ਨਿੱਜੀ ਫਾਇਨਾਂਸ ਕੰਪਨੀਆਂ ਖ਼ਿਲਾਫ਼ ਝੰਡਾ ਮਾਰਚ
ਨਵਕਿਰਨ ਸਿੰਘ
ਮਹਿਲ ਕਲਾਂ, 28 ਜੁਲਾਈ
ਤਾਲਾਬੰਦੀ ਦੌਰਾਨ ਨਿੱਜੀ ਫਾਇਨਾਂਸ ਕੰਪਨੀਆਂ ਦੇ ਮਹਿੰਗੀਆਂ ਵਿਆਜ਼ ਦਰਾਂ ਵਾਲੇ ਕਰਜ਼ੇ ਦੀ ਮੁਆਫ਼ੀ ਲਈ ਕੀਤੇ ਜਾ ਰਹੇ ਸੰਘਰਸ਼ ਦੀ ਲੜੀ ਤਹਿਤ ਅੱਜ ਮਜ਼ਦੂਰਾਂ ਵੱਲੋਂ ਬਲਾਕ ਮਹਿਲ ਕਲਾਂ ਦੇ ਪਿੰਡਾਂ ਵਿੱਚ ਝੰਡਾ ਮਾਰਚ ਕੀਤਾ ਗਿਆ। ਹੁਣ ਪਿੰਡਾਂ ਦੇ ਲੋਕ ਕਰਜ਼ਾ ਕਿਸ਼ਤਾਂ ਦੀ ਵਸੂਲੀ ਲਈ ਨਿੱਜੀ ਫਾਇਨਾਂਸ ਕੰਪਨੀਆਂ ਦੇ ਕਰਿੰਦਿਆਂ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਖ਼ਿਲਾਫ਼ ਲਾਮਬੰਦ ਹੋ ਰਹੇ ਹਨ।
ਦਿਹਾਤੀ ਮਜ਼ਦੂਰ ਸਭਾ ਪੰਜਾਬ, ਨੌਜਵਾਨ ਭਾਰਤ ਸਭਾ ਅਤੇ ਕਰਜ਼ਾ ਮੁਕਤੀ ਔਰਤ ਸੰਘਰਸ਼ ਕਮੇਟੀ ਵੱਲੋਂ ਅੱਜ ਬਲਾਕ ਮਹਿਲ ਕਲਾਂ ਦੇ ਦਰਜਨ ਦੇ ਕਰੀਬ ਪਿੰਡਾਂ ਵਿੱਚ ਝੰਡਾ ਮਾਰਚ ਕਰ ਕੇ 31 ਜੁਲਾਈ ਦੇ ਵੱਡੇ ਸਮਾਗਮ ਦੀ ਤਿਆਰੀ ਕੀਤੀ ਗਈ। ਪਿੰਡ ਚੰਨਣਵਾਲ ਵਿੱਚ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ, ਨੌਜਵਾਨ ਭਾਰਤ ਸਭਾ ਦੇ ਆਗੂ ਮਨਵੀਰ ਬੀਹਲਾ ਅਤੇ ਕਰਜ਼ਾ ਮੁਕਤੀ ਔਰਤ ਸੰਘਰਸ਼ ਕਮੇਟੀ ਦੀ ਆਗੂ ਕੁਲਵੰਤ ਕੌਰ ਅਤੇ ਪ੍ਰਮੋਦ ਕੌਰ ਨੇ ਕਿਹਾ ਕਿ ਤਾਲਾਬੰਦੀ ਦੌਰਾਨ ਗਰੀਬ ਲੋਕਾਂ ਦਾ ਰੁਜ਼ਗਾਰ ਖੁੱਸ ਗਿਆ ਹੈ ਜਿਸ ਕਾਰਨ ਉਹਨਾਂ ਲਈ ਘਰਾਂ ‘ਚ ਰੋਜਾਨਾ ਵਰਤੋਂ ਦੀਆ ਵਸਤਾਂ ਪੂਰੀਆ ਨਹੀਂ ਹੋ ਰਹੀਆ ਹਨ ਤੇ ਦੂਜੇ ਪਾਸੇ ਨਿੱਜੀ ਫਾਇਨਾਂਸ ਕੰਪਨੀਆਂ ਵਾਲੇ ਲੋਕਾਂ ਨੂੰ ਕਰਜ਼ਾ ਕਿਸ਼ਤਾਂ ਦੀ ਵਸੂਲੀ ਲਈ ਤੰਗ ਪ੍ਰੇਸ਼ਾਨ ਕਰ ਰਹੇ ਹਨ। ਇਸ ਮੌਕੇ ਮਜਦੂਰ ਆਗੂਆਂ ਨੇ ਦੱਸਿਆ ਕਿ ਕਰਜ਼ਾ ਮੁਆਫ਼ੀ ਦੀ ਮੰਗ ਲਈ 31 ਜੁਲਾਈ ਨੂੰ ਮਹਿਲ ਕਲਾਂ ਵਿੱਚ ਪ੍ਰਦਰਸ਼ਨ ਕੀਤਾ ਜਾਵੇਗਾ ਜਿਸ ਦੀ ਤਿਆਰੀ ਲਈ ਇਹ ਝੰਡਾ ਮਾਰਚ ਕੀਤਾ ਗਿਆ ਹੈ।
ਸੀਪੀਆਈ ਨੇ ਪ੍ਰਾਈਵੇਟ ਕੰਪਨੀਆਂ ਖ਼ਿਲਾਫ਼ ਕਾਰਵਾਈ ਮੰਗੀ
ਮਾਨਸਾ (ਜੋਗਿੰਦਰ ਸਿੰਘ ਮਾਨ): ਸੀਪੀਆਈ ਦੇ ਕੌਮੀ ਕੌਂਸਲ ਮੈਂਬਰ ਤੇ ਸਾਬਕਾ ਵਿਧਾਇਕ ਕਾ. ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਕਰੋਨਾਵਾਇਰਸ ਮਹਾਂਮਾਰੀ ਸੰਕਟ ਦੇ ਦੌਰ ਵਿੱਚ ਮਾਈਕਰੋ ਫਾਈਨਾਂਸ ਕੰਪਨੀਆਂ ਦੇ ਕਰਿੰਦਿਆਂ ਵੱਲੋਂ ਜਬਰੀ ਉਗਰਾਹੀ ਦੇ ਨਾਮ ਹੇਠ ਪੇਂਡੂ ਅਤੇ ਸ਼ਹਿਰੀ ਔਰਤਾਂ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾਣ ਲੱਗਿਆ ਹੈ। ਪਾਰਟੀ ਨੇ ਦੋਸ਼ ਲਾਇਆ ਕਿ ਔਰਤਾਂ ਨੂੰ ਫੋਨਾਂ ‘ਤੇ ਧਮਕੀਆਂ ਦੇਣ, ਅਪਸ਼ਬਦ ਬੋਲਣ ਅਤੇ ਘਰੇਲੂ ਸਾਮਾਨ ਚੁੱਕਣ ਦੇ ਡਰਾਵੇ ਦਿੱਤੇ ਜਾਣ ਲੱਗੇ ਹਨ, ਜਿਸ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਅਜਿਹੀਆਂ ਕੰਪਨੀਆਂ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਕਾਮਰੇਡ ਅਰਸ਼ੀ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਰਮਾਏਦਾਰਾਂ ਵਾਂਗ ਔਰਤਾਂ ਦੇ ਕਰਜ਼ਿਆਂ ਨੂੰ ਮੁਆਫ਼ ਕੀਤਾ ਜਾਵੇ ਜਾਂ ਉਨ੍ਹਾਂ ਦੇ ਕਰਜਿਆਂ ਨੂੰ ਸਰਕਾਰ ਆਪਣੇ ਜੁੰਮੇ ਲਵੇ।