ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਹਿਲਾ ਮਰਣੁ ਕਬੂਲਿ

12:31 PM Jan 09, 2023 IST

ਕੈਫ਼ੀ ਕੌਣ

Advertisement

15 ਦਸੰਬਰ 2021… ਪਿਛਲੀ ਰਾਤ ਹਾਲੇ ਖ਼ਤਮ ਨਹੀਂ ਸੀ ਹੋਈ, ਅਗਲੀ ਸਵੇਰ ਹਾਲੇ ਸ਼ੁਰੂ ਨਹੀਂ ਸੀ ਹੋਈ, ਅਚਾਨਕ ਬੇਚੈਨੀ ਜਿਹੀ ਮਹਿਸੂਸ ਹੋਈ ਤੇ ਮੇਰੀ ਨੀਂਦ ਖੁੱਲ੍ਹ ਗਈ। ਆਦਤਨ, ਫੋਨ ਚੁੱਕ ਕੇ ਸਮਾਂ ਦੇਖਿਆ, ਸਵੇਰ ਦੇ 2 ਵੱਜ ਕੇ 14 ਮਿੰਟ ਹੋਏ ਸੀ। ਪਤਾ ਨਹੀਂ ਕਿਉਂ, ਸਮਾਂ ਦੇਖਦੇ ਹੀ ਖ਼ਿਆਲ ਆਇਆ ਕਿ ਇਸ ਪਲ ਤੋਂ ਬਾਅਦ ਮੇਰੇ ਕੋਲ ਪੂਰਾ ਇਕ ਸਾਲ ਦਾ ਸਮਾਂ ਹੈ। ਠੀਕ ਇਕ ਸਾਲ ਬਾਅਦ 2022 ਦੇ ਦਸੰਬਰ ਮਹੀਨੇ ਦੀ 15 ਤਰੀਕ ਨੂੰ ਸਵੇਰ ਦੇ 2 ਵੱਜ ਕੇ 14 ਮਿੰਟ ‘ਤੇ ਮੈਂ ਇਸ ਦੁਨੀਆ ਨੂੰ ਅਲਵਿਦਾ ਕਹਿਣਾ ਹੈ।

ਇਹ ਬੜਾ ਅਜੀਬ ਜਿਹਾ ਖ਼ਿਆਲ ਸੀ। ਸ਼ਾਇਦ ਮੈਂ ਚਾਹੁੰਦਾ ਤਾਂ ਇਸ ਨੂੰ ਵਹਿਮ, ਬੁਰਾ ਖ਼ਾਬ ਜਾਂ ਮਜ਼ਾਕ ਸਮਝ ਕੇ ਖ਼ਾਰਿਜ ਕਰ ਸਕਦਾ ਸੀ ਪਰ ਨਹੀਂ ਕੀਤਾ; ਪਤਾ ਨਹੀਂ ਕਿਉਂ ਨਹੀਂ ਕੀਤਾ। ਮੈਂ ਇਸ ਖ਼ਿਆਲ ਨੂੰ ਭਵਿਖਵਾਣੀ ਸਮਝ ਲਿਆ, ਇਸ ਨੂੰ ਹੋਣ ਵਾਲਾ ਸੱਚ ਮੰਨ ਲਿਆ। ਸ਼ਾਇਦ ਮੈਂ ਇਸ ਨੂੰ ਹੋਣ ਵਾਲਾ ਸੱਚ ਮੰਨਣਾ ਚਾਹੁੰਦਾ ਸੀ।

Advertisement

ਮੈਂ ਖ਼ੁਦ ਨੂੰ ਇਹੀ ਸਮਝਾਇਆ ਕਿ ਜ਼ਿੰਦਗੀ ਨੇ ਮੈਨੂੰ ਮੌਕਾ ਦੇ ਦਿੱਤਾ ਹੈ ਕਿ ਮੈਂ ਉਹ ਸਾਰੇ ਕੰਮ ਕਰ ਲਵਾਂ ਜੋ ਮੈਂ ਕਰਨਾ ਚਾਹੁੰਦਾ ਸੀ ਪਰ ਕਰ ਨਹੀਂ ਹੋ ਰਹੇ ਸੀ, ਜਾਂ ਟਾਲਦਾ ਆ ਰਿਹਾ ਸੀ। ਸੋ, ਸਭ ਤੋਂ ਪਹਿਲਾਂ ਮੈਂ ਉਨ੍ਹਾਂ ਸਾਰੇ ਕੰਮਾਂ ਦੀ ਲਿਸਟ ਬਣਾਈ। ਆਪਣੇ ਸਾਰੇ ਲੈਣੇ ਦੇਣੇ ਦਾ ਹਿਸਾਬ ਲਾਇਆ। ਮੈਨੂੰ ਲੱਗਿਆ ਕਿ ਨੌਕਰੀ ਤੋਂ ਮਿਲਣ ਵਾਲਾ ਪੈਸਾ ਇੰਨਾ ਨਹੀਂ ਕਿ ਕਰਜ਼ੇ ਉਤਾਰਨ ਤੋਂ ਬਾਅਦ ਕੁਝ ਖ਼ਾਸ ਬਚੇ। ਇਸ ਲਈ ਮੈਂ ਬੀਮਾ ਕਰਵਾਇਆ, ਜਿੰਨਾ ਵੱਧ ਤੋਂ ਵੱਧ ਕਰਵਾ ਸਕਦਾ ਸੀ, ਕਰਵਾ ਲਿਆ। ਹੁਣ ਘੱਟੋ-ਘੱਟ ਪੈਸਿਆਂ ਵੱਲੋਂ ਮੈਂ ਧੀਆਂ ਦੇ ਭਵਿੱਖ ਬਾਰੇ ਬੇਫ਼ਿਕਰ ਸੀ। ਬਾਕੀ ਸਾਰੇ ਹਿਸਾਬ ਕਿਤਾਬ ਵੀ ਕਾਗਜ਼ ‘ਤੇ ਲਿਖ ਕੇ ਰੱਖ ਦਿੱਤੇ। ਕਿਸ ਨੂੰ ਕਿੰਨੇ ਪੈਸੇ ਦਿੱਤੇ ਜਾਣ, ਕਿਵੇਂ ਦਿੱਤੇ ਜਾਣ। ਆਪਣੀ ਨਿਸ਼ਾਨੀ ਦੇ ਤੌਰ ‘ਤੇ ਸਭ ਦੇ ਲਈ ਕੁਝ ਤੋਹਫ਼ੇ ਵੀ ਖ਼ਰੀਦ ਕੇ ਰੱਖ ਦਿੱਤੇ। ਪਤਾ ਨਹੀਂ ਅਸੀਂ ਇਹ ਕਿਉਂ ਚਾਹੁੰਦੇ ਹਾਂ ਕਿ ਸਾਨੂੰ ਯਾਦ ਰੱਖਿਆ ਜਾਵੇ?

ਮੈਂ ਚਾਹੁੰਦਾ ਸੀ ਕਿ ਇਸ ਸਾਲ ਵਿਚ ਮੈਂ ਆਪਣੇ ਸਾਰੇ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਮਿਲ ਸਕਾਂ। ਕੋਸ਼ਿਸ਼ ਵੀ ਕੀਤੀ ਤੇ ਕਈਆਂ ਨੂੰ ਮਿਲ ਵੀ ਲਿਆ ਪਰ ਕਈਆਂ ਨੂੰ ਮਿਲਣਾ ਸੰਭਵ ਨਹੀਂ ਸੀ। ਉਨ੍ਹਾਂ ਨਾਲ ਵੀ ਇਕ ਵਾਰ ਫੋਨ ‘ਤੇ ਵੀਡੀਓ ਕਾਲ ਹੋ ਗਈ। ਅਜੇ ਵੀ ਕੁਝ ਦੋਸਤ ਰਹਿ ਗਏ, ਫਿਰ ਵੀ ਕਾਫੀ ਹੱਦ ਤਕ ਮੈਂ ਇਹ ਲਿਸਟ ਮੁਕੰਮਲ ਕਰ ਲਈ ਸੀ।

ਖ਼ਾਹਿਸ਼ ਸੀ ਕੁਝ ਖ਼ਾਸ ਸ਼ਹਿਰਾਂ ਤੇ ਥਾਵਾਂ ਦੇਖਣ ਦੀ। ਲੇਹ ਲੱਦਾਖ, ਲਾਹੌਲ ਸਪਿਤੀ, ਖਜਿਆਰ, ਕਸ਼ਮੀਰ, ਗੋਆ, ਰੇਗਿਸਤਾਨ, ਸਵਿਟਜ਼ਰਲੈਂਡ, ਤੇ ਹਾਂ ਪਾਕਿਸਤਾਨ ਪਰ ਮੈਂ ਜਾਣਦਾ ਸੀ ਕਿ ਇਹ ਖ਼ਾਹਿਸ਼ ਤਾਂ ਕਿਸੇ ਵੀ ਤਰ੍ਹਾਂ ਪੂਰੀ ਨਹੀਂ ਹੋ ਸਕਦੀ। ਇੰਨੀਆਂ ਥਾਵਾਂ ‘ਤੇ ਘੁੰਮਣ ਲਈ ਪੈਸਾ ਵੀ ਖੁੱਲ੍ਹਾ ਚਾਹੀਦਾ ਹੈ ਤੇ ਸਮਾਂ ਵੀ, ਤੇ ਮੇਰੇ ਕੋਲ ਦੋਹਾਂ ਦੀ ਕਮੀ ਸੀ। ਫਿਰ ਖ਼ੁਦ ਨੂੰ ਇਹ ਕਹਿ ਕੇ ਤਸੱਲੀ ਦੇ ਲਈ ਕਿ ਮਰਨ ਤੋਂ ਬਾਅਦ ਨਾ ਪੈਸੇ ਦੀ ਲੋੜ ਹੁੰਦੀ ਹੈ ਨਾ ਵੀਜ਼ੇ ਦੀ, ਸੋ ਉਦੋਂ ਦੇਖ ਲਵਾਂਗਾ ਇਹ ਸਾਰੀਆਂ ਥਾਵਾਂ।

ਇਕ ਹੋਰ ਚੀਜ਼ ਜੋ ਬਾਕੀਆਂ ਲਈ ਤਾਂ ਹਮੇਸ਼ਾ ਫਾਲਤੂ ਜਾਂ ਵਿਹਲੇ ਸਮੇਂ ਦੀ ਗੱਲ ਰਹੀ ਹੈ ਪਰ ਮੇਰੇ ਲਈ ਬਹੁਤ ਅਹਿਮ ਸੀ। ਲਿਖਣ ਦਾ ਸ਼ੌਂਕ, ਕਿਤਾਬ ਛਪਣ ਦੀ ਖ਼ਾਹਿਸ਼, ਸ਼ਾਇਰ ਜਾਂ ਲੇਖਕ ਦੇ ਤੌਰ ‘ਤੇ ਪਛਾਣੇ ਜਾਣ ਦੀ ਚਾਹ। ਨਾਮ ਬਣਾਉਣ ਦੀ ਖਾਹਿਸ਼ ਹੁਣ ਬਹੁਤ ਹੱਦ ਤਕ ਖ਼ਤਮ ਹੋ ਚੁਕੀ ਸੀ, ਖ਼ਾਸ ਤੌਰ ‘ਤੇ ਦਲੀਪ ਕੌਰ ਟਿਵਾਣਾ ਜੀ ਦੇ ਚਲੇ ਜਾਣ ਤੋਂ ਬਾਅਦ। ਮੇਰੇ ਲਈ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਪ੍ਰਾਪਤੀ ਇਹੀ ਸੀ ਕਿ ਮੇਰੀਆਂ ਕਵਿਤਾਵਾਂ ਟਿਵਾਣਾ ਜੀ ਨੇ ਪੜ੍ਹੀਆਂ ਤੇ ਪਸੰਦ ਵੀ ਕੀਤੀਆਂ। ਖ਼ੈਰ, ਮੈਂ ਕੋਸ਼ਿਸ਼ ਕੀਤੀ ਤੇ ਆਪਣੀਆਂ ਲਿਖੀਆਂ ਸਾਰੀਆਂ ਰਚਨਾਵਾਂ ਦੀ ਈ-ਬੁੱਕ ਬਣਾ ਕੇ ਐਮਾਜ਼ੋਨ, ਕਿੰਡਲ ਤੇ ਕੋਬੋ ਵਰਗੀਆਂ ਆਨਲਾਈਨ ਸਾਈਟਾਂ ‘ਤੇ ਅਪਲੋਡ ਕਰ ਦਿੱਤਾ। ਕੁਝ ਲੇਖ ਲਿਖੇ ਸੀ। ਦੋ ਤਿੰਨ ਅਖ਼ਬਾਰ ਵਿਚ ਛਪੇ ਤਾਂ ਚੰਗਾ ਵੀ ਲੱਗਿਆ। ਤਿੰਨ ਚਾਰ ਹੋਰ ਭੇਜੇ ਸੀ, ਨਹੀਂ ਛਪੇ ਤਾਂ ਵੀ ਕੋਈ ਅਫ਼ਸੋਸ ਨਹੀਂ ਹੋਇਆ।

ਇਹ ਸਭ ਕਰਦਿਆਂ ਕਰੇਂਦਿਆਂ 14 ਦਸੰਬਰ 2022 ਦੀ ਰਾਤ ਆ ਗਈ। ਮੇਰੇ ਹਿਸਾਬ ਨਾਲ ਮੇਰੀ ਜ਼ਿੰਦਗੀ ਦੀ ਆਖ਼ਰੀ ਰਾਤ। ਆਪਣੇ ਵੱਲੋਂ ਮੈਂ ਜ਼ਿਆਦਾਤਰ ਕੰਮ ਨਬੇੜ ਲਏ ਸੀ। ਆਪਣੀਆਂ ਖ਼ਾਹਿਸ਼ਾਂ ਤੇ ਸੁਪਨਿਆਂ ਦੀ ਕਿਤਾਬ ਦਾ ਆਖ਼ਰੀ ਪੰਨਾ, ਕੁਝ ਲਿਖ ਲਿਆ ਸੀ ਤੇ ਕੁਝ ਖ਼ਾਲੀ ਰਹਿ ਜਾਣ ਦਿੱਤਾ।

ਕਦੇ ਬਾਰਿਸ਼ ਬਣ ਜਾਵੀਂ, ਕਦੇ ਧੁੱਪ ਸਜਾ ਦੇਵੀਂ,

ਜੋ ਨਜ਼ਮ ਰਹਿ ਗਈ ਹੈ, ਕਿਤੇ ਹੋਰ ਸੁਣਾ ਦੇਵੀਂ।

ਜ਼ਿੰਦਗੀ ਨੂੰ ਇਹ ਆਖ਼ਰੀ ਅਲਫ਼ਾਜ਼ ਕਹਿ ਕੇ ਮੈਂ ਰਾਤ ਦੇ ਗਿਆਰਾਂ ਕੁ ਵਜੇ ਅੱਖਾਂ ਬੰਦ ਕਰ ਲਈਆਂ। ਉਮੀਦ ਸੀ ਕਿ ਹੁਣ ਮੈਨੂੰ ਅੱਖਾਂ ਖੋਲ੍ਹਣ ਦੀ ਜ਼ਹਿਮਤ ਨਹੀਂ ਕਰਨੀ ਪਵੇਗੀ ਪਰhellip; ਕਰਨੀ ਪਈ।

15 ਦਸੰਬਰ 2022… ਪਿਛਲੀ ਰਾਤ ਹਾਲੇ ਖ਼ਤਮ ਨਹੀਂ ਸੀ ਹੋਈ, ਅਗਲੀ ਸਵੇਰ ਹਾਲੇ ਸ਼ੁਰੂ ਨਹੀਂ ਸੀ ਹੋਈ, ਅਚਾਨਕ ਪਿਆਸ ਜਿਹੀ ਲੱਗੀ ਤੇ ਮੇਰੀ ਨੀਂਦ ਖੁੱਲ੍ਹ ਗਈ। ਆਦਤਨ, ਫੋਨ ਚੁੱਕ ਕੇ ਸਮਾਂ ਦੇਖਿਆ। ਸਵੇਰ ਦੇ 3 ਵੱਜ ਕੇ 13 ਮਿੰਟ ਹੋਏ ਸੀ। ਸਮਾਂ ਦੇਖ ਕੇ ਅਜੀਬ ਜਿਹਾ ਖ਼ਾਲੀਪਣ ਮਹਿਸੂਸ ਹੋਇਆ। ਇਹ ਨਾ ਤਾਂ ਇਸ ਗੱਲ ਦੀ ਖੁਸ਼ੀ ਸੀ ਕਿ ਮੇਰੀ ਮੌਤ ਟਲ ਗਈ ਸੀ, ਤੇ ਨਾ ਹੀ ਇਸ ਗੱਲ ਦਾ ਅਫ਼ਸੋਸ ਕਿ ਹਾਲੇ ਜ਼ਿੰਦਗੀ ਨੇ ਹੋਰ ਧੱਕੇ ਖੁਵਾਉਣੇ ਨੇ, ਜਾਂ ਸ਼ਾਇਦ ਇਹ ਦੋਹੇਂ ਗੱਲਾਂ ਸੱਚ ਸਨ।

ਜ਼ਿੰਦਗੀ ਨੇ ਮੌਤ ਦਾ ਸੁਪਨਾ ਦਿਖਾਇਆ ਸੀ ਤਾਂ ਉਸ ਨੂੰ ਸਵੀਕਾਰ ਕਰ ਲਿਆ। ਹੁਣ ਲੱਗਦਾ ਹੈ, ਮੌਤ ਨੇ ਜ਼ਿੰਦਗੀ ਦੀ ਨਵੀਂ ਡਾਇਰੀ ਹੱਥ ਵਿਚ ਫੜਾ ਦਿੱਤੀ ਹੈ ਤਾਂ ਇਹ ਵੀ ਕਬੂਲ ਹੈ ਪਰ ਅਜੀਬ ਜਿਹੀ ਕਸ਼ਮਕਸ਼ ਵਿਚ ਗੁਜ਼ਰੇ ਇਸ ਸਾਲ ਨੇ ਬੜੀ ਚੰਗੀ ਗੱਲ ਦੱਸੀ ਹੈ ਕਿ ਸ਼ਾਇਦ ਅਸੀਂ ਆਪਣੇ ਆਪ ਨੂੰ ਲੋੜ ਤੋਂ ਵੱਧ ਅਹਿਮੀਅਤ ਦਿੰਦੇ ਹਾਂ। ਆਪਣੀ ਜ਼ਿੰਦਗੀ ਨੂੰ ਵੀ ਤੇ ਆਪਣੀ ਮੌਤ ਨੂੰ ਵੀ।

ਜਿਊਂਦੇ ਜੀ ਸਾਨੂੰ ਲੱਗਦਾ ਹੈ ਕਿ ਅਸੀਂ ਦੁਨੀਆ ‘ਤੇ ਪਤਾ ਨਹੀਂ ਕਿੰਨੇ ਕੁ ਜ਼ਰੂਰੀ ਕੰਮ ਕਰ ਰਹੇ ਹਾਂ। ਧਨ ਦੌਲਤ ਕਮਾ ਰਹੇ ਹਾਂ, ਕੁਝ ਰਚ ਰਹੇ ਹਾਂ, ਕੁਝ ਸਿਰਜ ਰਹੇ ਹਾਂ। ਮੌਤ ਬਾਰੇ ਵੀ ਸਾਨੂੰ ਇਹੀ ਖ਼ੁਸ਼ ਖ਼ਿਆਲੀ ਰਹਿੰਦੀ ਹੈ ਕਿ ਪਤਾ ਨਹੀਂ ਸਾਡੇ ਜਾਣ ਤੋਂ ਬਾਅਦ ਦੁਨੀਆ ਦਾ ਕੀ ਹੋਵੇਗਾ। ਦੁਨੀਆ ‘ਤੇ ਕੋਈ ਕੰਮ ਨਹੀਂ ਰੁਕਦਾ। ਹਾਂ, ਕੁਝ ਦਿਨਾਂ ਲਈ, ਕੁਝ ਲੋਕਾਂ ਦੀ ਜ਼ਿੰਦਗੀ ਵਿਚ ਥੋੜ੍ਹੀ ਹਿਲਜੁਲ ਹੋ ਜਾਂਦੀ ਹੈ, ਫਿਰ ਸਭ ਉਸੇ ਤਰ੍ਹਾਂ ਚਲਦਾ ਰਹਿੰਦਾ ਹੈ।

ਹੁਣ ਵੀ ਸਭ ਉਸੇ ਤਰ੍ਹਾਂ ਚਲ ਰਿਹਾ ਹੈ। ਮੈਂ ਇਸ ਸਭ ਤੋਂ ਆਪਣੇ ਆਪ ਨੂੰ ਮਨਫ਼ੀ ਕਰ ਕੇ ਦੇਖ ਰਿਹਾ ਹਾਂ। ਕਦੇ ਲੱਗਦਾ ਹੈ ਕਿ ਹੁਣ ਮੇਰੇ ਕੋਲ ਕਰਨ ਲਈ ਕੁਝ ਹੈ ਹੀ ਨਹੀਂ। ਸਾਰੇ ਕੰਮ ਤਾਂ ਮੈਂ ਨਬੇੜ ਦਿੱਤੇ ਸੀ। ਕੋਈ ਕਵਿਤਾ ਵੀ ਜ਼ਹਿਨ ਵਿਚ ਉਤਰ ਨਹੀਂ ਰਹੀ। ਕੀ ਸਾਰੇ ਵਿਸ਼ੇ ਮੁੱਕ ਗਏ ਨੇ? ਫਿਰ ਮੈਂ ਇਹ ਲੇਖ ਕਿਉਂ ਲਿਖ ਰਿਹਾ ਹਾਂ?

ਸੰਪਰਕ: 98156-38668

Advertisement