ਪੰਜ ਮਹਿਲਾਵਾਂ ਨੇ ਜਿੱਤਿਆ ‘ਰੇਣੁਕਾਰਮਾ ਵਿਮੈਨ ਅਚੀਵਰਜ਼ ਐਵਾਰਡ’
ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 4 ਮਾਰਚ
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਲਾਂਡਰਾਂ ਕੈਂਪਸ ਵੱਲੋਂ ਅੱਜ ਰੇਣੁਕਾਰਮਾ ਵਿਮੈਨ ਅਚੀਵਰਜ਼ ਐਵਾਰਡ ਦੀ ਮੇਜ਼ਬਾਨੀ ਕੀਤੀ ਗਈ। ਇਸ ਮੌਕੇ ਸ਼ਾਨਦਾਰ ਸੰਗੀਤਕ ਪੇਸ਼ਕਾਰੀਆਂ ਸਣੇ ਅਸਲ ਕਹਾਣੀਆਂ ਨਾਲ ਭਰਪੂਰ ਇੱਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਇਹ ਪ੍ਰੋਗਰਾਮ ਆਗਾਮੀ ਕੌਮਾਂਤਰੀ ਮਹਿਲਾ ਦਿਵਸ ਮਨਾਉਣ ਲਈ ਨੈਰੇਟਰਜ਼ ਪਰਫਾਰਮਿੰਗ ਆਰਟਸ ਸੁਸਾਇਟੀ ਆਫ਼ ਇੰਡੀਆ ਅਤੇ ਸੀਜੀਸੀ ਲਾਂਡਰਾਂ ਵੱਲੋਂ ਕੀਤੀ ਗਈ ਇੱਕ ਪਹਿਲਕਦਮੀ ਸੀ।
ਇਹ ਪੁਰਸਕਾਰ ਪੰਜ ਉਨ੍ਹਾਂ ਔਰਤਾਂ ਡਾ. ਅਰਚਨਾ ਆਰ ਸਿੰਘ, ਜੱਸ ਕੇ ਸ਼ਾਨ, ਡਾ. ਅਲਕਾ ਕਾਂਸਰਾ, ਡਾ. ਮਨਜਿੰਦਰ ਗੁਲਿਆਣੀ ਅਤੇ ਡਾ. ਸੋਨਿਕਾ ਸੇਠੀ ਨੂੰ ਦਿੱਤਾ ਗਿਆ, ਜਿਨ੍ਹਾਂ ਨੇ ਆਪੋ-ਆਪਣੇ ਖੇਤਰਾਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ। ਇਨ੍ਹਾਂ ਪੁਰਸਕਾਰ ਜੇਤੂ ਔਰਤਾਂ ਨੂੰ ਸੀਜੀਸੀ ਲਾਂਡਰਾਂ ਦੇ ਕੈਂਪਸ ਡਾਇਰੈਕਟਰ ਡਾ. ਪੀਐਨ ਹਰੀਸ਼ੀਕੇਸ਼ਾ, ਡੀਨ ਵਿਦਿਆਰਥੀ ਭਲਾਈ ਸ੍ਰੀਮਤੀ ਗਗਨਦੀਪ ਕੌਰ ਭੁੱਲਰ, ਡਾਇਰੈਕਟਰ ਪ੍ਰਸ਼ਾਸਨ ਮੇਜਰ ਹਰਜੀਤ ਸਿੰਘ ਔਲਖ, ਰੰਜਨਾ ਮਲਿਕ, ਬਿੱਟੂ ਸੰਧੂ, ਮਨਰਾਜ ਗਰੇਵਾਲ, ਨਿਮਰਤ ਗੁਜਰਾਲ, ਰਵੀ ਪੰਧੇਰ ਅਤੇ ਸਰਿਤਾ ਖੁਰਾਣਾ ਵੱਲੋਂ ਸਨਮਾਨਿਤ ਕੀਤਾ ਗਿਆ।
‘ਦਿ ਨਰੇਟਰਜ਼ ਪਰਫਾਰਮਿੰਗ ਆਰਟਸ ਸੁਸਾਇਟੀ’ ਦੀ ਸੰਸਥਾਪਕ ਨਿਸ਼ਾ ਲੂਥਰਾ ਨੇ ਕਹਾਣੀਆਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਇਨ੍ਹਾਂ ਅਸਲ ਸਟੀਲ ਔਰਤਾਂ ਰਾਹੀਂ ਪੰਜ ਪ੍ਰਸਿੱਧ ਕਹਾਣੀਆਂ ਦਾ ਇੱਕ ਸੰਗੀਤਕ ਨਾਟਕੀ ਵਰਣਨ ਤਿਆਰ ਕੀਤਾ ਗਿਆ। ਇਹ ਕਵਿਤਾ, ਕਹਾਣੀਆਂ ਅਤੇ ਸੰਗੀਤ ਦਾ ਇੱਕ ਅਨੋਖਾ ਸੁਮੇਲ ਸੀ। ਸਮਾਗਮ ਦੇ ਪੇਸ਼ਕਾਰ ਵਜੋਂ ਰਾਜੇਸ਼ ਅਤਰੇਆ ਨੇ ਆਪਣੀ ਸ਼ਾਇਰੀ ਅਤੇ ਦਿਲਚਸਪ ਕਿੱਸੇ ਸੁਣਾ ਕੇ ਸਮਾਂ ਬੰਨ੍ਹਿਆ। ਗਗਨਦੀਪ ਕੌਰ ਭੁੱਲਰ ਨੇ ਸਮਾਗਮ ਅਤੇ ਪੁਰਸਕਾਰ ਸੈਸ਼ਨ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਪ੍ਰਬੰਧਕੀ ਟੀਮ ਦੀ ਸ਼ਲਾਘਾ ਕੀਤੀ।