For the best experience, open
https://m.punjabitribuneonline.com
on your mobile browser.
Advertisement

ਗ਼ਦਰ ਪਾਰਟੀ ਦਾ ਝੰਡਾ

10:54 AM Sep 30, 2023 IST
ਗ਼ਦਰ ਪਾਰਟੀ ਦਾ ਝੰਡਾ
Advertisement

ਵਿਜੈ ਬੰਬੇਲੀ

Advertisement

ਵਿਜੈ ਬੰਬੇਲੀ

ਵੀਹਵੀਂ ਸਦੀ ਦੇ ਪਹਿਲੇ ਦਹਾਕਿਆਂ ਵਿਚ ਭਾਰਤ ਤੋਂ ਬਾਹਰ ਖਾਸ ਕਰ ਕੇ ਇੰਗਲੈਂਡ ਅਮਰੀਕਾ ਵਿਚ ਭਾਰਤੀ ਸਰੋਕਾਰਾਂ ਲਈ ਕੁਝ ਨਿੱਕੀਆਂ ਨਿੱਕੀਆਂ ਜਥੇਬੰਦੀਆਂ ਜਾਂ ਕੁਝ ਵਿਅਕਤੀ ਕਿਸੇ ਨਾ ਕਿਸੇ ਰੂਪ ਵਿਚ ਸਰਗਰਮ ਸਨ। 21 ਅਪਰੈਲ 1913 ਨੂੰ ਹਿੰਦੀ ਪਰਵਾਸੀਆਂ (ਉਨ੍ਹਾਂ ਨੂੰ ਉਦੋਂ ਭਾਰਤੀ ਦੀ ਥਾਂ ਹਿੰਦੀ ਕਿਹਾ ਜਾਂਦਾ ਸੀ) ਨੇ ਅਸਟੋਰੀਆ ਵਿਚ ਇਜਲਾਸ ਕੀਤਾ ਜਿਸ ਵਿਚ ਪੰਜਾਬੀ ਬਹੁਲ ਪਰਵਾਸੀਆਂ ਨੇ ਕੇਂਦਰੀ ਜਥੇਬੰਦੀ ‘ਹਿੰਦੀ ਐਸੋਸੀਏਸ਼ਨ ਆਫ ਪੈਸੇਫਿਕ ਕੋਸਟ’ ਬਣਾਉਣ, ਉਰਦੂ ਤੇ ਪੰਜਾਬੀ ਵਿਚ ‘ਗ਼ਦਰ’ ਨਾਂ ਦਾ ਹਫਤਾਵਾਰ ਕੱਢਣ ਅਤੇ ਸੰਸਥਾ ਦਾ ਕੇਂਦਰੀ ਦਫ਼ਤਰ (ਯੁਗਾਂਤਰ ਆਸ਼ਰਮ) ਸਾਨ ਫਰਾਂਸਿਸਕੋ ਵਿਚ ਸਥਾਪਿਤ ਕਰਨ ਦਾ ਮਤਾ ਪਾਸ ਕੀਤਾ। ਮਗਰੋਂ ‘ਗ਼ਦਰ’ ਪਰਚਾ ਇੰਨਾ ਮਕਬੂਲ ਹੋਇਆ ਕਿ ਇਸ ਤਨਜ਼ੀਮ ਦਾ ਨਾਂ ਹੀ ਗ਼ਦਰ ਪਾਰਟੀ ਪੈ ਗਿਆ। ਜਥੇਬੰਦੀ ਦਾ ਮੁੱਖ ਮੰਤਵ ਜਮਹੂਰੀ ਰਿਪਬਲਿਕ ਕਾਇਮ ਕਰਨਾ ਸੀ।
ਇਸ ਵਿਚ ਜਥੇਬੰਦੀ ਜਾਂ ਮੁਲਕ ਦੇ ਝੰਡੇ ਬਾਰੇ ਉਦੋਂ ਕੋਈ ਫ਼ੈਸਲਾ ਨਹੀਂ ਸੀ ਕੀਤਾ ਗਿਆ। ਮਗਰੋਂ ਵੀ ਲੰਮਾ ਸਮਾਂ ਇਸ ਬਾਰੇ ਕੋਈ ਫ਼ੈਸਲਾ ਨਹੀਂ ਸੀ ਕੀਤਾ ਗਿਆ। 27 ਜਨਵਰੀ 1914 ਨੂੰ ‘ਗ਼ਦਰ’ ਵਿਚ ਨੋਟ ਛਪਿਆ: ‘ਕਈ ਦੇਸ਼ ਬੰਧੂਆਂ ਨੇ ਖ਼ਤ ਭੇਜੇ ਹਨ ਕਿ ਗ਼ਦਰ ਅਖ਼ਬਾਰ ਉੱਤੇ ਆਪਣਾ ਕੌਮੀ ਝੰਡਾ ਛਾਇਆ ਕੀਤਾ ਜਾਵੇ। ਸਾਨੂੰ ਇਹ ਬਾਤ ਰਦੀ ਮਾਲੂਮ ਹੂੰਦੀ ਹੈ। ਹਿੰਦੋਸਤਾਨੀ ਕੌਮ ਨੂੰ ਦੁਨੀਆ ਦੀ ਕੋਈ ਕੌਮ ਨਹੀਂ ਜਾਣਦੀ। ਨਾ ਸਾਡਾ ਰਾਜ ਹੈ ਅਤੇ ਨਾ ਸਾਡਾ ਝੰਡਾ ਹੈ। ਭਲਾ ਰਾਜ ਤੋਂ ਬਗੈਰ ਝੰਡਾ ਕੈਸਾ? ਗ਼ਦਰ ਕਰ ਕੇ ਪਹਿਲਾਂ ਆਪਣਾ ਰਾਜ ਲਵੋ, ਝੰਡਾ ਤਾਂ ਫੇਰ ਆਪ ਹੀ ਝੂਲੇਗਾ। ਰਾਜ ਤੋਂ ਪਹਿਲਾਂ ਝੰਡਾ ਕੈਮ ਕਰਨਾ ਐਵੇਂ ਬਾਹਦੂ ਦਾ ਰੌਲਾ ਹੈ।’
‘ਪਹਿਲਾਂ ਗ਼ਦਰ ਕਰੋ’, ਇਸ ਸਤਰ ਵੱਲ ਧਿਆਨ ਦੇਣਾ ਬਣਦਾ ਹੈ। ਦਰਅਸਲ, ਗ਼ਦਰ ਲਫ਼ਜ਼ ਤੋਂ ਗ਼ਦਰੀਆਂ ਦਾ ਭਾਵ ਇਨਕਲਾਬ ਸੀ ਕਿਂਉਕਿ ਰੂਸ ਦੇ 1905 ਵਾਲੇ ਅਤੇ ਇਸ ਤੋਂ ਪਹਿਲੇ ਫਰਾਂਸ ਦੇ ਇਨਕਲਾਬ ਨੂੰ ਉਨ੍ਹਾਂ ਨੇ ਗ਼ਦਰ ਹੀ ਲਿਖਿਆ ਹੈ। ਉਨ੍ਹਾਂ ਨੇ ਇਸ ਨੂੰ ਬਗਾਵਤ ਜਾਂ ਮਿਊਟਨੀ ਕਦੇ ਨਹੀਂ ਕਿਹਾ; ਜਵਿੇਂ ਸਾਡੇ ਇਤਿਹਾਸ ਵਿਚ 1857 ਦੇ ਗ਼ਦਰ ਨੂੰ ਅਕਸਰ ਬਗਾਵਤ ਵੀ ਕਹਿ ਲਿਆ ਜਾਂਦਾ ਹੈ। ਹਾਂ, ਗ਼ਦਰੀ 1857 ਦੇ ਗ਼ਦਰ ਤੋਂ ਜ਼ਰੂਰ ਬਹੁਤ ਪ੍ਰਭਾਵਿਤ ਸਨ। ਇਸੇ ਕਰ ਕੇ ਉਨ੍ਹਾਂ ਆਪਣੇ ਬੁਲਾਰੇ, ਭਾਵ, ਪੇਪਰ ਦਾ ਨਾਂ ‘ਗ਼ਦਰ’ ਰੱਖਿਆ ਸੀ। ਮੂਲ ਰੂਪ ਵਿਚ ਉਨ੍ਹਾਂ ਦਾ ਗ਼ਦਰ ਤੋਂ ਭਾਵ ‘ਇਨਕਲਾਬ’ ਹੀ ਸੀ ਭਾਵੇਂ ਉਨ੍ਹਾਂ ਦੀਆਂ ਲਿਖਤਾਂ ਦੀ ਸੁਰ ਇਹੋ ਜਿਹੀ ਹੋਣ ਦੇ ਬਾਵਜੂਦ ਉਹ ਇਸ ਦਾ ਉਵੇਂ ਸਪੱਸ਼ਟ ਪ੍ਰਗਟਾਵਾ ਨਹੀਂ ਕਰ ਸਕੇ ਜਵਿੇਂ ਮਗਰੋਂ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਕੀਤਾ ਸੀ।
ਪਹਿਲਾਂ-ਪਹਿਲ ਗ਼ਦਰ ਅਖ਼ਬਾਰ ਦੀ ਮਹੱਤਤਾ/ਮਕਬੂਲੀਅਤ ਨੂੰ ਦੇਖਦਿਆਂ ਝੰਡੇ ਦੀ ਲੋੜ/ਅਹਿਮੀਅਤ ਵੱਲ ਧਿਆਨ ਨਾ ਦਿੱਤਾ ਗਿਆ। ਉਸ ਵੇਲੇ ਤੱਕ ‘ਗ਼ਦਰ’ ਨਾਲ ਪੈਦਾ ਹੋਈ ਇਨਕਲਾਬੀ ਭਾਵਨਾ ਅਤੇ ਕੌਮੀ ਜਾਗ੍ਰਿਤੀ ਤੋਂ ਇਹੀ ਸਮਝਿਆ ਗਿਆ ਸੀ ਕਿ ‘ਗ਼ਦਰ’ ਪੇਪਰ ਹੀ ਆਜ਼ਾਦੀ ਸੰਗਰਾਮ ਦੀ ਆਵਾਜ਼ ਅਤੇ ਚਿੰਨ੍ਹ ਹੈ। ਪੁਸਤਕ ‘ਇੰਡੀਆ ਐਜ਼ ਆਈ ਨੋਅ ਇਟ’ (ਮਾਈਕਲ ਓਡਵਾਇਰ) ਵੀ ਇਸ ਦੀ ਪੁਸ਼ਟੀ ਕਰਦੀ ਹੈ: ‘ਸਿਰਫ਼ ਗ਼ਦਰ ਅਖ਼ਬਾਰ ਨੂੰ ਹੀ ਬਗਾਵਤ ਫੈਲਾਉਣ ਅਤੇ ਚਿੰਨ੍ਹਾਤਮਿਕ ਸੁਨੇਹਿਆਂ ਦਾ ਇਕੋ-ਇਕ ਕਾਰਕ ਸਮਝਿਆ ਜਾਂਦਾ ਸੀ।’
ਉਂਝ, ਇਸ ਦਾ ਭਾਵ ਇਹ ਨਹੀਂ ਕਿ ਸਾਰੇ ਗ਼ਦਰੀ ਹੀ ਝੰਡੇ ਦੀ ਮਹੱਤਤਾ/ਲੋੜ ਨਹੀਂ ਸੀ ਸਮਝਦੇ ਜਾਂ ਪਰਵਾਸੀ ਦੇਸ਼ ਭਗਤਾਂ ਨੇ ਵਤਨ ਪਰਤਣ ਤੋਂ ਪਹਿਲਾਂ ਆਪਣੇ ਝੰਡੇ ਲਈ ਤਰੱਦਦ ਨਹੀਂ ਸੀ ਕੀਤਾ। ਕੀਤਾ ਸੀ, ਗ਼ਦਰੀਆਂ ਨੂੰ ਪਤਾ ਸੀ ਕਿ 1857 ਦੇ ਗ਼ਦਰ ਵੇਲੇ ਵੀ ਝੰਡੇ ਝੁਲਾਏ ਗਏ ਸਨ; ਭਾਵੇਂ ਉਹ ਝੰਡੇ ਇਕੋ ਵੰਨਗੀ ਦਾ ਝੰਡਾ ਹੋਣ ਦੀ ਬਜਾਇ ਅੱਡੋ-ਅੱਡ ਬਗਾਵਤੀ ਧੜਿਆਂ ਜਾਂ ਸਮੂਹਾਂ ਜਾਂ ਫਿਰ ਵੱਖ ਵੱਖ ਰਿਆਸਤਾਂ ਜਾਂ ਰਾਜਿਆਂ ਦੇ ਆਪੋ-ਆਪਣੇ ਝੰਡੇ ਸਨ। ਹੋ ਸਕਦਾ ਹੈ, ਉਸ ਅਫ਼ਰਾ-ਤਫ਼ਰੀ ਵਕਤ ਸਾਰੇ ਬਗਾਵਤੀ ਖੇਮਿਆਂ ਨੂੰ ਆਪਣਾ ਇਕ ਝੰਡਾ ਤਾਮੀਰ ਕਰਨ ਦਾ ਮੌਕਾ ਹੀ
ਨਾ ਮਿਲਿਆ ਹੋਵੇ।
ਅੰਗਰੇਜ਼ ਸਾਮਰਾਜ ਨੂੰ ਭੁਚਲਾ ਦੇਣ ਵਾਲੇ 1857 ਦੇ ਗ਼ਦਰ ਤੋਂ ਕਿਤੇ ਮਗਰੋਂ 7 ਅਗਸਤ 1906 ਨੂੰ ਕਲਕੱਤਾ (ਹੁਣ ਕੋਲਕਾਤਾ) ਵਿਚ ਬਾਗੀ ਸੁਰ ਰੱਖਦੇ ਪਾਰਸੀ ਸਮਾਗਮ ਵਿਚ ਸੁਰਿੰਦਰ ਨਾਥ ਬੈਨਰਜੀ ਨੇ ਤਿੰਨ ਪੱਟੀਆਂ- ਗੂੜ੍ਹੀ ਹਰੀ, ਗੂੜ੍ਹੀ ਪੀਲੀ ਅਤੇ ਗੂੜ੍ਹੀ ਲਾਲ ਪੱਟੀ ਵਾਲਾ ਤਿੰਨ ਰੰਗਾ ਝੰਡਾ ਝੁਲਾਇਆ। ਇਸ ਦੀ ਹਰੀ ਪੱਟੀ ਵਿਚ ਚਿੱਟਾ ਫੁੱਲ, ਲਾਲ ਪੱਟੀ ਵਿਚ ਚੰਦ ਸੂਰਜ ਅਤੇ ਪੀਲੀ ’ਤੇ ਬੰਦੇ ਮਾਤਰਮ ਉੱਕਰਿਆ ਹੋਇਆ ਸੀ। ਇਸ ਤੋਂ ਪੂਰੇ ਇਕ ਸਾਲ ਬਾਅਦ 18 ਅਗਸਤ 1907 ਨੂੰ ਜਰਮਨੀ ਦੇ ਸ਼ਹਿਰ ਸਟੱਟਗਰਟ ਵਿਚ ਵੀਰਾਂਗਣਾ ਭੀਖਮ ਜੀ ਕਾਮਾ ਨੇ ਆਪਣੀ ਦਿਲ ਟੁੰਬਵੀਂ ਤਕਰੀਰ ਤੋਂ ਬਆਦ ਹੱਥੀਂ ਤਿਆਰ ਕੀਤਾ ਕਲਕੱਤੇ ਵਾਲੇ ਝੰਡੇ ਨਾਲ ਮਿਲਦੇ-ਜੁਲਦੇ ਰੰਗਾ ਵਾਲਾ ਝੰਡਾ ਲਹਿਰਾਇਆ ਜਿਸ ਉੱਤੇ ‘ਬੰਦੇ ਮਾਤਰਮ’ ਸਮੇਤ ਹਿੰਦੂ-ਮੁਸਲਿਮ-ਬੋਧੀ ਅਤੇ ਪਾਰਸੀ ਧਿਰਾਂ ਦੀ ਨੁਮਾਇੰਦਗੀ ਕਰਦੇ ਚਿੰਨ੍ਹ ਉਕਰੇ ਹੋਏ ਸਨ।
ਗ਼ਦਰ ਲਹਿਰ ਦੇ ਸ਼ੁਰੂਆਤੀ ਦੌਰ, ਭਾਵ ਅਮਰੀਕਾ ਵਿਚ ਗ਼ਦਰੀਆਂ ਨੇ ਆਪਣੇ ਝੰਡੇ ਬਾਰੇ ਕੋਈ ਖਾਸ ਧਿਆਨ ਨਹੀਂ ਸੀ ਦਿੱਤਾ। ਨਾ ਹੀ ਛੋਟੀਆਂ ਜਾਂ ਵੱਡੀਆਂ ਮੀਟਿੰਗਾਂ ਮੌਕੇ ਵੀ ਇਸ ਬਾਰੇ ਕਿਸੇ ਤਰ੍ਹਾਂ ਦੀ ਵੀ ਚਰਚਾ ਦੀ ਹੀ ਕਨਸੋਅ ਮਿਲਦੀ ਹੈ। 1914 ਦੇ ਸ਼ੁਰੂਆਤੀ ਦੌਰ ਤੱਕ ਗ਼ਦਰੀਆਂ ਨੇ ਝੰਡੇ ਦੀ ਬਹੁਤੀ ਮਹੱਤਤਾ ਨਹੀਂ ਸੀ ਸਮਝੀ ਪਰ ਛੇਤੀ ਪਿੱਛੋਂ ਹੀ ਇਸ ਦੀ ਅਹਿਮੀਅਤ ਅਤੇ ਲੋੜ ‘ਗ਼ਦਰ ਗੂੰਜਾਂ’ ਰਾਹੀਂ ਪ੍ਰਗਟ ਹੋਣੀ ਸ਼ੁਰੂ ਹੋ ਗਈ:
ਕੁੱਟ ਕੇ ਫਰੰਗੀ ਇੰਗਲੈਂਡ ਵਾੜਨਾ,
ਤਿੰਨ ਰੰਗਾ ਝੰਡਾ ਇੰਡੀਆ ਦਾ ਚਾੜ੍ਹਨਾ।
ਜਾਂ
ਭਾਲ ਲਵੋ ਬੂਟੀ ਜ਼ਾਲਮ ਮੁਕਾਉਣ ਦੀ,
ਕਰ ਲਓ ਤਿਆਰੀ ਝੰਡੇ ਦੇ ਝਲੌਣ ਦੀ।
ਜਿਉਂ ਜਿਉਂ ਗ਼ਦਰੀਆਂ ਦਾ ਪ੍ਰਚਾਰ-ਪਸਾਰ ਵਧਦਾ ਗਿਆ, ਤਿਉਂ ਤਿਉਂ ਉਨ੍ਹਾਂ ਨੂੰ ਪਾਰਟੀ ਦੇ ਝੰਡੇ ਦੀ ਲੋੜ ਵੀ ਮਹਿਸੂਸ ਹੋਣ ਲੱਗੀ। ਫਿਰ ਗ਼ਦਰੀਆਂ ਨੇ ਭਾਰਤ ਪਰਤਦਿਆਂ ਹੀ ਇਸ ਬਾਰੇ ਅੰਸ਼ਕ ਵਿਚਾਰ-ਵਟਾਂਦਰਾ ਵੀ ਸ਼ੁਰੂ ਕਰ ਦਿੱਤਾ ਜਿਸ ਦਾ ਅੰਤਿਮ ਫ਼ੈਸਲਾ ਉਸ ਇਤਿਹਾਸਕ ਮੀਟਿੰਗ ਵਿਚ ਹੋਇਆ ਜਿਸ ਵਿਚ ਯਕਮੁਸ਼ਤ ਬਗਾਵਤ ਕਰਨ ਦਾ ਦਨਿ 21 ਫਰਵਰੀ 1915 ਬੰਨ੍ਹਿਆ ਗਿਆ ਸੀ। ਤੈਅ ਹੋਇਆ ਕਿ ਦੇਸ਼ ਦੇ ਤਿੰਨ ਮੁੱਖ ਫਿ਼ਰਕਿਆਂ ਹਿੰਦੂ, ਸਿੱਖ ਅਤੇ ਮੁਸਲਮਾਨਾਂ ਦੀ ਕੌਮੀ ਏਕਤਾ ਨੂੰ ਦਰਸਾਉਂਦਾ, ਉਨ੍ਹਾਂ ਦੇ ਭਾਵਨਾਤਮਿਕ ਰੰਗਾਂ ਲਾਲ, ਪੀਲਾ ਅਤੇ ਹਰੇ ਰੰਗ ਵਾਲਾ ਝੰਡਾ ਹੋਵੇਗਾ।
ਕਿਹਾ ਜਾਂਦਾ ਹੈ ਕਿ ਕਰੀਬ ਇਸੇ ਤਰ੍ਹਾਂ ਦੇ ਹੀ ਰੰਗਾਂ ਦਾ ਝੰਡਾ ਤਾਂ ਕਈ ਵਰ੍ਹੇ ਪਹਿਲਾਂ ਕਲਕੱਤੇ ਵੀ ਲਹਿਰਾਇਆ ਗਿਆ ਸੀ ਪਰ ਮਨਸ਼ਾ ਭਾਵੇਂ ਨੇਕ ਸੀ ਪਰ ਉਸ ਝੰਡੇ ਦੀ ਬਹੁਤੀ ਪੁੱਠ ਧਾਰਮਿਕ ਸੀ; ਗ਼ਦਰੀ ਝੰਡੇ ਦੀ ਕੌਮੀ ਸੀ। ਇਹੀ ਨਹੀਂ, ਗ਼ਦਰੀ ਝੰਡੇ ਵਿਚ ਕਰਾਸ ਕਰਦੀਆਂ ਦੋ ਤਲਵਾਰਾਂ ਵੀ ਉਕਰੀਆਂ ਗਈਆਂ ਸਨ ਜਿਹੜੀਆਂ ਇਸ ਗੱਲ ਦਾ ਇਸ਼ਾਰਾ ਸਨ ਕਿ ਤਿੰਨਾਂ ਹੀ ਮੁੱਖ ਧਿਰਾਂ ਨੇ ਇੱਕਜੁੱਟ ਹਥਿਆਰਬੰਦ ਇਨਕਲਾਬ ਕਰਨਾ ਹੈ। ਇਸ ਦਾ ਜਲੌਅ ਗ਼ਦਰ ਅਖ਼ਬਾਰ ਦੇ ਨਵੰਬਰ 1913 ਦੇ ਪਹਿਲੇ ਅੰਕ ਵਿਚ ਹੀ ਦੇਖਿਆ ਜਾ ਸਕਦਾ ਹੈ ਜਿਸ ਵਿਚ ਗ਼ਦਰ ਪਾਰਟੀ ਦੀ ਵਿਚਾਰਧਾਰਾ ਤੇ ਪ੍ਰੋਗਰਾਮ ਦਾ ਸੰਖੇਪ ਰੂਪ ਵਿਚ ਐਲਾਨ ਕਰ ਦਿੱਤਾ ਗਿਆ ਸੀ। ਇਸ ਦੀ ਵਿਚਾਰਧਾਰਾ ਦਾ ਤੱਤ ਬਰਤਾਨਵੀ ਸਾਮਰਾਜਵਾਦ ਦਾ ਵਿਰੋਧ ਸੀ, ਹਥਿਆਰਬੰਦ ਸੰਗਰਾਮ ਰਾਹੀਂ ਭਾਰਤੀ ਗਣਤੰਤਰ ਦੀ ਸਥਾਪਤੀ। ਉਹ ਆਖਦੇ:
ਕਦੇ ਮੰਗਿਆਂ ਮਿਲਣ ਅਜ਼ਾਦੀਆਂ ਨਾ,
ਮਿਲਦੇ ਤਰਲਿਆਂ ਨਾਲ ਨਾ ਰਾਜ ਲੋਕੋ।
ਰੂਸੀ ਇਨਕਲਾਬ ਤੋਂ ਬਾਅਦ ਕੌਮੀ ਏਕਤਾ ਸਮੇਤ ਗ਼ਦਰੀ ਯੋਧੇ ਲਾਲ ਰੰਗ ਨੂੰ ਇਨਕਲਾਬ ਦਾ, ਕੇਸਰੀ ਨੂੰ ਕੁਰਬਾਨੀ ਅਤੇ ਹਰਾ ਖੁਸ਼ਹਾਲੀ ਦਾ ਪ੍ਰਤੀਕ ਸਮਝਦੇ-ਪ੍ਰਚਾਰਦੇ ਸਨ ਅਤੇ ਭਵਿੱਖ ਦੀ ਇਸ ਜ਼ਾਮਨੀ ਨੂੰ ਉਨ੍ਹਾਂ ਪ੍ਰਚਾਰਨ-ਪ੍ਰਸਾਰਨ ਦੇ ਯਤਨ ਮੁੱਢ ਤੋਂ ਹੀ ਵਿੱਢੇ ਹੋਏ ਸਨ। ਜੇ ਕੋਈ ਧਿਰ ਇਸ ਨੂੰ ਮਜ਼੍ਹਬੀ ਰੰਗਾਂ ਰਾਹੀਂ ਕੌਮੀ ਏਕਤਾ ਦਾ ਜਲੌਅ ਵੀ ਸਮਝਦੀ ਹੋਵੇ, ਤਦ ਵੀ ਗ਼ਦਰੀਆਂ ਦੀ ਅੰਦਰੂਨੀ ਮਨਸ਼ਾ ਕਦਾਚਿਤ ਇਹ ਨਹੀਂ ਸੀ। ਉਹ ਰੰਗ, ਆਸਥਾ, ਜਾਤ, ਧਰਮ ਨੂੰ ਨਿਰੋਲ ਨਿੱਜ ਸਮਝਦੇ ਸਨ ਅਤੇ ਗ਼ਦਰੀ ਸਫ਼ਾਂ ਵਿਚ ਇਸ ਦਾ ਪ੍ਰਗਟਾਵਾ ਕਰਨ ਦੀ ਮਨਾਹੀ ਸੀ। ਗ਼ਦਰੀ ਹਿੰਦੂ-ਸਿੱਖ-ਮੁਸਲਿਮ ਏਕਤਾ ਉੱਤੇ ਵਿਸ਼ੇਸ਼ ਜ਼ੋਰ ਦਿੰਦੇ ਸਨ। ਉੇਹ ਹਾਕਮਾਂ ਦੀਆਂ ਫੁੱਟ ਦੇ ਬੀਜ ਪ੍ਰਫੁਲਤ ਕਰਨ ਦੀਆਂ ਚਾਲਾਂ ਅਤੇ ਇਸ ਤੋਂ ਲਾਹਾ ਲੈਣ ਦੀ ਪ੍ਰਵਿਰਤੀ ਬੁੱਝ ਚੁੱਕੇ ਸਨ। ਉਨ੍ਹਾਂ ਨੂੰ ਪਤਾ ਸੀ ਕਿ ਗੁਲਾਮੀ ਦਾ ਵੱਡਾ ਕਾਰਨ ਸਾਡੀ ਬਹੁ-ਪਰਤੀ ਫੁੱਟ ਹੈ। ਸੋ ਆਸਥਾ, ਧਰਮ ਤਾਂ ਇਕ ਪਾਸੇ, ਉਹ ਤਾਂ ਛੂਤਾਂ-ਅਛੂਤਾਂ ਵਾਲੀ ਵੰਡ ਵੀ ਪ੍ਰਵਾਨ ਨਹੀਂ ਕਰਦੇ ਸਨ।
ਗ਼ਦਰ ਪਾਰਟੀ ਨੇ ਆਪਣੇ ਮੈਂਬਰਾਂ ਅਤੇ ਹਮਦਰਦਾਂ ਵਿਚ ਨਸਲ ਤੇ ਜਾਤ ਦੇ ਸਾਰੇ ਭਿੰਨ-ਭੇਦ ਖ਼ਤਮ ਕਰਨ ਦੇ ਸਪੱਸ਼ਟ ਯਤਨ ਕੀਤੇ ਅਤੇ ਅਮਲ ਵਿਚ ਲਾਗੂ ਵੀ ਕੀਤੇ। ਉਦਾਹਰਨ ਦੇ ਤੌਰ ’ਤੇ 5-ਵੁੱਡ ਸਟ੍ਰੀਟ, ਸਾਨ ਫਰਾਂਸਿਸਕੋ ਵਿਖੇ ਯੁਗਾਂਤਰ ਆਸ਼ਰਮ ਵਿਚ ਸਾਰੇ ਹਿੰਦੂ, ਸਿੱਖ, ਮੁਸਲਮਾਨ ਅਤੇ ਤਥਾ-ਕਥਿਤ ਅਛੂਤ, ਭਾਵ, ਸਾਰੇ ਵਰਣ-ਧਰਮ ਖਾਣਾ ਇਕੱਠਿਆਂ ਇੱਕੋ ਥਾਂ ਬਣਾ ਕੇ ਅਤੇ ਇਕੱਠਿਆਂ ਇੱਕੋ ਮੇਜ਼ ’ਤੇ ਰਲ-ਮਿਲ ਖਾਂਦੇ। ਅਮਰੀਕਾ ਵਿਚ ਸਰਕਾਰੀ ਪੁਰਜ਼ਿਆਂ ਅਤੇ ‘ਅਧਿਆਤਮਵਾਦੀਆਂ’ ਨੇ ਉਨ੍ਹਾਂ ਨੂੰ ‘ਆਸਤਕਾਂ ਨਾਸਤਕਾਂ’ ਅਤੇ ਕੌਮਾਂ ਵਿਚ ਵੰਡਣ ਦੀਆਂ ਚਾਲਾਂ ਵੀ ਚੱਲੀਆਂ ਪਰ ਨਾ-ਕਾਮਯਾਬ ਰਹੇ। ਗ਼ਦਰ ਪਾਰਟੀਆ ਦੀਆਂ ਮੀਟਿੰਗਾਂ ਵਿਚ ਧਾਰਮਿਕ ਤੇ ਸੰਪ੍ਰਦਾਇਕ ਮਸਲੇ ਨਹੀਂ ਸੀ ਉਠਾਏ ਜਾ ਸਕਦੇ। ਧਰਮ ਨਿਰੋਲ ਨਿੱਜੀ ਮਾਮਲਾ ਸੀ। ਗ਼ਦਰੀ ਇਕੱਠੇ ਹੋ ਗਾੳਂੁਦੇ:
ਖੁਫ਼ੀਆ ਰਾਜ-ਸੁਸਾਇਟੀਆਂ ਕਰੋ ਕੈਮ,
ਰਲ ਮਰਹੱਟੇ ਬੰਗਾਲੀ ਦੇ ਯਾਰ ਹੋ ਜਾਓ।
ਹਿੰਦੂ, ਸਿੱਖ ਤੇ ਮੋਮਨੋ ਕਰੋ ਜਲਦੀ,
ਇੱਕ-ਦੂਜੇ ਦੇ ਮਦਦਗਾਰ ਹੋ ਜਾਓ। (ਗ਼ਦਰ ਗੂੰਜਾਂ)
ਕਿਹਾ ਜਾਂਦਾ ਹੈ ਕਿ ਗ਼ਦਰ ਕਰਨ ਦੀ ਯੋਜਨਾ ਨੂੰ ਅੰਤਿਮ ਰੂਪ ਦੇਣ ਸਮੇਂ ਰਾਸ ਬਿਹਾਰੀ ਬੋਸ ਨੇ ਪਾਰਟੀ ਝੰਡੇ ਬਾਰੇ ਵਧਵਾਂ ਧਿਆਨ ਖਿੱਚਦਿਆਂ ਇਨ੍ਹਾਂ ਨੂੰ ਤੁਰੰਤ ਤਾਮੀਰ ਕਰਨ ਲਈ ਕਿਹਾ। ਇਹ ਜ਼ਿੰਮੇਵਾਰੀ ਕਰਤਾਰ ਸਿੰਘ ਸਰਾਭਾ ਨੇ ਓਟਦਿਆਂ ਖ਼ੁਦ ਬਾਜ਼ਾਰ ਵਿਚੋਂ ਤਿੰਨ ਰੰਗਾਂ ਦੇ ਥਾਨ ਜਾਂ ਟੁਕੜੇ ਖਰੀਦਣ ਅਤੇ ਮਗਰੋਂ ਬਣਾਉਣ-ਸਿਲਵਾਉਣ ਵਿਚ ਮੋਹਰੀ ਰੋਲ ਨਿਭਾਇਆ। ਗਦਾਰ ਕਿਰਪਾਲ ਸਿੰਘ ਅਤੇ ਵਾਅਦਾ ਮੁਆਫ਼ ਅਮਰ ਸਿੰਘ ਨੇ ਅਦਾਲਤ ਵਿਚ ਕਿਹਾ, ‘ਸਰਾਭਾ ਉਨ੍ਹਾਂ ਨੂੰ ਇਸੇ ਕਾਰਜ ਤਹਿਤ ਲਾਹੌਰ ਦੇ ਮੋਚੀ ਗੇਟ ਸੀ ਮਿਲਿਆ।’ ਇਸ ਗੱਲ ਦੀ ਪੁਸ਼ਟੀ ਦੁਕਾਨਦਾਰ ਕਾਹਨ ਚੰਦ ਨੇ ਅਦਾਲਤ ਵਿਚ ਉਸ ਨੂੰ ਦਿਖਾਏ ਝੰਡੇ ਅਤੇ ਕੱਪੜੇ ਦੇ ਟੁਕੜੇ ਦੇਖਦਿਆਂ ਕੀਤੀ, ‘ਧਾਲੀਵਾਲ ਕੱਪੜਾ ਏਜੰਸੀ ਜਿਥੇ ਮੈਂ ਮੁਲਾਜ਼ਮ ਹਾਂ, ਤੋਂ ਹੀ ਸਰਾਭੇ ਨੇ ਪਹਿਲਾਂ 15 ਫਰਵਰੀ ਅਤੇ ਮੁੜ 17 ਫਰਵਰੀ ਨੂੰ ਕੱਪੜਾ ਖਰੀਦਿਆ ਸੀ।’
ਭਾਈ ਪਰਮਾਨੰਦ ਝਾਂਸੀ ਦੇ ਕਹੇ-ਸੁਣੇ ਮੁਤਾਬਿਕ, ‘ਪਹਿਲ-ਪਲੱਕੜਾ ਮਿਆਰੀ ਝੰਡਾ ਰਾਮ ਸਰਨ ਜੀ ਦੀ ਪਤਨੀ ਬੀਬੀ ਸੱਤਿਆਵਤੀ ਨੇ ਹੱਥੀਂ ਤਿਆਰ ਕੀਤਾ ਸੀ।’ ਬਹੁਤ ਸਾਰੇ ਪੁਖਤਾ ਸਬੂਤ ਇਸ ਗੱਲ ਦੀ ਵੀ ਗਵਾਹੀ ਭਰਦੇ ਹਨ ਕਿ ‘ਗ਼ਦਰੀ ਵੀਰਾਂਗਣਾ ਬੀਬੀ ਗੁਲਾਬ ਕੌਰ ਨੇ ਗ਼ਦਰੀ ਝੰਡੇ ਸਿਓਣ ਵਿਚ ਪਹਿਲਾਂ ਲਾਹੌਰ ਅਤੇ ਮਗਰੋਂ ਅੰਮ੍ਰਿਤਸਰ ਵਿਚ ਸਿਫ਼ਤੀ ਹਿੱਸਾ ਪਾਇਆ ਸੀ।’ ਵਾਅਦਾ ਮੁਆਫ਼ ਮੂਲਾ ਸਿੰਘ ਅਨੁਸਾਰ, ‘ਲੀਡਰਸ਼ਿਪ ਦੀ ਹਦਾਇਤ ਅਨੁਸਾਰ ਅੰਮ੍ਰਿਤਸਰ ਵਿਚ ਵੀ ਝੰਡੇ ਸੀਤੇ-ਬਣਾਏ ਗਏ।’ ਉਸ ਦੱਸਿਆ ਸੀ, ‘ਉਸ ਨੇ ਦਰਜ਼ੀ ਨੌਰੰਗ ਸਿੰਘ ਤਾਂਘੀ ਨੂੰ ਕੁਝ ਆਹਲਾ ਕਿਸਮ ਦੇ, ਬਾਵ, ਖੁਸਖਤ ਝੰਡੇ ਤਿਆਰ ਕਰ ਕੇ ਦੇਣ ਨੂੰ ਕਿਹਾ ਜਿਹੜੇ ਥੋੜ੍ਹੀ ਨਾਂਹ-ਨੁਕਰ ਕਰਨ ਅਤੇ ਕੁਝ ਸਪਸ਼ਟੀਕਰਨ ਲੈਣ ਉਪਰੰਤ ਸੀਅ ਦਿੱਤੇ ਗਏ।’
ਝੰਡੇ ਬਣਾਉਣ ਤੋਂ ਬਾਅਦ ਲਹਿਰਾਉਣ-ਪ੍ਰਚਾਰਨ ਤੇ ਹੋਰ ਥਾਈਂ ਪਹੁੰਚਾਉਣ ਲਈ ਕਾਰਕੁਨਾਂ ਹੱਥ ਦਿੱਤੇ ਗਏ। ਪਰਮਾਨੰਦ ਨੂੰ ਪਿਸ਼ਾਵਰ, ਡਾ. ਮਥਰਾ ਸਿੰਘ ਤੇ ਹਰਨਾਮ ਸਿੰਘ ਟੁੰਡੀਲਾਟ ਨੂੰ ਜਿਹਲਮ, ਕਿਰਪਾਲ ਸਿੰਘ ਨੂੰ ਦਦੇਹਰ ਅਤੇ ਸੁੱਚਾ ਸਿੰਘ ਈਸੇਵਾਲ ਨੂੰ ਅੰਬਾਲਾ ਭੇਜਿਆ ਗਿਆ। ਇਸੇ ਸੁੱਚਾ ਸਿੰਘ ਨੇ ਹਦਾਇਤ ਅਨੁਸਾਰ ਇੱਕ ਝੰਡਾ ਸੂਰਤੀ ਸਿੰਘ ਨੂੰ ਅਗਾਂਹ ਮੇਰਠ ਵਿਚ ਭਾਈ ਈਸ਼ਰ ਸਿੰਘ ਨੂੰ ਪਹੁੰਚਾਉਣ ਲਈ ਦਿੱਤਾ। ਹੋ ਸਕਦਾ ਹੈ, ਹੋਰ ਥਾਈਂ ਵੀ ਇਹ ਪੁੱਜਦੇ ਕੀਤੇ ਹੋਣ ਜਾਂ ਪੁੱਜਦੇ ਕਰਨ ਦੇ ਯਤਨ ਕੀਤੇ ਹੋਣ।
ਖੁਫ਼ੀਆ ਵਿਭਾਗ ਦੀ ਰਿਪੋਰਟ ਮੁਤਾਬਿਕ, ‘ਰਾਸ ਬਿਹਾਰੀ ਬੋਸ ਦੀ ਸਰਗਰਮ ਸਲਾਹ ’ਤੇ ਬਹੁਤ ਸਾਰੇ ਝੰਡੇ ਤਿਆਰ ਕੀਤੇ ਗਏ। ਰੰਗਦਾਰ ਕੱਪੜਿਆਂ ਦੇ ਟੋਟੇ ਕਰਤਾਰ ਸਿੰਘ ਨੇ ਖਰੀਦੇ ਜਿਹੜੇ ਗ਼ਦਰੀਆਂ ਨੇ ਰਲ-ਮਿਲ ਸੀਤੇ ਜਾਂ ਬਣਵਾਏ। ਚੰਗੇ ਭਾਗੀਂ, ਉਹ ਵੀ ਲੱਭ ਲਏ ਗਏ ਜਿਹੜੇ ਵੰਡ-ਵੰਡਾਈ ਤੋਂ ਬਾਅਦ ਵਧ ਗਏ ਸਨ ਅਤੇ ਲਕੋਏ ਹੋਏ ਜਾਂ ਦੱਬ-ਦਬਾਏ ਗਏ ਹੋਏ ਸਨ।’ ਹੁਣ ਸ਼ਬਦ ‘ਚੰਗੇ ਭਾਗੀਂ’ ਵੱਲ ਧਿਆਨ ਦਿਓ ਜਿਹੜਾ ਇਹ ਦਰਸਾਉਂਦਾ ਹੈ ਕਿ ਹਕੂਮਤਾਂ ਲੋਕ-ਹਿੱਤਾਂ ਨੂੰ ਪ੍ਰਨਾਏ ਬਾਗੀ ਝੰਡੇ ਤੋਂ ਕਿੰਨਾ ਤ੍ਰਹਿੰਦੀਆਂ ਹਨ। ਝੰਡੇ ਦੀ ਮਹੱਤਤਾ ਕਿੰਨੀ ਸੀ, ਅਡਵਾਇਰ ਨੇ ‘ਮਾਈ 25 ਯੀਅਰ’ਜ਼ ਇੰਨ ਇਡੀਆ’ ਨਾਮੀ ਆਪਣੀ ਲਿਖਤ ਵਿਚ ਉੱਘੜਵਾਂ ਨੋਟ ਦਿੱਤਾ, ‘ਜਿਸ 23ਵੇਂ ਰਸਾਲੇ ਨੇ ਬਗਾਵਤ ਦੀ ਸ਼ੁਰੂਆਤ ਕਰਨੀ ਸੀ, ਬਦਕਿਸਮਤੀ ਨੂੰ ਉਸ ਦੇ ਬਾਡੀਗਾਰਡ ਵੀ ਉਸੇ ਰਸਾਲੇ ਵਿਚੋਂ ਸਨ ਜਨਿ੍ਹਾਂ ਵਿਚੋਂ ਕੁਝ ਦੀ ਮਦਦ ਨਾਲ ਗਵਰਨਰ ਹਾਊਸ ’ਤੇ ਗ਼ਦਰੀ ਝੰਡਾ ਵੀ ਲਹਿਰਾ ਦਿੱਤਾ ਜਾਣਾ ਸੀ। ਜੇ ਅਜਿਹਾ ਕਰਨ ਵਿਚ ਗ਼ਦਰੀ ਸਫ਼ਲ ਹੋ ਜਾਂਦੇ ਤਾਂ ਸਿੱਟੇ ਬਹੁਤ ਦੂਰਰਸ ਨਿਕਲਣੇ ਸਨ।’
ਗ਼ਦਰ ਪਾਰਟੀ ਦੇ ਝੰਡੇ ਦੀ ਅਹਿਮੀਅਤ ਅਤੇ ਹੋਣੀ ਦੀ ਮੈਂ ਬੜੀ ਸੀਮਤ ਜਿਹੀ ਬਾਤ ਪਾਈ ਹੈ। ਫ਼ੈਸਲਾ ਕਰਨ, ਇਸ ਨੂੰ ਬਣਾਉਣ ਤੇ ਲਹਿਰਾਉਣ ਲਈ ਉੱਦਮ, ਇਸ ਨੂੰ ਜ਼ਬਤ ਕੀਤੇ ਜਾਣ ਅਤੇ ਮਗਰੋਂ ਇਸੇ ਪ੍ਰਸੰਗ ਵਿਚ ਗ਼ਦਰੀਆਂ ਦੀ ਹੋਣੀ ਦੀ ਕਥਾ ਬਹੁਤ ਲੰਮੀ ਅਤੇ ਮਾਰਮਿਕ ਪਰ ਮਾਣਮੱਤੀ ਹੈ ਜਿਸ ਬਾਰੇ ਗਵਰਨਰ ਮਾਈਕਲ ਓਡਵਾਇਰ ਨੇ ਬੜੇ ਘਮੰਡ ਨਾਲ ਕਿਹਾ ਸੀ, ‘ਸੇਵਾਮੁਕਤੀ ਸਮੇਂ ਮੈਂ ਗ਼ਦਰ ਲਹਿਰ ਦੇ ਝੰਡੇ ਨੂੰ ‘ਵਾਰ ਟਰਾਫੀ’ ਵਜੋਂ ਆਪਣੇ ਨਾਲ ਇੰਗਲੈਂਡ ਲੈ ਗਿਆ ਸੀ।’ ‘ਵਾਰ ਟਰਾਫੀ’। ਗ਼ਦਰ ਲਹਿਰ ਦੇ ਪ੍ਰਸੰਗ ਵਿਚ ਇਹ ਸ਼ਬਦ ਬਹੁਤ ਵੱਡੇ ਮਾਇਨੇ ਰੱਖਦਾ ਹੈ; ਉਨ੍ਹਾਂ ਹੀ ਸ਼ਬਦਾਂ ਵਾਂਗ ਜਵਿੇਂ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਸ ਦੇ ਯੁੱਧ ਸਾਥੀਆ ਨੇ ਅਦਾਲਤੀ ਕਰਵਾਈਆਂ ਸਮੇਂ ਇਸੇ ਝੰਡੇ ਦੇ ਪ੍ਰਸੰਗ ਵਿਚ ਬੁਲੰਦ ਕਹੇ ਸਨ, ‘ਹਕੂਮਤ ਭੁਲੇਖੇ ਵਿਚ ਹੈ, ਇਹ ਤਾਂ ਹੁਣ ਵੀ ਸਾਨ ਫਰਾਂਸਿਸਕੋ ਯੁਗਾਂਤਰ ਆਸ਼ਰਮ ਵਿਚ ਝੂਲ ਰਿਹਾ ਹੈ। ਗ਼ਦਰੀ ਝੰਡਾ ਜਿਹੜਾ ਆਜ਼ਾਦੀ, ਭਾਈਚਾਰੇ ਅਤੇ ਬਰਾਬਰੀ ਤੇ ਹਕੀਕੀ ਕੌਮੀ ਏਕਤਾ ਦਾ ਪ੍ਰਤੀਕ ਹੈ, ਭਾਰਤ ਵਿਚ ਮੁੜ ਝੂਲੇਗਾ।’
ਸੰਪਰਕ: 94634-39075

Advertisement

Advertisement
Author Image

sanam grng

View all posts

Advertisement