ਤਪਾ ਪੁਲੀਸ ਵੱਲੋਂ ਪੰਜ ਮੈਂਬਰੀ ਚੋਰ ਗਰੋਹ ਗ੍ਰਿਫ਼ਤਾਰ
ਰਵਿੰਦਰ ਰਵੀ/ਸੀ. ਮਾਰਕੰਡਾ
ਤਪਾ, 31 ਦਸੰਬਰ
ਤਪਾ ਪੁਲੀਸ ਨੇ ਇਲਾਕੇ ’ਖ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਪੰਜ ਮੈਂਬਰੀ ਗਿਰੋਹ ਨੂੰ ਗ੍ਰਿਫ਼ਤਾਰ ਕਰ ਕੇ ਸੋਨੇ ਦੇ ਗਹਿਣੇ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਡੀਐੱਸਪੀ ਤਪਾ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਪਵਨ ਕੁਮਾਰ ਵਾਾਸੀ ਖੁੱਡੀ ਖੁਰਦ ਨੇ ਪੁਲੀਸ ਸ਼ਿਕਾਇਤ ਕੀਤੀ ਸੀ ਕਿ ਉਸ ਦੇ ਘਰੋਂ ਪੰਜ ਨਾ ਮਾਲੂਮ ਨੌਜਵਾਨ ਉਸ ਦੇ ਘਰ ਦੀ ਕੰਧ ਟੱਪ ਕੇ ਭੱਜ ਰਹੇ ਸਨ। ਉਸ ਦੀ ਪਤਨੀ ਜਦੋਂ ਦੂਸਰੇ ਕਮਰੇ ਅੰਦਰ ਗਈ ਤਾਂ ਘਰ ’ਚ ਰੱਖੀ ਅਲਮਾਰੀ ਦਾ ਸਾਰਾ ਸਾਮਾਨ ਖਿਲਰਿਆ ਪਿਆ ਸੀ ਜਿਸ ’ਚੋਂ 12 ਗਰਾਮ ਵਜ਼ਨੀ ਕੰਨਾਂ ਦੀਆਂ ਵਾਲੀਆਂ, ਤਿੰਨ-ਤਿੰਨ ਗਰਾਮ ਦੀਆਂ ਮੁੰਦਰੀਆਂ, 12 ਹਜ਼ਾਰ ਰੁਪਏ ਨਗਦ ਅਤੇ ਚਾਰਜ ’ਤੇ ਲੱਗਾ ਮੋਬਾਈਲ ਗਾਇਬ ਸੀ। ਚੋਰਾਂ ਨੇ ਵਾਰਦਾਤ ਤੋਂ ਪਹਿਲਾਂ ਘਰ ’ਚ ਲੱਗੇ ਕੈਮਰੇ ਅਤੇ ਡੀਵੀਆਰ ਤੋੜ ਦਿੱਤਾ ਸੀ। ਸ਼ਿਕਾਇਤਕਰਤਾ ਨੇ ਪੁਲੀਸ ਨੂੰ ਦੱਸਿਆ ਕਿ ਚੋਰੀ ਕਰਨ ਵਾਲੇ ਨਵਜੋਤ ਸਿੰਘ ਉਰਫ਼ ਨਵੂ ਵਾਸੀ ਖੁੱਡੀ ਖੁਰਦ, ਬਲਵਿੰਦਰ ਸਿੰਘ ਉਰਫ਼ ਰੋਡੂ ਵਾਸੀ ਖੁੱਡੀ ਕਲਾਂ, ਅਕਾਸ਼ਦੀਪ ਸਿੰਘ ਵਾਸੀ ਹੰਢਿਆਇਆ, ਬੂਟਾ ਸਿੰਘ ਅਤੇ ਨਾਬਾਲਿਗ ਲੜਕਾ ਚੋਰੀ ਕਰਨ ’ਚ ਸ਼ਾਮਲ ਹੈ। ਸਬ-ਇੰਸਪੈਕਟਰ ਮੈਡਮ ਰੇਣੂ ਪਰੋਚਾ ਦੀ ਅਗਵਾਈ ’ਚ ਚੋਰਾਂ ਦੇ ਟਿਕਾਣਿਆਂ ’ਤੇ ਛਾਪੇ ਮਾਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਸੋਨੇ ਦੇ ਗਹਿਣੇ ਬਰਾਮਦ ਕਰ ਲਏ ਗਏ। ਪੁਲੀਸ ਨੇ ਨਕਲੀ ਖਿਡੌਣਾ ਪਿਸਤੌਲ ਅਤੇ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ।