‘ਪਾਈਪ ਲਾਈਨ’ ਸਿੱਧੀ ਕਰਨ ਲਈ ਸਰਕਾਰੀ ਦਰੱਖ਼ਤ ਵੱਢਿਆ
ਰਵਿੰਦਰ ਰਵੀ
ਬਰਨਾਲਾ, 3 ਜਨਵਰੀ
ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਕ ਨੇੜੇ ਨਹਿਰੀ ਵਿਭਾਗ ਨੇ ਜ਼ਮੀਨਦੋਜ਼ ਪਾਈਪ ਲਾਈਨ ਨੂੰ ‘ਸਿੱਧਾ ਕਰਨ’ ਲਈ ਠੇਕੇਦਾਰ ਨੂੰ 77 ਲੱਖ ਰੁਪਏ ਦੇ ਕਰੀਬ ਠੇਕਾ ਦਿੱਤਾ ਗਿਆ ਹੈ ਕਿਉਂਕਿ ਇਥੇ ਜ਼ਮੀਨਦੋਜ਼ ਪਾਈਪ ਲਾਈਨ ’ਚ ਥੋੜ੍ਹਾ ਜਿਹਾ ਮੋੜ ਪੈਂਦਾ ਹੈ। ਠੇਕੇਦਾਰ ਨੇ ਸਰਕਾਰੀ ਨਿਯਮਾਂ ਨੂੰ ਛਿੱਕੇ ਟੰਗਦਿਆਂ ਜੇਸੀਬੀ ਮਸ਼ੀਨ ਨਾਲ ਪੁਟਾਈ ਸ਼ੁਰੂ ਕਰਦਿਆਂ ਹੀ ਜੰਗਲਾਤ ਵਿਭਾਗ ਦੇ ਨੰਬਰੀ ਦਰਖ਼ਤ ਨੂੰ ਵੱਢ ਸੁੱਟਿਆ। ਹਾਲਾਂਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹਿਰ ਨੂੰ ਖੂਬਸੂਰਤ ਦਿੱਖ ਦੇਣ ਲਈ ਵਾਤਾਵਰਨ ਪ੍ਰੇਮੀਆਂ ਨਾਲ ਮਿਲ ਕੇ ਵੱਖ-ਵੱਖ ਥਾਵਾਂ ’ਤੇ ਬੂਟੇ ਲਾਏ ਜਾ ਰਹੇ ਹਨ ਪਰ ਕੁੰਭਕਰਨੀ ਨੀਂਦ ਸੁੱਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਨਹਿਰੀ ਵਿਭਾਗ ਵੱਲੋਂ ਵੱਢਿਆ ਦਰਖ਼ਤ ਨਜ਼ਰ ਹੀ ਨਹੀਂ ਆ ਰਿਹਾ। ਠੇਕੇਦਾਰ ਵੱਲੋਂ ਜ਼ਮੀਨਦੋਜ਼ ਪਾਈਪ ਪਾਉਣ ਲਈ ਰਸਤੇ ’ਚ ਆ ਰਹੇ ਜੰਗਲਾਤ ਵਿਭਾਗ ਦੇ ਨੰਬਰੀਂ ਕਈ ਹੋਰ ਦਰੱਖ਼ਤਾਂ ਦੀ ਵੀ ਪੁਟਾਈ ਕੀਤੀ ਜਾਵੇਗੀ। ਸਰਕਾਰੀ ਨਿਯਮਾਂ ਅਨੁਸਾਰ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਠੇਕੇਦਾਰ ਵੱਲੋਂ ਬਕਾਇਦਾ ਪੀਲੇ ਰੰਗ ਦੇ ਬੋਰਡ ਉੱਪਰ ਕੰਮ ਦਾ ਵੇਰਵਾ ਕੰਮ ’ਤੇ ਖਰਚ ਹੋਣ ਵਾਲੀ ਰਕਮ ਕੰਮ ਸ਼ੁਰੂ ਕਰਨ ਅਤੇ ਖ਼ਤਮ ਕਰਨ ਦੀ ਤਾਰੀਖ ਤੋਂ ਇਲਾਵਾ ਠੇਕੇਦਾਰ ਦਾ ਪੂਰਾ ਵੇਰਵਾ ਸਬੰਧਤ ਵਿਭਾਗ ਦੇ ਅਧਿਕਾਰੀਆਂ ਦੇ ਨਾਮ ਅਤੇ ਸ਼ਿਕਾਇਤ ਸਬੰਧੀ ਫੋਨ ਨੰਬਰ ਲਿਖਣੇ ਜ਼ਰੂਰੀ ਹੁੰਦੇ ਹਨ ਪਰ ਠੇਕੇਦਾਰ ਨੇ ਸਰਕਾਰੀ ਨਿਯਮਾਂ ਦੀ ਪ੍ਰਵਾਹ ਕੀਤੇ ਬਿਨਾਂ ਬੋਰਡ ਲਗਾਏ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਸਬੰਧੀ ਜੰਗਲਾਤ ਵਿਭਾਗ ਦੇ ਅਧਿਕਾਰੀ ਜੀਤ ਸਿੰਘ ਨੇ ਕਿਹਾ ਕਿ ਵਿਭਾਗ ਵੱਲੋਂ ਭੇਜੇ ਬੇਲਦਾਰ ਨੂੰ ਕੋਈ ਦਰੱਖ਼ਤ ਵੱਢਿਆ ਨਜ਼ਰ ਨਹੀਂ ਆਇਆ। ਨਹਿਰੀ ਵਿਭਾਗ ਨੂੰ ਦਰਖ਼ਤ ਪੁੱਟਣ ਦੀ ਮਨਜ਼ੂਰੀ ਦੇਣ ਸਬੰਧੀ ਜਾਣਕਾਰੀ ਦੇਣ ਤੋਂ ਉਹ ਟਾਲਾ ਵੱਟਦੇ ਨਜ਼ਰ ਆਏ।