ਲੁੱਟ ਦੀ ਸਾਜ਼ਿਸ਼ ਘੜਦੇ ਗਰੋਹ ਦੇ ਪੰਜ ਮੈਂਬਰ ਕਾਬੂ
ਪੱਤਰ ਪ੍ਰੇਰਕ
ਫਿਲੌਰ, 17 ਦਸੰਬਰ
ਪੁਲੀਸ ਨੇ ਪੈਟਰੋਲ ਪੰਪ ਲੁੱਟਣ ਦੀ ਯੋਜਨਾ ਬਣਾ ਰਹੇ ਗਰੋਹ ਦੇ ਪੰਜ ਮੈਂਬਰਾਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਡੀਐੱਸਪੀ (ਫਿਲੌਰ) ਸਰਵਣ ਸਿੰਘ ਬੱਲ ਨੇ ਦੱਸਿਆ ਕਿ ਪੁਲੀਸ ਨੇ ਪੈਟਰੋਲ ਪੰਪ ਲੁੱਟਣ ਦੀ ਯੋਜਨਾ ਬਣਾ ਰਹੇ 5 ਮੈਂਬਰਾਂ ਨੂੰ ਕਾਬੂ ਕਰ ਕੇ 3 ਮੋਟਰਸਾਈਕਲ, 4 ਮੋਬਾਈਲ ਫੋਨ, 3 ਦਾਤਰ ਅਤੇ ਲੋਹੇ ਦੀ ਰਾਡ ਬਰਾਮਦ ਕੀਤੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜਸਕਰਨ ਸਿੰਘ ਉਰਫ ਜੱਸਾ ਵਾਸੀ ਬੱਛੋਵਾਲ, ਕਮਲ ਵਾਸੀ ਮੁਹੱਲਾ ਮਥੁਰਾਪੁਰੀ ਫਿਲੋਰ, ਸੰਜੇ ਕੁਮਾਰ ਵਾਸੀ ਮੁਹੱਲਾ ਚੌਧਰੀਆ ਗੜ੍ਹਾ ਰੋਡ ਫਿਲੋਰ, ਰਵਿੰਦਰ ਸਿੰਘ ਵਾਸੀ ਬੱਕਾਪੁਰ ਤੇ ਜਤਿੰਦਰ ਸਿੰਘ ਵਾਸੀ ਕੰਗ ਅਰਾਇਆ ਨੂੰ ਕਾਬੂ ਕੀਤਾ ਹੈ। ਪੁਲੀਸ ਨੇ ਇੱਕ ਹੋਰ ਮਾਮਲੇ ’ਚ 2 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ 135 ਨਸ਼ੀਲੀਆ ਗੋਲੀਆਂ ਬਰਾਮਦ ਕੀਤੀਆਂ ਹਨ। ਮੁਲਜ਼ਮ ਦੀ ਪਛਾਣ ਨਵਦੀਪ ਕੁਮਾਰ ਵਾਸੀ ਗੋਹਾਵਰ ਅਤੇ ਮਨਪ੍ਰੀਤ ਚੌਕੜੀਆ ਵਾਸੀ ਜੀਟੀ ਰੋਡ ਗੌਹਾਵਰ ਵਜੋਂ ਹੋਈ ਹੈ।
ਲੋਕਾਂ ਨੇ ਤਿੰਨ ਲੁਟੇਰੇ ਪੁਲੀਸ ਹਵਾਲੇ ਕੀਤੇ
ਕਾਹਨੂੰਵਾਨ (ਪੱਤਰ ਪ੍ਰੇਰਕ): ਪਿੰਡ ਘੂਕਲਾ ਨੇੜੇ ਇਲਾਕਾ ਵਾਸੀਆਂ ਨੇ ਤਿੰਨ ਲੁਟੇਰਿਆਂ ਨੂੰ ਕਾਬੂ ਕਰ ਕੇ ਪੁਲੀਸ ਹਵਾਲੇ ਕੀਤਾ ਹੈ। ਇਸ ਸਬੰਧੀ ਪਿੰਡ ਕੋਟਲੀ ਹਰਚੰਦਾਂ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਨੇੜੇ ਸਾਈਕਲ ਸਵਾਰ ਅੰਡੇ ਵਿਕਰੇਤਾ ਤੋਂ ਤਿੰਨ ਲੁਟੇਰਿਆਂ ਨੇ ਮੋਬਾਈਲ ਫੋਨ ਅਤੇ 2 ਹਜ਼ਾਰ ਰੁਪਏ ਲੁੱਟ ਲਏ। ਇਸ ਦੌਰਾਨ ਨੇੜੇ ਖੇਤਾਂ ਵਿੱਚ ਕੰਮ ਕਰਦੇ ਕਿਸਾਨਾਂ ਨੇ ਇਸ ਸਬੰਧੀ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ ਕਿ ਤਿੰਨ ਲੁਟੇਰੇ ਪਿੰਡ ਦੀ ਤਰਫ਼ ਜਾ ਰਹੇ ਹਨ, ਉਨ੍ਹਾਂ ਨੂੰ ਰੋਕਿਆ ਜਾਵੇ। ਪਿੰਡ ਵਾਸੀਆਂ ਨੇ ਟਰਾਲੀ ਸੜਕ ’ਚ ਲਗਾ ਕੇ ਰਸਤਾ ਰੋਕ ਲਿਆ। ਇਸ ਦੌਰਾਨ ਪਿੰਡ ਵਾਸੀਆਂ ਅਤੇ ਪਿੱਛੋਂ ਤੋਂ ਆ ਰਹੇ ਲੋਕਾਂ ਨੇ ਲੁਟੇਰਿਆਂ ਨੂੰ ਮੌਕੇ ਉੱਤੇ ਘੇਰ ਕੇ ਕਾਬੂ ਕਰ ਲਿਆ। ਕਾਬੂ ਕੀਤੇ ਲੁਟੇਰਿਆਂ ਨੇ ਪੁੱਛ ਪੜਤਾਲ ਦੌਰਾਨ ਦੱਸਿਆ ਕਿ ਉਹ ਸ੍ਰੀਹਰਗੋਬਿੰਦਪੁਰ ਨੇੜਲੇ ਪਿੰਡ ਮਾੜੀ ਪਨਵਾਂ ਦੇ ਰਹਿਣ ਵਾਲੇ ਹਨ। ਤਫ਼ਤੀਸ਼ੀ ਅਫ਼ਸਰ ਤਰਲੋਕ ਸਿੰਘ ਨੇ ਦੱਸਿਆ ਕਿ 3 ਨੌਜਵਾਨਾਂ ਨੂੰ ਇਲਾਕਾ ਵਾਸੀਆਂ ਨੇ ਉਨ੍ਹਾਂ ਦੇ ਹਵਾਲੇ ਜ਼ਰੂਰ ਕੀਤਾ ਹੈ ਪਰ ਇਸ ਮਾਮਲੇ ਦੀ ਤਫ਼ਤੀਸ਼ ਤੋਂ ਬਾਅਦ ਹੀ ਕੋਈ ਜਾਣਕਾਰੀ ਦਿੱਤੀ ਜਾ ਸਕਦੀ ਹੈ।