ਧੁੰਦ ਕਾਰਨ ਸਹਾਰਨਪੁਰ-ਅੰਬਾਲਾ ਮਾਰਗ ’ਤੇ ਪੰਜ ਵਾਹਨ ਟਕਰਾਏ
ਦਵਿੰਦਰ ਸਿੰਘ
ਯਮੁਨਾਨਗਰ, 26 ਦਸੰਬਰ
ਸਰਦੀ ਦੇ ਮੌਸਮ ਵਿੱਚ ਵੱਧ ਰਹੀ ਧੁੰਦ ਕਾਰਨ ਸਹਾਰਨਪੁਰ-ਅੰਬਾਲਾ ਮੁੱਖ ਮਾਰਗ ’ਤੇ ਪੈਂਦੇ ਪਿੰਡ ਕਰੇਹੜਾ ਖੁਰਦ ਨੇੜੇ ਵੱਡੀ ਟਰਾਲੀ ਦੇ ਪਿੱਛੇ ਆ ਰਹੀਆਂ ਪੰਜ ਕਾਰਾਂ ਇੱਕ-ਦੂਜੇ ਨਾਲ ਬੁਰੀ ਤਰ੍ਹਾਂ ਨਾਲ ਟਕਰਾ ਗਈਆਂ। ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਫਿਲਹਾਲ ਪੁਲੀਸ ਮਾਮਲੇ ਸਬੰਧੀ ਜਾਂਚ ਕਰ ਰਹੀ ਹੈ। ਪਿੰਡ ਕਰੇਹੜਾ ਖੁਰਦ ਵਾਸੀ ਪੱਪੀ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ ਸਾਢੇ ਛੇ ਵਜੇ ਸੰਘਣੀ ਧੁੰਦ ਕਾਰਨ ਸਹਾਰਨਪੁਰ-ਅੰਬਾਲਾ ਮੁੱਖ ਮਾਰਗ ’ਤੇ ਪਿੰਡ ਨੇੜੇ ਵੱਡਾ ਸੜਕ ਹਾਦਸਾ ਵਾਪਰ ਗਿਆ ਜਿਸ ਵਿੱਚ ਟਰਾਲੀ ਦੇ ਪਿੱਛੇ ਆ ਰਹੀ ਇੱਕ ਕਾਰ ਟਰਾਲੀ ਦੇ ਹੇਠਾਂ ਵੜ ਗਈ ਅਤੇ ਉਸ ਦੇ ਪਿੱਛੇ ਚੱਲ ਰਹੀਆਂ ਕਰੀਬ ਚਾਰ ਹੋਰ ਕਾਰਾਂ ਇੱਕ ਤੋਂ ਬਾਅਦ ਇੱਕ ਨਾਲ ਟਕਰਾ ਗਈਆਂ। ਵਾਹਨਾਂ ਦਾ ਕਾਫੀ ਨੁਕਸਾਨ ਹੋਇਆ ਪਰ ਖੁਸ਼ਕਿਸਮਤੀ ਨਾਲ ਕਿਸੇ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ। ਥਾਣਾ ਸਦਰ ਯਮੁਨਾਨਗਰ ਦੇ ਜਾਂਚ ਅਧਿਕਾਰੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਅੱਜ ਸਵੇਰੇ ਸਾਢੇ ਛੇ ਵਜੇ ਦੇ ਕਰੀਬ ਸਹਾਰਨਪੁਰ-ਅੰਬਾਲਾ ਹਾਈਵੇਅ ’ਤੇ ਪਿੰਡ ਕਰਹੇੜਾ ਖੁਰਦ ਨੇੜੇ ਇੱਕ ਵੱਡੀ ਟਰਾਲੀ ਦੇ ਚਾਲਕ ਨੇ ਅਚਾਨਕ ਬ੍ਰੇਕ ਲਗਾ ਦਿੱਤੀ। ਇਸ ਕਾਰਨ ਪਿੱਛੇ ਆ ਰਹੀਆਂ ਕਾਰਾਂ ਇੱਕ ਦੂਜੇ ਨਾਲ ਟਕਰਾ ਗਈਆਂ। ਫਿਲਹਾਲ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।