ਪੰਜ ਮੁਲਜ਼ਮ 25 ਬੋਰੀਆਂ ਭੁੱਕੀ ਸਮੇਤ ਕਾਬੂ
ਮਹਿੰਦਰ ਸਿੰਘ ਰੱਤੀਆਂ
ਮੋਗਾ, 1 ਜੁਲਾਈ
ਇੱਥੇ ਥਾਣਾ ਅਜੀਤਵਾਲ ਪੁਲੀਸ ਨੇ ਗੁਪਤ ਸੂਚਨਾ ਆਧਾਰ ’ਤੇ ਪਿੰਡ ਕੋਕਰੀ ਕਲਾਂ ਵਿੱਚ ਛਾਪਾ ਮਾਰ ਕੇ ਬੰਕਰ ਬਣਾ ਕੇ ਸਟੋਰ ਕੀਤੀ 25 ਬੋਰੀਆਂ ਭੁੱਕੀ ਨੂੰ ਚਾਰ ਵਾਹਨਾਂ ਵਿਚ ਲੱਦ ਕੇ ਵੇਚਣ ਦੀ ਤਿਆਰੀ ਕਰ ਰਹੀਆਂ ਦੋ ਔਰਤਾਂ ਸਮੇਤ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਐੱਸਐੱਸਪੀ ਜੇ. ਐਲਨਚੇਜ਼ੀਅਨ ਨੇ ਦੱਸਿਆ ਕਿ ਥਾਣਾ ਅਜੀਤਵਾਲ ਮੁਖੀ ਜਸਵੀਰ ਸਿੰਘ ਨੇ ਗੁਪਤ ਸੂਚਨਾ ਆਧਾਰ ’ਤੇ ਸਰਬਜੀਤ ਸਿੰਘ ਉਰਫ ਸਰਬਾ, ਸੰਦੀਪ ਸਿੰਘ ਉਰਫ ਸੋਨੂੰ, ਬਲਵੀਰ ਸਿੰਘ ਉਰਫ ਸੋਨੂੰ, ਅਮਰੋ ਬਾਈ ਤੇ ਜੀਤ ਕੌਰ ਉਰਫ ਜੀਤੋ ਸਾਰੇ ਵਾਸੀ ਪਿੰਡ ਮਲਸੀਆ ਬਾਜਣ ਜ਼ਿਲ੍ਹਾ ਲੁਧਿਆਣਾ ਦਿਹਾਤੀ, ਹਾਲ ਆਬਾਦ ਪਿੰਡ ਕੋਕਰੀ ਕਲਾਂ ਖ਼ਿਲਾਫ਼ ਨਸ਼ਾ ਤਸਕਰੀ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਟੀਮ ਨੇ ਡੀਐੱਸਪੀ ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਢੇਸੀ ਦੀ ਅਗਵਾਈ ਹੇਠ 3 ਮੁਲਜ਼ਮਾਂ ਨੂੰ 15 ਬੋਰੀਆਂ ਵਾਹਨਾਂ ਵਿਚ ਲੱਦ ਕੇ ਲਿਜਾਂਦੇ ਸਮੇਂ ਕਾਬੂ ਕੀਤਾ ਗਿਆ ਅਤੇ ਘਰ ਅੰਦਰ ਬਣੇ ਬੰਕਰ ’ਚੋਂ 10 ਬੋਰੀ ਭੁੱਕੀ ਬਰਾਮਦ ਕਰਨ ਮਗਰੋਂ ਦੋ ਔਰਤਾਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਬਾਹਰੀ ਰਾਜਾ ਤੋਂ ਭੁੱਕੀ ਲਿਆ ਕੇ ਘਰ ਅੰਦਰ ਬਣੇ ਬੰਕਰ ਵਿਚ ਭੰਡਾਰਨ ਕਰਕੇ ਅਤੇ ਵੇੇਲੇ ਕੁਵੇਲੇ ਵਾਹਨਾਂ ਵਿਚ ਲੱਦ ਕੇ ਵੇਚਣ ਦਾ ਧੰਦਾ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਥਾਣਾ ਅਜੀਤਵਾਲ ਵਿੱਚ ਮੁਲਜ਼ਮਾਂ ਖ਼ਿਲਾਫ਼ ਨਸ਼ਾ ਤਸਕਰੀ ਦੋਸ਼ ਹੇਠ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੁੰ ਅਦਾਲਤ ਵਿੱਚ ਪੇਸ ਕਰਕੇ ਪੁੱਛ-ਗਿੱਛ ਲਈ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁਲੀਸ ਰਿਮਾਂਡ ਦੌਰਾਨ ਵੱਡੇ ਤਸਕਰਾਂ ਆਦਿ ਬਾਰੇ ਪਤਾ ਲਗਾਇਆ ਜਾਵੇਗਾ ਅਤੇ ਹੋਰ ਵੱਡੇ ਸਮਗਲਰਾਂ ਦੇ ਨਾਮ ਵੀ ਸਾਹਮਣੇ ਆ ਸਕਦੇ ਹਨ।