ਮੈਡੀਕਲ ਕਾਲਜਾਂ ਵਿੱਚ ਪੰਜ ਲੱਖ ਟੈਸਟ ਕੀਤੇ: ਸੋਨੀ
ਟ੍ਰਬਿਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 28 ਜੁਲਾਈ
ਮੈਡੀਕਲ ਸਿੱਖਿਆ ਮੰਤਰੀ ਓਪੀ ਸੋਨੀ ਨੇ ਅੱਜ ਸਰਕਟ ਹਾਊਸ ਵਿੱਚ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਪੰਜਾਬ ਦੇ ਤਿੰਨ ਮੈਡੀਕਲ ਕਾਲਜਾਂ ਅੰਮ੍ਰਿਤਸਰ, ਪਟਿਆਲਾ ਅਤੇ ਫਰੀਦਕੋਟ ਵਿੱਚ ਕੱਲ੍ਹ ਤੱਕ 4,93,831 ਟੈਸਟ ਕੀਤੇ ਜਾ ਚੁੱਕੇ ਸਨ, ਜੋ ਅੱਜ ਪੰਜ ਲੱਖ ਤੋਂ ਪਾਰ ਹੋ ਜਾਣਗੇ ਅਤੇ ਇਨ੍ਹਾਂ ਟੈਸਟਾਂ ਵਿੱਚੋਂ ਕੇਵਲ 11595 ਟੈਸਟ ਦੀ ਰਿਪੋਰਟ ਪਾਜ਼ੇਟਿਵ ਆਈ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਲੈਬਾਰਟਰੀਆਂ ਤੋਂ ਇਲਾਵਾ ਜਲੰਧਰ, ਮੁਹਾਲੀ ਤੇ ਲੁਧਿਆਣਾ ਵਿੱਚ ਵੀ ਨਵੀਆਂ ਲੈਬਾਰਟਰੀਆਂ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਨਾਲ ਰੋਜ਼ਾਨਾ ਦੀ ਟੈਸਟ ਸਮਰੱਥਾ 20 ਹਜ਼ਾਰ ਹੋ ਜਾਵੇਗੀ, ਜੋ ਇਸ ਵੇਲੇ 12 ਹਜ਼ਾਰ ਰੋਜ਼ਾਨਾ ਹੈ। ਉਨ੍ਹਾਂ ਡਾਕਟਰੀ ਅਮਲੇ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਦੇ ਇਲਾਜ ਲਈ ਹਸਪਤਾਲ ਵਿੱਚ ਜ਼ੇਰੇ ਇਲਾਜ ਮਰੀਜ਼ਾਂ ਨੂੰ ਇਲਾਜ ਦੇ ਨਾਲ-ਨਾਲ ਹੌਸਲਾ ਵੀ ਦੇਣ, ਤਾਂ ਜੋ ਉਹ ਜਲਦੀ ਸਿਹਤਮੰਦ ਹੋ ਕੇ ਘਰਾਂ ਨੂੰ ਪਰਤ ਸਕਣ। ਅੰਮ੍ਰਿਤਸਰ ਸ਼ਹਿਰ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਕੇਸ ਵੱਧ ਹੋਣ ਕਾਰਨ ਸ਼ਹਿਰੀ ਇਲਾਕੇ ਵਿਚ ਟੈਸਟਾਂ ਦੀ ਗਿਣਤੀ ਵਧਾਈ ਜਾਵੇ।
ਉਨ੍ਹਾਂ ਕਿਹਾ ਕਿ ਕੋਵਿਡ-19 ਵਿਰੁੱਧ ਲੜਾਈ ਵਿੱਚ ਮੁਖ ਮੰਤਰੀ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦੇ ਰਹੇ, ਪਰ ਇਹ ਲੜਾਈ ਪੈਸੇ ਦੇ ਜ਼ੋਰ ਨਾਲ ਨਹੀਂ, ਬਲਕਿ ਲੋਕਾਂ ਦੇ ਸਾਥ ਨਾਲ ਹੀ ਜਿੱਤੀ ਜਾਣੀ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂੰ, ਸਿਵਲ ਸਰਜਨ ਡਾ. ਨਵਦੀਪ ਸਿੰਘ, ਪ੍ਰਿੰਸੀਪਲ ਮੈਡੀਕਲ ਕਾਲਜ ਡਾ. ਰਾਜੀਵ ਦੇਵਗਨ, ਡਾ. ਰਮਨ ਸ਼ਰਮਾ, ਡਾ. ਮਦਨ ਮੋਹਨ ਅਤੇ ਹੋਰ ਅਧਿਕਾਰੀ ਹਾਜ਼ਰ ਸਨ।