ਪੁਲੀਸ ਵੱਲੋਂ 500 ਕਰੋੜ ਦੇ ਨਿਵੇਸ਼ ਧੋਖਾਧੜੀ ਮਾਮਲੇ ’ਚ ਐਲਵਿਸ਼ ਤੇ ਭਾਰਤੀ ਸਿੰਘ ਸਣੇ ਪੰਜ ਜਣੇ ਤਲਬ
ਨਵੀਂ ਦਿੱਲੀ, 3 ਅਕਤੂਬਰ
ਦਿੱਲੀ ਪੁਲੀਸ ਨੇ ‘ਹਾਇਬਾਕਸ’ ਮੋਬਾਈਲ ਐਪਲੀਕੇਸ਼ਨ ਅਧਾਰਿਤ 500 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ’ਚ ਯੂਟਿਊਬਰ ਐਲਵਿਸ਼ ਯਾਦਵ ਅਤੇ ਹਾਸਰਸ ਕਲਾਕਾਰ ਭਾਰਤੀ ਸਿੰਘ ਅਤੇ ਤਿੰਨ ਹੋਰਨਾਂ ਨੂੰ ਤਲਬ ਕੀਤਾ ਹੈ। ਇੱਕ ਅਧਿਕਾਰੀ ਨੇ ਅੱਜ ਦੱਸਿਆ ਕਿ ਪੁਲੀਸ ਨੂੰ ਇਸ ਸਬੰਧੀ 500 ਤੋਂ ਵੱਧ ਸ਼ਿਕਾਂਇਤਾਂ ਮਿਲੀਆਂ ਹਨ। ਉਨ੍ਹਾਂ ਕਿਹਾ ਕਿ ਸ਼ਿਕਾਇਤਾਂ ਮੁਤਾਬਕ ਸ਼ੋਸ਼ਲ ਮੀਡੀਆ ਇਨਫਲੂਐਂਸਰਾਂ ਅਤੇ ਯੂਟਿਊਬਰਾਂ ਜਿਨ੍ਹਾਂ ਵਿੱਚ ਸੌਰਵ ਜੋਸ਼ੀ, ਅਭਿਸ਼ੇਕ ਮਲਹਾਨ, ਪੂਰਵ ਝਾਅ, ਭਾਰਤੀ ਸਿੰਘ, ਹਰਸ਼ ਲਿੰਬਾਚੀਆ, ਲਕਸ਼ੈ ਚੌਧਰੀ, ਅਮਿਤ ਅਤੇ ਧੀਰਜ ਸਿੰਘ ਰਾਵਤ ਨੇ ਆਪੋ ਆਪਣੇ ਪੇਜਾਂ ’ਤੇ ਐਪਲੀਕੇਸ਼ਨ ਦਾ ਪ੍ਰਚਾਰ ਕੀਤਾ ਤੇ ਲੋਕਾਂ ਨੂੰ ਐਪ ਰਾਹੀਂ ਨਿਵੇਸ਼ ਦਾ ਲਾਲਚ ਦਿੱਤਾ। ਡੀਸੀਪੀ (ਆਈਐੱਫਐੱਸਓ ਸਪੈਸ਼ਲ ਸੈੱਲ) ਹੇਮੰਤ ਤਿਵਾੜੀ ਨੇ ਕਿਹਾ, ‘‘ਹਾਇਬਾਕਸ ਇੱਕ ਮੋਬਾਈਲ ਐਪਲੀਕੇਸ਼ਨ ਹੈ, ਜਿਹੜੀ ਕਿ ਯੋਜਨਾਬੱਧ ਘੁਟਾਲੇ ਦਾ ਹਿੱਸਾ ਸੀ।’’ ਉਨ੍ਹਾਂ ਦੱਸਿਆ ਕਿ ਇਹ ਐਪ ਇਸ ਸਾਲ ਫਰਵਰੀ ਮਹੀਨੇ ਸ਼ੁਰੂ ਕੀਤੀ ਗਈ ਸੀ ਅਤੇ 30,000 ਤੋਂ ਵੱਧ ਲੋਕਾਂ ਨੇ ਇਸ ਐਪ ਰਾਹੀਂ ਨਿਵੇਸ਼ ਕੀਤਾ ਸੀ। ਮੁਲਜ਼ਮਾਂ ਨੇ ਨਿਵੇਸ਼ਕਾਂ ਨੂੰ ਨਿਵੇਸ਼ ਦੀ ਰਕਮ ’ਤੇ ਰੋਜ਼ਾਨਾ ਇੱਕ ਤੋਂ ਪੰਜ ਫੀਸਦ ਲਾਭ ਦੇਣ ਦਾ ਵਾਅਦਾ ਕੀਤਾ ਸੀ। -ਪੀਟੀਆਈ