ਥਾਣਿਆਂ ’ਤੇ ਹਮਲਿਆਂ ਦੇ ਦੋਸ਼ ਹੇਠ ਪੰਜ ਗ੍ਰਿਫ਼ਤਾਰ
ਹਰਜੀਤ ਸਿੰਘ ਪਰਮਾਰ
ਬਟਾਲਾ, 29 ਦਸੰਬਰ
ਪੰਜਾਬ ਪੁਲੀਸ ਨੇ ਵੱਡੀ ਸਫ਼ਲਤਾ ਹਾਸਲ ਕਰਦਿਆਂ ਪਾਕਿਸਤਾਨ-ਆਈਐੱਸਆਈ ਹਮਾਇਤ ਪ੍ਰਾਪਤ ਅਤਿਵਾਦੀ ਮਾਡਿਊਲ ਦੇ ਪੰਜ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ ਬਟਾਲਾ ਅਤੇ ਗੁਰਦਾਸਪੁਰ ਦੇ ਪੁਲੀਸ ਥਾਣੇ ਤੇ ਚੌਕੀ ’ਤੇ ਹੱਥਗੋਲਿਆਂ ਨਾਲ ਹੋਏ ਹਮਲਿਆਂ ਦਾ ਮਾਸਟਰਮਾਈਂਡ ਅਭੀਜੋਤ ਸਿੰਘ ਵੀ ਸ਼ਾਮਲ ਹੈ। ਦੱਸਣਯੋਗ ਹੈ ਕਿ ਇਹ ਮਾਡਿਊਲ ਵਿਦੇਸ਼ ਆਧਾਰਿਤ ਹਰਪ੍ਰੀਤ ਸਿੰਘ ਉਰਫ਼ ਹੈਪੀ ਪਸੀਆ ਅਤੇ ਸ਼ਮਸ਼ੇਰ ਉਰਫ਼ ਹਨੀ ਵੱਲੋਂ ਚਲਾਈ ਜਾ ਰਹੀ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਜਥੇਬੰਦੀ ਵੱਲੋਂ ਸੰਚਾਲਿਤ ਕੀਤਾ ਜਾ ਰਿਹਾ ਸੀ। ਇਹ ਜਾਣਕਾਰੀ ਅੱਜ ਪੰਜਾਬ ਦੇ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਇਕ ਪ੍ਰੈੱਸ ਬਿਆਨ ਰਾਹੀਂ ਦਿੱਤੀ।
ਡੀਜੀਪੀ ਨੇ ਦੱਸਿਆ ਕਿ ਇਸ ਮਾਡਿਊਲ ਦਾ ਸਫ਼ਲਤਾਪੂਰਵਕ ਪਰਦਾਫਾਸ਼ ਕਰਦਿਆਂ ਪੰਜਾਬ ਪੁਲੀਸ ਨੇ ਸੂਬੇ ਵਿੱਚ ਪੁਲੀਸ ਥਾਣੇ ਤੇ ਚੌਕੀ ’ਤੇ ਹੋਏ ਹਮਲਿਆਂ ਦੀਆਂ ਸਾਰੀਆਂ ਗੁੱਥੀਆਂ ਸੁਲਝਾ ਲਈਆਂ ਹਨ। ਗ੍ਰਿਫ਼ਤਾਰ ਕੀਤੇ ਗਏ ਬਾਕੀ ਚਾਰ ਵਿਅਕਤੀਆਂ ਦੀ ਪਛਾਣ ਕੁਲਜੀਤ ਸਿੰਘ, ਰੋਹਿਤ ਉਰਫ਼ ਘੇਸੀ, ਸ਼ੁਭਮ ਅਤੇ ਗੁਰਜਿੰਦਰ ਸਿੰਘ ਉਰਫ਼ ਰਾਜਾ ਸਾਰੇ ਵਾਸੀਆਨ ਕਿਲ੍ਹਾ ਲਾਲ ਸਿੰਘ, ਬਟਾਲਾ ਵਜੋਂ ਹੋਈ ਹੈ। ਪੁਲੀਸ ਦੀਆਂ ਟੀਮਾਂ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਇੱਕ 9 ਐੱਮਐੱਮ ਅਤੇ ਇੱਕ .32 ਬੋਰ ਦਾ ਪਿਸਤੌਲ ਬਰਾਮਦ ਕੀਤਾ ਹੈ। ਦੱਸਣਯੋਗ ਹੈ ਕਿ ਬਟਾਲਾ ਦੇ ਘਣੀਏ ਕੇ ਬਾਂਗਰ ਪੁਲੀਸ ਥਾਣੇ ’ਤੇ 12 ਦਸੰਬਰ ਨੂੰ ਰਾਤ 10.20 ਵਜੇ ਦੇ ਕਰੀਬ ਕੁੱਝ ਵਿਅਕਤੀਆਂ ਵੱਲੋਂ ਹੱਥਗੋਲਾ ਸੁੱਟਿਆ ਗਿਆ ਸੀ ਅਤੇ ਇਸੇ ਤਰ੍ਹਾਂ 20 ਦਸੰਬਰ ਨੂੰ ਰਾਤ 9.30 ਵਜੇ ਦੇ ਕਰੀਬ ਗੁਰਦਾਸਪੁਰ ਦੀ ਵਡਾਲਾ ਬਾਂਗਰ ਪੁਲੀਸ ਚੌਕੀ ’ਤੇ ਹਮਲਾ ਹੋਇਆ ਸੀ। ਅਤਿਵਾਦੀ ਜਥੇਬੰਦੀ ਬੀਕੇਆਈ ਨੇ ਸੋਸ਼ਲ ਮੀਡੀਆ ਪਲੈਟਫਾਰਮਾਂ ’ਤੇ ਪੋਸਟਾਂ ਪਾ ਕੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਲਈ ਸੀ।
ਡੀਜੀਪੀ ਨੇ ਦੱਸਿਆ ਕਿ ਜਦੋਂ ਮੁਲਜ਼ਮ ਅਭੀਜੋਤ ਸਿੰਘ ਅਤੇ ਕੁਲਜੀਤ ਸਿੰਘ ਨੂੰ ਬਰਾਮਦਗੀ ਲਈ ਲਿਜਾਇਆ ਗਿਆ ਤਾਂ ਉਨ੍ਹਾਂ ਨੇ ਹਿਰਾਸਤ ’ਚੋਂ ਭੱਜਣ ਲਈ ਪੁਲੀਸ ਪਾਰਟੀ ’ਤੇ ਹਮਲਾ ਕਰ ਦਿੱਤਾ, ਜਿਸ ਦੇ ਜਵਾਬ ਵਿੱਚ ਪੁਲੀਸ ਨੇ ਵੀ ਆਪਣੇ ਬਚਾਅ ’ਚ ਗੋਲੀਬਾਰੀ ਕੀਤੀ। ਇਸ ਦੌਰਾਨ ਦੋਹਾਂ ਮੁਲਜ਼ਮਾਂ ਦੇ ਗੋਲੀਆਂ ਲੱਗੀਆਂ।
ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਡੀਜੀਪੀ ਨੇ ਦੱਸਿਆ ਕਿ ਪੁਲੀਸ ਥਾਣੇ ਤੇ ਚੌਕੀ ’ਤੇ ਹੋਏ ਹਮਲੇ ਉਪਰੰਤ ਬਟਾਲਾ ਪੁਲੀਸ ਵੱਲੋਂ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ।
ਪੰਜ ਗੈਂਗਸਟਰ ਨਾਜਾਇਜ਼ ਅਸਲੇ ਸਣੇ ਗ੍ਰਿਫ਼ਤਾਰ
ਤਰਨ ਤਾਰਨ (ਗੁਰਬਖਸ਼ਪੁਰੀ): ਸਥਾਨਕ ਪੁਲੀਸ ਨੇ ਜੰਡਿਆਲਾ ਗੁਰੂ ਸੜਕ ’ਤੇ ਪਿੰਡ ਖੱਬੇ ਡੋਗਰਾਂ ਦੇ ਅੱਡੇ ’ਤੇ ਲਾਏ ਇੱਕ ਨਾਕੇ ਤੋਂ ਬਿਨਾਂ ਨੰਬਰ ਵਾਲੀ ਇੱਕ ਕਾਰ ’ਚ ਜਾ ਰਹੇ ਪੰਜ ਗੈਂਗਸਟਰਾਂ ਨੂੰ ਅਸਲੇ ਸਣੇ ਗ੍ਰਿਫ਼ਤਾਰ ਕੀਤਾ ਹੈ| ਐੱਸਐੱਸਪੀ ਅਭਿਮੰਨਿਊ ਰਾਣਾ ਨੇ ਦੱਸਿਆ ਕਿ ਮੁਲਜ਼ਮਾਂ ਦੀ ਸ਼ਨਾਖ਼ਤ ਗੁਰਮੀਤ ਸਿੰਘ ਰਾਵਲ ਵਾਸੀ ਭਗਵਾਨਪੁਰ (ਬਟਾਲਾ), ਹਰਪਾਲ ਸਿੰਘ ਵਾਸੀ ਨੂਰਪੁਰ (ਗੁਰਦਾਸਪੁਰ), ਲਵਪ੍ਰੀਤ ਸਿੰਘ ਉਰਫ਼ ਐੱਨਪੀ ਵਾਸੀ ਨਵਾਂ ਪਿੰਡ (ਅੰਮ੍ਰਿਤਸਰ), ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ ਪਾਸੀਆਂ ਅਤੇ ਸੰਦੀਪ ਸਿੰਘ ਉਰਫ਼ ਗੋਲੀ ਵਾਸੀ ਕੋਟ ਖਾਲਸਾ (ਅੰਮ੍ਰਿਤਸਰ) ਵਜੋਂ ਹੋਈ ਹੈ| ਇਨ੍ਹਾਂ ਦੇ ਸਬੰਧ ਵਿਦੇਸ਼ ’ਚ ਬੈਠੇ ਜਗਦੀਪ ਸਿੰਘ ਉਰਫ਼ ਜੱਗਾ ਭਗਵਾਨਪੁਰੀਆ (ਬਟਾਲਾ) ਅਤੇ ਅੰਮ੍ਰਿਤਪਾਲ ਸਿੰਘ ਅੰਮ੍ਰਿਤ ਬਾਠ (ਤਰਨ ਤਾਰਨ) ਨਾਲ ਹਨ। ਐੱਸਐੱਸਪੀ ਨੇ ਕਿਹਾ ਕਿ ਮੁਲਜ਼ਮਾਂ ਕੋਲੋਂ ਅਮਰੀਕਾ ਦੇ ਬਣੇ ਪਿਸਤੌਲ ਸਣੇ ਚਾਰ ਪਿਸਤੌਲਾਂ ਅਤੇ ਤਿੰਨ ਮੈਗਜ਼ੀਨ ਬਰਾਮਦ ਕੀਤੇ ਹਨ।