ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਰੀਅਮ ਨਵਾਜ਼ ਸਰਕਾਰ ਦੇ ਪਹਿਲੇ ਸੌ ਦਿਨ

07:55 AM Jun 29, 2024 IST

ਦਰਬਾਰਾ ਸਿੰਘ ਕਾਹਲੋਂ
Advertisement

ਪਿਛਲੇ ਦਿਨੀਂ ਲਹਿੰਦੇ ਪੰਜਾਬ ਦੀ ਬੀਬਾ ਮਰੀਅਮ ਨਵਾਜ਼ ਸ਼ਰੀਫ ਸਰਕਾਰ ਨੇ ਆਪਣੇ ਕਾਰਜਕਾਲ ਦੇ ਪਹਿਲੇ 100 ਦਿਨ ਪੂਰੇ ਕਰ ਲਏ ਹਨ। ਲਹਿੰਦੇ ਪੰਜਾਬ ਦੀ ਕਰੀਬ 50 ਸਾਲਾ ਪੜ੍ਹੀ-ਲਿਖੀ ਪਹਿਲੀ ਐਸੀ ਤ੍ਰੀਮਤ ਮਰੀਅਮ ਨਵਾਜ਼ ਸ਼ਰੀਫ ਹਨ ਜਿਸ ਨੂੰ 6 ਫਰਵਰੀ 2024 ਨੂੰ ਇਸ ਦੀ 20ਵੀਂ ਮੁੱਖ ਮੰਤਰੀ ਬਣਨ ਦਾ ਮਾਣ ਮਿਲਿਆ। ਮਨੁੱਖ ਪ੍ਰਧਾਨ ਪਾਕਿਸਤਾਨ ਇਸਲਾਮਿਕ ਰਿਪਬਲਿਕ ਅੰਦਰ ਕਿਸੇ ਔਰਤ ਲਈ ਨਿਸ਼ਚਿਤ ਤੌਰ ’ਤੇ ਇਹ ਇਤਿਹਾਸਕ ਪ੍ਰਾਪਤੀ ਹੈ। ਉਸ ਤੋਂ ਪਹਿਲਾਂ ਬੇਨਜ਼ੀਰ ਭੁੱਟੋ ਐਸੀ ਹੀ ਪੜ੍ਹੀ-ਲਿਖੀ ਔਰਤ ਸੀ ਜਿਸ ਨੂੰ 2 ਦਸੰਬਰ 1988 ਤੋਂ 6 ਅਗਸਤ 1990 ਅਤੇ 18 ਅਕਤੂਬਰ 1993 ਤੋਂ 5 ਨਵੰਬਰ 1996 ਤੱਕ ਦੋ ਵਾਰ ਪਾਕਿਸਤਾਨ ਦੀ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਮਿਲਿਆ।
ਮਰੀਅਮ ਨੂੰ ਰਾਜਨੀਤੀ ਅਤੇ ਪ੍ਰਸ਼ਾਸਨ ਦੀ ਕਲਾ ਉਵੇਂ ਹੀ ਆਪਣੇ ਪਿਤਾ ਨਵਾਜ਼ ਸ਼ਰੀਫ਼ (ਸਾਬਕਾ ਪ੍ਰਧਾਨ ਮੰਤਰੀ) ਦੀ ਵਿਰਾਸਤ ਵਿਚੋਂ ਹਾਸਿਲ ਹੋਈ ਹੈ ਜਿਵੇਂ ਬੇਨਜ਼ੀਰ ਭੁੱਟੋ ਨੂੰ ਆਪਣੇ ਪਿਤਾ ਜ਼ੁਲਿਫਕਾਰ ਅਲੀ ਭੁੱਟੋ (ਸਾਬਕਾ ਪ੍ਰਧਾਨ ਮੰਤਰੀ) ਦੀ ਵਿਰਾਸਤ ਵਿਚੋਂ ਮਿਲੀ ਸੀ।
ਅਜੋਕੇ ਆਰਥਿਕ ਮੰਦਹਾਲੀ, ਬੇਰੁਜ਼ਗਾਰੀ, ਮਹਿੰਗਾਈ, ਭ੍ਰਿਸ਼ਟਾਚਾਰ, ਰਾਜਨੀਤਕ ਸਾਜਿ਼ਸ਼ੀ ਦੌਰ ਅਤੇ ਤਾਕਤਵਰ ਵਿਰੋਧੀ ਧਿਰ ਦੀ ਬਾਜ਼ ਅੱਖ ਵਾਲੇ ਵਤੀਰੇ ਵਿਚ ਪਾਕਿਸਤਾਨ ਦੇ ਕਰੀਬ 13 ਕਰੋੜ ਆਬਾਦੀ ਵਾਲੇ ਪੰਜਾਬ ਵਿਚ ਸਫਲਤਾਪੂਰਕ ਸਰਕਾਰ ਚਲਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਆਪਣੀ ਸਰਕਾਰ ਨੂੰ ਰਾਜਨੀਤਕ ਸਥਿਰਤਾ ਰਾਹੀਂ ਆਧੁਨਿਕ ਆਰਥਿਕ, ਤਕਨੀਕੀ, ਸਾਇੰਸੀ, ਸਨਅਤੀ, ਮੁਢਲੇ ਢਾਂਚੇ ਸਬੰਧਿਤ ਪ੍ਰੋਗਰਾਮਾਂ ਬਲਬੂਤੇ ਤਰੱਕੀ ਅਤੇ ਖੁਸ਼ਹਾਲੀ ਦੇ ਮਾਰਗ ਦੇ ਤੋਰਨ ਲਈ ਮਰੀਅਮ ਨੇ ਨਾ ਦਿਨ ਦੇਖਿਆ, ਨਾ ਰਾਤ, ਸਖਤ ਮਿਹਨਤ ਕੀਤੀ ਹੈ।
ਮਰੀਅਮ ਰਾਤ ਦਿਨ ਪਿੰਡਾਂ ਦੀਆਂ ਸੱਥਾਂ, ਸ਼ਹਿਰਾਂ ਦੇ ਮੁਹੱਲਿਆਂ ਸਨਅਤਾਂ, ਵਿਦਿਅਕ ਸੰਸਥਾਵਾਂ, ਗਰੀਬ ਖਾਨਿਆਂ ਦੇ ਗਲਿਆਰੇ ਗਾਹੁੰਦੀ ਦੇਖੀ ਗਈ। ਪੁਲੀਸ ਮੁਖੀ, ਪ੍ਰਸ਼ਾਸਨ ਮੁਖੀ ਮੁੱਖ ਸਕੱਤਰ, ਵਿਭਾਗੀ ਸਕੱਤਰਾਂ ਅਤੇ ਮੰਤਰੀਆਂ ਤੋਂ ਰੋਜ਼ਾਨਾ ਰਿਪੋਰਟ ਤਲਬ ਕਰਦੀ ਦੇਖੀ ਗਈ। ਕਰੀਬ 42 ਜਨਤਕ ਭਲਾਈ ਵਾਲੇ ਪ੍ਰਾਜੈਕਟ ਚਾਲੂ ਕੀਤੇ ਗਏ ਜੋ ਰਿਕਾਰਡ ਹੈ। ਲਹਿੰਦੇ ਪੰਜਾਬ ਦੀ ਤਰੱਕੀ ਲਈ ਯੋਜਨਾਬੱਧ ਪ੍ਰਾਜੈਕਟ ਮੂੰਹੋਂ ਬੋਲਦੇ ਹਨ।
ਰਮਜ਼ਾਨ ਨਿਗਾਹਬਾਨ ਪੈਕੇਜ: 30 ਬਿਲੀਅਨ ਰੁਪਏ ਆਧਾਰਿਤ ਰਮਜ਼ਾਨ ਨਿਗਾਹਬਾਨ ਪੈਕੇਜ ਰਾਹੀਂ ਲੋੜਵੰਦ ਸਾਢੇ ਤਿੰਨ ਕਰੋੜ ਲੋਕਾਂ ਨੂੰ 6.5 ਮਿਲੀਅਨ ਬੈਗ ਜਾਰੀ ਕੀਤੇ ਹਨ ਜਿਨ੍ਹਾਂ ਵਿਚ ਆਟਾ, ਦਾਲ, ਖੰਡ, ਘਿਉ, ਵੇਸਣ ਹਨ। 2023-24 ਲਈ ਕਣਕ ਲਈ ਐੱਮਐੱਸਪੀ 3900 ਰੁਪਏ ਪ੍ਰਤੀ 40 ਕਿਲੋ ਕੀਤੀ ਹੈ।
ਸਿਹਤਮੰਦ ਪੰਜਾਬ: ਸਿਹਤਮੰਦ ਪੰਜਾਬ ਪ੍ਰੋਗਰਾਮ ਅਧੀਨ ਲਾਹੌਰ ਵਿੱਚ ਕੈਂਸਰ ਹਸਪਤਾਲ, ਨਵਾਜ਼ ਸ਼ਰੀਫ ਕਾਰਡੀਆਲੋਜੀ ਹਸਪਤਾਲ ਸਰਗੋਧਾ, 32 ਫੀਲਡ ਹਸਪਤਾਲ ਖੋਲ੍ਹੇ ਗਏ ਹਨ। ‘ਪਹੀਆਂ ’ਤੇ ਕਲਿਨਿਕ’ ਪ੍ਰੋਗਰਾਮ ਅਧੀਨ 200 ਐਸੀਆਂ ਕਲਿਨਿਕਾਂ ਪਹਿਲੇ ਪੜਾਅ ਵਿਚ 8 ਜ਼ਿਲ੍ਹਿਆਂ ਵਿਚ ਚਾਲੂ ਕੀਤੀਆਂ ਹਨ। 2500 ਮੁੱਢਲੇ ਸਿਹਤ ਕੇਂਦਰ ਬਣਾਏ ਗਏ ਹਨ।
ਆਪਣਾ ਘਰ ਆਪਣੀ ਛੱਤ: ਇਸ ਪ੍ਰੋਗਰਾਮ ਤਹਿਤ ਪਹਿਲੇ ਪੜਾਅ ਵਿਚ ਇੱਕ ਲੱਖ ਘਰ ਉਸਾਰੇ ਜਾ ਰਹੇ ਹਨ। ਵਿਦਿਆਰਥੀਆਂ ਦੀ ਆਵਾਜਾਈ ਲਈ 20000 ਬਾਈਕਾਂ, 657 ਨਵੀਆਂ ਬੱਸਾਂ ਦਾ ਪ੍ਰਬੰਧ ਕੀਤਾ ਹੈ। 70 ਪ੍ਰੀਤਸ਼ਤ ਲੜਕਿਆਂ ਅਤੇ 30 ਪ੍ਰਤੀਸ਼ਤ ਲੜਕੀਆਂ ਨੂੰ ਬਾਈਕ ਦਿੱਤੇ ਜਾਣਗੇ।
ਨਵਾਜ਼ ਸ਼ਰੀਫ ਆਈਟੀ ਸਿਟੀ: ਇਸ ਪ੍ਰਾਜੈਕਟ ਲਈ 10 ਬਿਲੀਅਨ ਰੁਪਏ ਸ਼ੁਰੂ ਵਿਚ ਰੱਖੇ ਹਨ। ਪਾਕਿਸਤਾਨ ਕਿਡਨੀ ਅਤੇ ਲਿਵਰ ਸੰਸਥਾ ਤੇ ਖੋਜ ਕੇਂਦਰ (ਲਾਹੌਰ) 853 ਏਕੜ ਵਿਚ ਤਿਆਰ ਹੋ ਰਿਹਾ ਹੈ। ਚਾਰ ਆਈਟੀ ਜ਼ਿਲ੍ਹਾ, ਸਿੱਖਿਆ ਸਿਟੀ, ਫਿਲਮ ਸਿਟੀ, ਕਾਰੋਬਾਰੀ ਅਤੇ ਰਿਹਾਇਸ਼ੀ ਖੇਤਰ ਉਸਾਰੇ ਜਾ ਰਹੇ ਹਨ। ਇਨ੍ਹਾਂ ਅਧੀਨ 10 ਲੱਖ ਰੋਜ਼ਗਾਰ ਪੈਦਾ ਹੋਣਗੇ। ਸਪੈਸ਼ਲ ਸਥਾਨਕ ਅਤੇ ਕੌਮਾਂਤਰੀ ਖਿੱਚ ਦੇ ਕੇਂਦਰਾਂ ਵਜੋਂ ਵਿਸ਼ੇਸ਼ ਆਰਥਿਕ ਜ਼ੋਨ ਉਸਾਰੇ ਜਾ ਰਹੇ ਹਨ। ਇਨ੍ਹਾਂ ਨੂੰ ਭਾਰਤ ਦੀ ਅਟਲ ਬਿਹਾਰੀ ਵਾਜਪਈ ਸਰਕਾਰ ਵੱਲੋਂ ਪਹਾੜੀ ਰਾਜਾਂ ਵਿਚ ਸਥਾਪਿਤ ਅਤੇ ਵਿਕਸਿਤ ਕਰਨ ਦੀ ਤਰਜ਼ ’ਤੇ 10 ਸਾਲਾਂ ਲਈ ਟੈਕਸ ਮੁਆਫੀ ਅਤੇ ਹੋਰ ਸਹੂਲਤਾਂ ਦਿੱਤੀਆਂ ਹਨ। ਚੀਨੀ ਮਸ਼ੀਨਰੀ ਇੰਜਨੀਅਰਿੰਗ ਕਾਰਪੋਰੇਸ਼ਨ ਨਾਲ ਇਸ ਮੰਤਵ ਲਈ ਸਮਝੌਤਾ ਕੀਤਾ ਗਿਆ ਹੈ।
ਨਵਾਜ਼ ਸ਼ਰੀਫ ਕਿਸਾਨ ਕਾਰਡ: ਕਿਸਾਨਾਂ ਦਾ ਭਵਿੱਖ ਉਸਾਰਨ 150 ਬਿਲੀਅਨ ਕਰਜ਼ ਦਾ ਪ੍ਰਬੰਧ 5 ਲੱਖ ਕਿਸਾਨਾਂ ਲਈ ਕੀਤਾ ਹੈ। ਵਧੀਆ ਬੀਜਾਂ, ਰਸਾਇਣਕ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਖਰੀਦ ਲਈ 30 ਹਜ਼ਾਰ ਪ੍ਰਤੀ ਏਕੜ ਦਿੱਤੇ ਜਾਣਗੇ। ਨਿੱਜੀ ਖੇਤਰਾਂ (ਕਾਰਪੋਰੇਟਰਾਂ) ਦੇ ਸਹਿਯੋਗ ਨਾਲ ਮਾਡਲ ਖੇਤੀ ਕੇਂਦਰ ਸਥਾਪਿਤ ਕੀਤੇ ਜਾਣਗੇ ਲੇਕਿਨ ਇਹ ਧਿਆਨ ਰੱਖਣਾ ਪਵੇਗਾ ਕਿ ਉਹ ਕਿਤੇ ਖੇਤਰੀ ਖੇਤਰ ਹੀ ਹੜੱਪ ਨਾ ਜਾਣ। ਚੀਨ ਦੀ ਮਦਦ ਨਾਲ ਫੈਸਲਾਬਾਦ ਯੂਨੀਵਰਸਿਟੀ ਵਿਚ 2 ਬਿਲੀਅਨ ਰੁਪਏ ਦੀ ਲਾਗਤ ਨਾਲ ਖੇਤੀ ਖੋਜ ਅਤੇ ਵਿਕਾਸ ਕੇਂਦਰ ਵਿਕਸਿਤ ਕੀਤਾ ਜਾ ਰਿਹਾ ਹੈ ਜਿਸ ਵਿਚ 500 ਖੇਤੀ ਗਰੈਜੂਏਟ ਭਰਤੀ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ 12.6 ਬਿਲੀਅਨ ਰੁਪਏ ਨਾਲ ਸੋਲਰ ਸਿਸਟਮ ਵਿਕਸਿਤ ਕਰਨ ਦਾ ਕੰਮ ਸ਼ੁਰੂ ਕੀਤਾ ਹੈ।
ਪੰਜ ਐਕਸਪ੍ਰੈੱਸ ਮਾਰਗ: ਆਰਥਿਕ ਵਿਕਾਸ, ਆਪਸੀ ਮਿਲਵਰਤਨ, ਸੂਬੇ ਨੂੰ ਤੇਜ਼ ਗਤੀ ਬੱਸ ਸੇਵਾਵਾਂ ਨਾਲ ਜੋੜਨ, ਟ੍ਰਾਂਸਪੋਰਟ ਵਿਕਾਸ, ਕਾਰੋਬਾਰ ਅਤੇ ਟੂਰਿਜ਼ਮ ਨੂੰ ਹੁਲਾਰਾ ਦੇਣ ਲਈ 5 ਐਕਸਪ੍ਰੈੱਸ ਮਾਰਗ (ਮੁਲਤਾਨ ਤੋਂ ਵਿਹਾਰੀ, ਫੈਸਲਾਬਾਦ ਤੋਂ ਚਿਨੌਟ, ਬਹਾਵਲਪੁਰ ਤੋਂ ਚੰਗਾਰਾ, ਸਾਹੀਵਾਲ ਤੋਂ ਸਮੁੰਦਰੀ ਤੇ. ਚੀਚਾਵਤਨੀ ਤੋਂ ਲਾਯਾ ਤੱਕ) ਵਿਕਸਿਤ ਕੀਤੇ ਜਾਣਗੇ।
ਮੇਰੀ ਆਵਾਜ਼ ਮਰੀਅਮ ਨਵਾਜ਼: ਪੰਜਾਬ ਸੁਰੱਖਿਅਤ ਸਿਟੀ ਅਥਾਰਟੀ ਅਧੀਨ ਮਾਡਲ ਔਰਤ ਪੁਲੀਸ ਸਟੇਸ਼ਨ ਔਰਤ ਸੁਰੱਖਿਆ ਲਈ ਖੋਲ੍ਹੇ ਹਨ। ਯੂਨੀਵਰਸਿਟੀ, ਕਾਲਜਾਂ, ਮਾਰਕਿਟਾਂ, ਚੌਰਾਹਿਆਂ ਵਿਚ ਸੁਰੱਖਿਆ ਲਈ ‘ਪੈਨਕ ਬਟਨ’ ਲਗਾਏ ਹਨ।
ਟੈਕਸ ਰਹਿਤ ਬਜਟ: ਅੱਛਾ ਕਦਮ ਹੈ। ਤਨਖਾਹਾਂ ਵਿਚ 20 ਤੋਂ 25 ਪ੍ਰਤੀਸ਼ਤ, ਪੈਨਸ਼ਨਾਂ ਵਿੱਚ 15 ਪ੍ਰਤੀਸ਼ਤ ਵਾਧਾ ਸ਼ਲਾਘਾਯੋਗ ਹੈ। ਕਫਾਇਤ ਜ਼ਰੂਰੀ ਹੈ।
ਖੈਰ! ਮਰੀਅਮ ਨੇ ਉਮਦਾ ਸ਼ੁਰੂਆਤ ਦਾ ਮੁਜ਼ਾਹਰਾ ਕੀਤਾ ਹੈ। ਚੁਣੌਤੀਆਂ ਵੱਡੀਆਂ ਹਨ। ਆਸ ਹੈ, ਉਹ ਪੰਜਾਬੀਆਂ ਦੀਆਂ ਆਸਾਂ’ਤੇ ਪੂਰੀ ਉਤਰੇਗੀ।
ਸੰਪਰਕ: 1-289-829-2929

Advertisement
Advertisement
Advertisement