕਾਰਨ ਕੀਤੀ ਹੈ।

Advertisement

ਅਜੀਤ ਪਵਾਰ ਦਾ ਸਨਮਾਨ ਕਰਦੇ ਹੋਏ ਮੁੱਖ ਮੰਤਰੀ ਏਕਨਾਥ ਸ਼ਿੰਦੇ। -ਫੋਟੋ: ਪੀਟੀਆਈ

ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਜੀਤ ਪਵਾਰ ਨੇ ਕਿਹਾ ਕਿ ਐਨਸੀਪੀ ਨੇ ਦੇਸ਼ ਦੇ ਵਿਕਾਸ ਲਈ ਸ਼ਿਵ ਸੈਨਾ-ਭਾਜਪਾ ਸਰਕਾਰ ਦਾ ਹਿੱਸਾ ਬਣਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਦੀ ਅਗਵਾਈ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਐਨਸੀਪੀ ’ਚ ਕੋਈ ਵੀ ਪਾਡ਼ ਨਾ ਪੈਣ ਦਾ ਦਾਅਵਾ ਕਰਦਿਆਂ ਕਿਹਾ ਕਿ ਉਹ ਭਵਿੱਖ ਦੀਆਂ ਸਾਰੀਆਂ ਚੋਣਾਂ ਐੱਨਸੀਪੀ ਦੇ ਨਾਂ ਅਤੇ ਚਿੰਨ੍ਹ ’ਤੇ ਲਡ਼ਨਗੇ। ਉਨ੍ਹਾਂ ਕਿਹਾ, ‘ਪਾਰਟੀ ਦੇ ਸਾਰੇ ਚੁਣੇ ਹੋਏ ਨੁਮਾਇੰਦਿਆਂ ਨੇ ਸਰਕਾਰ ’ਚ ਸ਼ਾਮਲ ਹੋਣ ਦੇ ਫ਼ੈਸਲੇ ਦੀ ਹਮਾਇਤ ਕੀਤੀ ਹੈ।’ ਅਜੀਤ ਪਵਾਰ ਨੇ ਭਾਜਪਾ ਨਾਲ ਸੱਤਾ ’ਚ ਸ਼ਾਮਲ ਹੋਣ ਦੇ ਆਪਣੇ ਫ਼ੈਸਲੇ ਦਾ ਬਚਾਅ ਕਰਦਿਆਂ ਕਿਹਾ, ‘ਜੇਕਰ ਅਸੀਂ ਸ਼ਿਵ ਸੈਨਾ ਨਾਲ ਜਾ ਸਕਦੇ ਹਾਂ ਤਾਂ ਭਾਜਪਾ ਨਾਲ ਵੀ ਜਾ ਸਕਦੇ ਹਾਂ। ਨਾਗਾਲੈਂਡ ’ਚ ਵੀ ਇਹੀ ਕੁਝ ਹੋਇਆ ਹੈ।’ ਉਨ੍ਹਾਂ ਕਿਹਾ, ‘ਹਰ ਚੀਜ਼ ਨੂੰ ਧਿਆਨ ’ਚ ਰੱਖਿਆ ਗਿਆ ਹੈ। ਸਾਡੇ ਕੋਲ ਪ੍ਰਸ਼ਾਸਨ ਦਾ ਵੱਡਾ ਤਜਰਬਾ ਹੈ ਤੇ ਇਸ ਨੂੰ ਚੰਗੇ ਮੰਤਵ ਲਈ ਵਰਤਾਂਗੇ।’ ਉਨ੍ਹਾਂ ਕਿਹਾ ਕਿ ਨਵੇਂ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਕੁਝ ਦਿਨਾਂ ਅੰਦਰ ਕਰ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਦਿਨੇ ਰਾਜਪਾਲ ਰਮੇਸ਼ ਬੈਸ ਨੇ ਅਜੀਤ ਪਵਾਰ ਨੂੰ ਉਪ ਮੁੱਖ ਮੰਤਰੀ ਵਜੋਂ ਹਲਫ਼ ਦਿਵਾਇਆ। ਉਨ੍ਹਾਂ ਤੋਂ ਇਲਾਵਾ ਐੱਨਸੀਪੀ ਆਗੂ ਛਗਨ ਭੁਜਬਲ, ਦਿਲੀਪ ਵਾਲਸੇ ਪਾਟਿਲ, ਹਸਨ ਮੁਸ਼ਰਿਫ, ਧਨੰਜੈ ਮੁੰਡੇ, ਆਦਿਤੀ ਤਾਤਕਰੇ, ਧਰਮਰਾਓ ਆਤਰਮ, ਅਨਿਲ ਪਾਟਿਲ ਤੇ ਸੰਜੈ ਬੰਸੋਡ਼ ਨੇ ਮੰਤਰੀਆਂ ਵਜੋਂ ਸਹੁੰ ਚੁੱਕੀ। ਇਸ ਮੌਕੇ ਹਾਜ਼ਰ ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਰਾਹੁਲ ਨਾਵੇਕਰ ਨੇ ਕਿਹਾ ਅਜੀਤ ਪਵਾਰ ਨੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਇਹ ਅਸਤੀਫਾ ਪ੍ਰਵਾਨ ਕਰ ਲਿਆ ਗਿਆ ਹੈ। ਉਪ ਮੁੱਖ ਮੰਤਰੀ ਨਰਹਰੀ ਜ਼ਿਰਵਾਲ ਅਤੇ ਐੱਨਸੀਪੀ ਦੇ ਕਾਰਜਕਾਰੀ ਪ੍ਰਧਾਨ ਪ੍ਰਫੱੁਲ ਪਟੇਲ ਵੀ ਰਾਜ ਭਵਨ ’ਚ ਮੌਜੂਦ ਸਨ। ਮਹਾਰਾਸ਼ਟਰ ਭਾਜਪਾ ਦੇ ਪ੍ਰਧਾਨ ਚੰਦਰਸ਼ੇਖਰ ਬਵਾਂਕੁਲੇ ਨੇ ਦਾਅਵਾ ਕੀਤਾ ਕਿ ਐਨਸੀਪੀ ਦੇ 40 ਵਿਧਾਇਕ ਸੂਬਾ ਸਰਕਾਰ ਦੀ ਹਮਾਇਤ ਵਿੱਚ ਹਨ। ਮਹਾਰਾਸ਼ਟਰ ’ਚ ਬਦਲੇ ਸਿਆਸੀ ਹਾਲਾਤ ਬਾਰੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਵਿਕਾਸ ਦੀ ਸਿਆਸਤ ਨੂੰ ਇੱਕ ਵਿਕਾਸ ਪੁਰਸ਼ ਦੀ ਹਮਾਇਤ ਹਾਸਲ ਹੈ। ਜਦੋਂ ਯੋਗ ਪਾਰਟੀ ਵਰਕਰਾਂ ਨੂੰ ਦੋਇਮ ਦਰਜੇ ’ਤੇ ਰੱਖਿਆ ਜਾਵੇਗਾ ਤਾਂ ਅਜਿਹਾ ਕੁਝ ਵਾਪਰੇਗਾ ਹੀ। ਇਸ ਤੋਂ ਪਹਿਲਾਂ ਦਿਨੇ ਅਜੀਤ ਪਵਾਰ ਨੇ ਆਪਣੀ ਮੁੰਬਈ ਵਿਚਲੀ ਰਿਹਾਇਸ਼ ‘ਦੇਵਗਿਰੀ’ ’ਚ ਪਾਰਟੀ ਦੇ ਕੁਝ ਅਾਗੂਆਂ ਤੇ ਵਿਧਾਇਕਾਂ ਨਾਲ ਮੁਲਾਕਾਤ ਕੀਤੀ ਸੀ।
ਸੀਨੀਅਰ ਐੱਨਸੀਪੀ ਆਗੂ ਭੁਜਬਲ ਤੇ ਪਾਰਟੀ ਦੀ ਕਾਰਜਕਾਰੀ ਪ੍ਰਧਾਨ ਸੁਪ੍ਰਿਆ ਸੂਲੇ ਵੀ ਮੀਟਿੰਗ ’ਚ ਹਾਜ਼ਰ ਸਨ ਪਰ ਸੂਲੇ ਜਲਦੀ ਹੀ ਮੀਟਿੰਗ ’ਚੋਂ ਚਲੀ ਗਈ ਸੀ। ਸ਼ਰਦ ਪਵਾਰ ਨੇ ਮੀਟਿੰਗ ਬਾਰੇ ਕੋਈ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ। -ਪੀਟੀਆਈ

ਐੱਨਸੀਪੀ ’ਚ ਫੁੱਟ ਲਈ ਮੋਦੀ ਦਾ ‘ਧੰਨਵਾਦ’: ਸ਼ਰਦ ਪਵਾਰ

ਪੁਣੇ: ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨਸੀਪੀ) ਮੁਖੀ ਸ਼ਰਦ ਪਵਾਰ ਨੇ ਭਤੀਜੇ ਅਜੀਤ ਪਵਾਰ ਅਤੇ ਹੋਰ ਪਾਰਟੀ ਵਿਧਾਇਕਾਂ ਦੇ ਮਹਾਰਾਸ਼ਟਰ ਸਰਕਾਰ ਵਿੱਚ ਸ਼ਾਮਲ ਹੋਣ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ‘ਧੰਨਵਾਦ’ ਕੀਤਾ ਅਤੇ ਪਾਰਟੀ ’ਚ ਫੁੱਟ ਲਈ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਜ਼ਿੰਮੇਵਾਰ ਠਹਿਰਾਇਆ। ਸ੍ਰੀ ਪਵਾਰ ਨੇ ਕਿਹਾ ਕਿ ਇਹ ਘਟਨਾਕ੍ਰਮ ਹੋਰਨਾਂ ਲਈ ਨਵਾਂ ਹੋ ਸਕਦਾ ਹੈ ਪਰ ਉਨ੍ਹਾਂ ਲਈ ਨਹੀਂ ਹੈ। ਮੀਡੀਆ ਨੂੰ ਸੰਬੋਧਨ ਕਰਦਿਆਂ ਸ਼ਰਦ ਪਵਾਰ ਨੇ ਕਿਹਾ ਕਿ ਪਿੱਛੇ ਜਿਹੇ ਮੋਦੀ ਨੇ ਕਾਂਗਰਸ-ਐੱਨਸੀਪੀ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਸਨ ਪਰ ਅੱਜ ਐੱਨਸੀਪੀ ਦੇ ਕੁਝ ਆਗੂਆਂ ਨਾਲ ਉਨ੍ਹਾਂ ਹੱਥ ਮਿਲਾ ਲੲੇ ਹਨ ਜਿਨ੍ਹਾਂ ’ਤੇ ਮੋਦੀ ਨੇ ੳੁੱਗਲ ਚੁੱਕੀ ਸੀ। ਉਨ੍ਹਾਂ ਕਿਹਾ,‘‘ਇਸ ਤੋਂ ਸਪੱਸ਼ਟ ਹੈ ਕਿ ਮੋਦੀ ਦੇ ਦੋਸ਼ ਆਧਾਰਹੀਣ ਸਨ ਅਤੇ ਹੁਣ ਅਸੀਂ ਸਾਰੇ ਦੋਸ਼ਾਂ ਤੋਂ ਬਰੀ ਹੋ ਗਏ ਹਾਂ। ਮੈਂ ਇਸ ਘਟਨਾਕ੍ਰਮ ਲਈ ਉਨ੍ਹਾਂ (ਮੋਦੀ) ਦਾ ਧੰਨਵਾਦੀ ਹਾਂ। ਮੈਂ ਇਸ ਗੱਲੋਂ ਵੀ ਖੁਸ਼ ਹਾਂ ਕਿ ਜਿਨ੍ਹਾਂ ਅੱਜ ਹਲਫ਼ ਲਿਆ ਹੈ, ਉਹ ਜਾਂਚ ਦਾ ਸਾਹਮਣਾ ਕਰ ਰਹੇ ਸਨ।’’ ਐੱਨਸੀਪੀ ਸੁਪਰੀਮੋ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਕੁਝ ਆਗੂ ਈਡੀ ਵਰਗੀਆਂ ਜਾਂਚ ਏਜੰਸੀਆਂ ਦੀ ਜਾਂਚ ਤੋਂ ਪ੍ਰੇਸ਼ਾਨ ਸਨ ਜਿਸ ਕਾਰਨ ਉਨ੍ਹਾਂ ਅਜਿਹਾ ਕਦਮ ਚੁੱਕਿਆ ਹੈ। ‘ਉਂਜ ਪਾਰਟੀ ਛੱਡ ਕੇ ਜਾਣ ਵਾਲੇ ਕਈ ਆਗੂ ਅਜੇ ਵੀ ਮੇਰੇ ਸੰਪਰਕ ’ਚ ਹਨ। ਉਨ੍ਹਾਂ ਕਿਹਾ ਹੈ ਕਿ ਉਹ ਅਗਲੇ ਦੋ-ਤਿੰਨ ਦਿਨਾਂ ’ਚ ਆਪਣਾ ਸਟੈਂਡ ਸਪੱਸ਼ਟ ਕਰਨਗੇ।’ ਪਵਾਰ ਨੇ ਕਿਹਾ ਕਿ ਉਹ ਪਾਰਟੀ ’ਚ ਫੁੱਟ ਨੂੰ ਕੋਈ ਕਾਨੂੰਨੀ ਚੁਣੌਤੀ ਨਹੀਂ ਦੇਣਗੇ ਅਤੇ ਸਿਰਫ਼ ਲੋਕਾਂ ਦੀ ਕਚਹਿਰੀ ’ਚ ਜਾਣਗੇ ਪਰ ਪਾਰਟੀ ਛੱਡ ਕੇ ਜਾਣ ਵਾਲਿਆਂ ਖ਼ਿਲਾਫ਼ ਲੀਡਰਸ਼ਿਪ ਕਾਰਵਾਈ ਜ਼ਰੂਰ ਕਰੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਕਾਂਗਰਸ ਆਗੂ ਰਾਹੁਲ ਗਾਂਧੀ ਅਤੇ ਤ੍ਰਿਣਮੂਲ ਕਾਂਗਰਸ ਪ੍ਰਧਾਨ ਮਮਤਾ ਬੈਨਰਜੀ ਸਮੇਤ ਹੋਰ ਆਗੂਆਂ ਨੇ ਐੱਨਸੀਪੀ ’ਚ ਫੁੱਟ ’ਤੇ ਆਪਣੀ ਚਿੰਤਾ ਪ੍ਰਗਟਾਈ ਤੇ ਉਨ੍ਹਾਂ ਦੀ ਹਮਾਇਤ ਦਾ ਐਲਾਨ ਕੀਤਾ ਹੈ। ਸ਼ਰਦ ਪਵਾਰ ਨੇ ਕਿਹਾ, ‘ਅਸੀਂ ਐੱਨਸੀਪੀ ਦਾ ਨਾਮ ਲੈ ਕੇ ਕਿਸੇ ਦੇ ਕੁਝ ਕਹਿਣ ’ਤੇ ਨਹੀਂ ਲੜਾਂਗੇ, ਅਸੀਂ ਲੋਕਾਂ ਵਿੱਚ ਜਾਵਾਂਗੇ।’’ ਅਜੀਤ ਪਵਾਰ ਬਾਰੇ ਬੋਲਦਿਆਂ ਉਨ੍ਹਾਂ ਆਖਿਆ ਕਿ ਜਿਨ੍ਹਾਂ ਨੇ ਪਾਰਟੀ ਦੀ ਸਿਧਾਂਤਾਂ ਦੀ ਉਲੰਘਣਾ ਕਰਕੇ ਸਹੁੰ ਚੁੱਕੀ ਹੈ, ਉਨ੍ਹਾਂ ਬਾਰੇ ਫ਼ੈਸਲਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਛੱਡ ਕੇ ਗਏ ਲੋਕਾਂ ਕਰਕੇ ਉਹ ਪ੍ਰੇਸ਼ਾਨ ਨਹੀਂ ਹਨ ਸਗੋਂ ਉਨ੍ਹਾਂ ਦੇ ਭਵਿੱਖ ਨੂੰ ਲੈ ਕੇ ਉਹ ਫਿਕਰਮੰਦ ਹਨ। -ਆਈਏਐੱਨਐੱਸ

ਅਜੀਤ ਪਵਾਰ ਤੀਜੀ ਵਾਰ ਉਪ ਮੁੱਖ ਮੰਤਰੀ ਬਣੇ
ਮੁੰਬਈ: ਐੱਨਸੀਪੀ ਆਗੂ ਅਜੀਤ ਪਵਾਰ 2019 ਤੋਂ ਬਾਅਦ ਹੁਣ ਤੱਕ ਚਾਰ ਸਾਲਾਂ ਦੌਰਾਨ ਤੀਜੀ ਵਾਰ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਬਣੇ ਹਨ। ਸਭ ਤੋਂ ਪਹਿਲਾਂ ਉਨ੍ਹਾਂ ਨਵੰਬਰ 2019 ’ਚ ਦੇਵੇਂਦਰ ਫਡ਼ਨਵੀਸ ਦੀ ਅਗਵਾਈ ਹੇਠ ਬਣੀ ਭਾਜਪਾ ਸਰਕਾਰ ਵਿੱਚ ਬਤੌਰ ਉਪ ਮੁੱਖ ਮੰਤਰੀ ਸਹੁੰ ਚੁੱਕੀ ਸੀ। ਇਸ ਮਗਰੋਂ ਉਹ ਭਾਜਪਾ ਨਾਲ ਤੋਡ਼ ਵਿਛੋਡ਼ੇ ਮਗਰੋਂ ੳੂਧਵ ਠਾਕਰੇ ਦੀ ਅਗਵਾਈ ਹੇਠ ਬਣੀ ਮਹਾ ਵਿਕਾਸ ਅਗਾਡ਼ੀ (ਐੱਮਵੀਏ) ਸਰਕਾਰ ’ਚ ਨਵੰਬਰ 2019 ਤੋਂ ਜੂਨ 2022 ਤੱਕ ਉਪ ਮੁੱਖ ਮੰਤਰੀ ਬਣੇ ਅਤੇ ਅੱਜ ਉਨ੍ਹਾਂ ਤੀਜੀ ਵਾਰ ਏਕਨਾਥ ਸ਼ਿੰਦੇ ਦੀ ਅਗਵਾਈ ਹੇਠਲੀ ਸਰਕਾਰ ’ਚ ਬਤੌਰ ਉਪ ਮੁੱਖ ਮੰਤਰੀ ਸਹੁੰ ਚੁੱਕੀ ਹੈ। -ਪੀਟੀਆਈ

https://www.punjabitribuneonline.com/news/nation/the-opposition-parties-targeted-the-bjp-for-the-split-in-the-ncp/

https://www.punjabitribuneonline.com/news/nation/the-ncp-made-awad-the-leader-of-the-opposition/

Advertisement
Tags :
Author Image

Advertisement
Advertisement
×