ਉਸਾਰੀ ਯੂਥ ਫੈਸਟ 2024 ਦੌਰਾਨ ਖੇੜੀ-ਝਮੇੜੀ ਸਕੂਲ ਦੀ ਝੰਡੀ
ਖੇਤਰੀ ਪ੍ਰਤੀਨਿਧ
ਲੁਧਿਆਣਾ, 10 ਨਵੰਬਰ
ਸੰਸਥਾ ‘ਤਬਦੀਲੀ ਦੀ ਸ਼ੁਰੂਆਤ’ ਵੱਲੋਂ ਕਲੇਅ ਵਰਲਡ ਸਕੂਲ ਵਿੱਚ ਉਸਾਰੀ ਯੂਥ ਫੈਸਟ-2024 ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਪੰਜਾਬ ਦੇ ਸਕੂਲਾਂ ਨੇ ਹਿੱਸਾ ਲਿਆ। ਇਸ ਫੈਸਟ ਦੌਰਾਨ ਸਰਕਾਰੀ ਹਾਈ ਸਕੂਲ ਖੇੜੀ-ਝਮੇੜੀ (ਲੁਧਿਆਣਾ) ਦੇ ਵਿਦਿਆਰਥੀਆਂ ਨੇ ਬੇਹਤਰੀਨ ਪੇਸ਼ਕਾਰੀ ਸਦਕਾ ਸਕਿੱਟ ਵਿੱਚ ਪਹਿਲਾ, ਫਿਊਚਰ ਫਾਊਂਡਰ ’ਚ ਪਹਿਲਾ ਸਥਾਨ, ਪੋਸਟਰ ਮੁਕਾਬਲੇ ਵਿੱਚ ਤੀਜਾ, ਅੱਗ ਤੋਂ ਬਿਨਾ ਖਾਣਾ ਪਕਾਉਣ ਵਿੱਚ ਤੀਜਾ ਤੇ ਕੂੜੇ ਵਿੱਚੋਂ ਸਭ ਤੋਂ ਵਧੀਆ ਵਸਤੂਆਂ ਬਣਾਉਣ ਵਿੱਚ ਤੀਜਾ ਸਥਾਨ ਪ੍ਰਾਪਤ ਕਰਕੇ ਕੁਲ 5 ਪੁਰਸਕਾਰ ਸਕੂਲ ਦੀ ਝੋਲੀ ਪਾਏ ਹਨ। ਇਨ੍ਹਾਂ ਬਾਲ ਕਲਾਕਾਰਾਂ ਨੂੰ ਸਕੂਲ ਅਧਿਆਪਕਾਂ ਗੀਤਿਕਾ ਸਿੰਗਲਾ, ਸੁਪਰੀਤ ਸ਼ਰਮਾ ਅਤੇ ਹੋਰ ਅਧਿਆਪਕਾਂ ਨੇ ਯੋਗ ਸੇਧ ਦੇ ਕੇ ਤਰਾਸ਼ਿਆ। ਕਰਮਜੀਤ ਸਿੰਘ ਗਰੇਵਾਲ ਨੈਸ਼ਨਲ ਅਵਾਰਡੀ ਨੇ ਦੱਸਿਆ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਦਾ ਜ਼ਿੰਦਗੀ ਪ੍ਰਤੀ ਨਜ਼ਰੀਆਂ ਹਾਂ ਪੱਖੀ ਬਣਾਉਂਦੇ ਹਨ। ਇਹ ਮੁਕਾਬਲੇ ਜਿੱਥੇ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰਦੇ ਹਨ ਉੱਥੇ ਉਹਨਾਂ ਅੰਦਰ ਛੁਪੀ ਪ੍ਰਤਿਭਾ ਨੂੰ ਬਾਹਰ ਕੱਢ ਕੇ ਹੋਰ ਨਿਖਾਰਦੇ ਹਨ। ਸਕੂਲ ਵਿਦਿਆਰਥੀਆਂ ਦੀ ਇਸ ਮਾਣਮੱਤੀ ਪ੍ਰਾਪਤੀ ਤੇ ਸਕੂਲ ਦੇ ਡੀ.ਡੀ.ਓ ਵਿਵੇਕ ਮੋਂਗਾ ਨੇ ਮੁਬਾਰਕਾਂ ਦਿੱਤੀਆਂ।