ਕੂੜੇ ਦੀ ਸਮੱਸਿਆ: ਸਰਕਾਰ ਨੂੰ ਹਫ਼ਤੇ ਦਾ ਅਲਟੀਮੇਟਮ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 5 ਨਵੰਬਰ
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਕੂੜੇ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ। ਸੜਕਾਂ ਕਿਨਾਰੇ ਦੂਰ ਤੱਕ ਕੂੜਾ ਅਤੇ ਗੰਦਗੀ ਫੈਲੀ ਹੋਈ ਹੈ। ਇਸ ਸਬੰਧੀ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨੂੰ ਪੱਤਰ ਲਿਖ ਕੇ ਅਫ਼ਸਰਸ਼ਾਹੀ ’ਤੇ ਜਾਣਬੁੱਝ ਕੇ ਕੂੜੇ ਦੀ ਸਮੱਸਿਆ ਦਾ ਹੱਲ ਨਾ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਆਰਐੱਮਸੀ ਪੁਆਇੰਟਾਂ ਤੋਂ ਕੂੜਾ ਚੁੱਕਣ ਲਈ ਦਿੱਤੇ ਜਾਣ ਵਾਲੇ ਠੇਕੇ ਦੀ ਫਾਈਲ ਨੂੰ ਫੌਰੀ ਮਨਜ਼ੂਰੀ ਦਿੱਤੀ ਜਾਵੇ। ਉਨ੍ਹਾਂ ਇਸ ਪੱਤਰ ਦੀ ਕਾਪੀ ਪ੍ਰਮੁੱਖ ਸਕੱਤਰ, ਡਾਇਰੈਕਟਰ ਅਤੇ ਮੁਹਾਲੀ ਨਿਗਮ ਦੇ ਕਮਿਸ਼ਨਰ ਨੂੰ ਵੀ ਭੇਜੀ ਹੈ।
ਡਿਪਟੀ ਮੇਅਰ ਨੇ ਪੰਜਾਬ ਸਰਕਾਰ ਨੂੰ ਹਫ਼ਤੇ ਦਾ ਅਲਟੀਮੇਟਮ ਦਿੰਦੇ ਹੋਏ ਚਿਤਾਵਨੀ ਦਿੱਤੀ ਕਿ ਜੇ ਅਧਿਕਾਰੀਆਂ ਨੇ ਕੂੜਾ ਪ੍ਰਬੰਧਨ ਦੀ ਫਾਈਲ ਕਲੀਅਰ ਨਹੀਂ ਕੀਤੀ ਤਾਂ ਉਹ ਧਰਨਾ ਦੇਣ ਲਈ ਮਜਬੂਰ ਹੋਣਗੇ। ਇਸ ਦੀ ਜ਼ਿੰਮੇਵਾਰੀ ਵਿਭਾਗ ਦੇ ਅਧਿਕਾਰੀਆਂ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਕੂੜੇ ਦੀ ਹਾਲਤ ਗੰਭੀਰ ਹੈ। ਕੂੜੇ ਕਾਰਨ ਮੁਹਾਲੀ ਵਿੱਚ ਬਿਮਾਰੀ ਫੈਲਣ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਦਾ ਡੰਪਿੰਗ ਗਰਾਊਂਡ ਪਹਿਲਾਂ ਹੀ ਕਈ ਮਹੀਨਿਆਂ ਤੋਂ ਬੰਦ ਪਿਆ ਹੈ ਅਤੇ ਹੁਣ ਆਰਐਮਸੀ ਪੁਆਇੰਟ ਵੀ ਕੂੜੇ ਨਾਲ ਭਰ ਗਏ ਹਨ। ਆਰਜ਼ੀ ਤੌਰ ’ਤੇ ਜਿਸ ਕੰਪਨੀ ਨੂੰ ਕੂੜਾ ਚੁੱਕਣ ਦਾ ਠੇਕਾ ਦਿੱਤਾ ਗਿਆ ਹੈ, ਉਸ ਦੀ ਸਮਰੱਥਾ 40 ਟਨ ਤੋਂ ਵੱਧ ਨਹੀਂ ਹੈ ਜਦੋਂਕਿ ਮੁਹਾਲੀ ਵਿੱਚ ਰੋਜ਼ਾਨਾ 70 ਟਨ ਤੋਂ ਵੱਧ ਕੂੜਾ ਪੈਦਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਦੀ ਕਥਿਤ ਲਾਪਰਵਾਹੀ ਕਾਰਨ ਮੁਹਾਲੀ ਸਵੱਛਤਾ ਸਰਵੇਖਣ ਵਿੱਚ ਪਛੜ ਸਕਦਾ ਹੈ। ਇਸ ਲਈ ਕੂੜਾ ਪ੍ਰਬੰਧਨ ਨੂੰ ਵਧੇਰੇ ਤਵੱਜੋ ਦੇਣ ਦੀ ਲੋੜ ਹੈ।