ਮਾਂ ਦੇ ਦੁੱਧ ਤੋਂ ਬਾਅਦ ਮੱਛੀ ਪ੍ਰੋਟੀਨ ਸਭ ਤੋਂ ਲਾਭਦਾਇਕ
ਖੇਤਰੀ ਪ੍ਰਤੀਨਿਧ
ਲੁਧਿਆਣਾ, 20 ਅਕਤੂਬਰ
ਲੋੜੀਂਦੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੋਣ ਕਰਕੇ ਮੱਛੀ ਨੂੰ ਇਕ ਵਧੀਆ ਅਤੇ ਪੂਰਕ ਭੋਜਨ ਮੰਨਿਆ ਜਾਂਦਾ ਹੈ ਅਤੇ ਬਾਕੀ ਪਸ਼ੂ ਮਾਸ (ਮੁਰਗਾ, ਬੱਕਰੀ ਅਤੇ ਸੂਰ) ਦੇ ਮੁਕਾਬਲੇ ਇਸ ਨੂੰ ਇੱਕ ਵਿਸ਼ੇਸ਼ ਸਥਾਨ ਹਾਸਲ ਹੈ। ਛੇਤੀ ਹਜ਼ਮ ਹੋਣ ਕਾਰਨ ਮਾਂ ਦੇ ਦੁੱਧ ਤੋਂ ਬਾਅਦ, ਮਨੁੱਖੀ ਪੋਸ਼ਣ ਵਿੱਚ ਮੱਛੀ ਪ੍ਰੋਟੀਨ ਨੂੰ ਦੂਜਾ ਸਥਾਨ ਪ੍ਰਾਪਤ ਹੈ। ਇਹ ਜਾਣਕਾਰੀ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਆਫ਼ ਫਿਸ਼ਰੀਜ਼ ਵਿਭਾਗ ਦੀ ਮੁਖੀ ਡਾ. ਵਨੀਤ ਇੰਦਰ ਕੌਰ ਨੇ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਤੰਦਰੁਸਤ ਰਹਿਣ ਲਈ ਲੋੜੀਂਦੇ ਸੂਖਮ ਪਰ ਬਹੁਤ ਹੀ ਜ਼ਰੂਰੀ ਪੌਸ਼ਟਿਕ ਤੱਤ ਵਿਟਾਮਿਨ ਅਤੇ ਖਣਿਜਾਂ ਦਾ ਵੀ ਮੱਛੀ ਇੱਕ ਭਰਪੂਰ ਸਰੋਤ ਹੈ। ਅੱਜ ਕਲ ਦੀ ਤਣਾਅ ਭਰਪੂਰ ਜ਼ਿੰਦਗੀ ਵਿੱਚ ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਬਿਮਾਰੀਆਂ ਦੇ ਵਧਦੇ ਮਰੀਜ਼ਾਂ ਲਈ ਵੀ ਮੱਛੀ ਇਕ ਸਹੀ ਬਦਲ ਹੈ, ਕਿਉਂਕਿ ਮੱਛੀ ਮਾਸ ਵਿੱਚ ਮੌਜੂਦ ਓਮੇਗਾ-3 ਪੀਯੂਐਫਏ, ਖੂਨ ਅਤੇ ਖੂਨ ਦੀਆਂ ਨਾੜੀਆਂ ਵਿੱਚ ਕੋਲੈਸਟਰੋਲ ਅਤੇ ਹੋਰ ਕਿਸਮਾਂ ਦੀ ਚਰਬੀ ਨੂੰ ਇੱਕਠਾ ਨਹੀਂ ਹੋਣ ਦਿੰਦੇ ਅਤੇ ਇਹਨਾਂ ਘਾਤਕ ਬਿਮਾਰੀਆਂ ਤੇ ਠੱਲ੍ਹ ਪੈਂਦੀ ਹੈ। ਡਾ. ਵਨੀਤ ਨੇ ਕਿਹਾ ਕਿ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਗਰਭਵਤੀ ਮਾਂ, ਮਾਂ ਦੇ ਗਰਭ ਵਿੱਚ ਪਲ ਰਹੇ ਬੱਚੇ ਤੋਂ ਲੈ ਕੇ ਨਵਜੰਮੇ ਅਤੇ ਵਧ ਰਹੇ ਬੱਚਿਆਂ ਲਈ ਲਾਹੇਵੰਦ ਹੈ।