For the best experience, open
https://m.punjabitribuneonline.com
on your mobile browser.
Advertisement

ਨਵੇਂ ਫੌਜਦਾਰੀ ਕਾਨੂੰਨਾਂ ਤਹਿਤ ਮੁਕਤਸਰ ਵਿੱਚ ਪਹਿਲਾ ਕੇਸ ਦਰਜ

06:55 AM Jul 03, 2024 IST
ਨਵੇਂ ਫੌਜਦਾਰੀ ਕਾਨੂੰਨਾਂ ਤਹਿਤ ਮੁਕਤਸਰ ਵਿੱਚ ਪਹਿਲਾ ਕੇਸ ਦਰਜ
Advertisement

ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 2 ਜੁਲਾਈ
ਭਾਰਤ ਸਰਕਾਰ ਵੱਲੋਂ 1 ਜੁਲਾਈ ਤੋਂ ਲਾਗੂ ਕੀਤੇ ਨਵੇਂ ਫੌਜਦਾਰੀ ਕਾਨੂੰਨਾਂ ‘ਭਾਰਤੀ ਨਿਆਂ ਸੰਹਿਤਾ’ ਤਹਿਤ ਮੁਕਤਸਰ ਪੁਲੀਸ ਵੱਲੋਂ ਪਹਿਲੀ ਐੱਫਆਈਆਰ ਦਰਜ ਕੀਤੀ ਗਈ ਹੈ। ਇਹ ਮੁਕਦਮਾ ਥਾਣਾ ਸਿਟੀ ਮੁਕਤਸਰ ਪੁਲੀਸ ਵੱਲੋਂ ਧਾਰਾ 173 ਅਧੀਨ ਸੜਕ ਦੁਰਘਟਨਾ ਦੇ ਸਬੰਧ ਵਿੱਚ ਦਰਜ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਪਹਿਲਾਂ ਫੌਜਦਾਰੀ ਕੇਸ 1862 ਵਿੱਚ ਬਣੇ ‘ਭਾਰਤੀ ਦੰਡ ਵਿਧਾਨ’ ਤਹਿਤ ਕੰਮ ਕਰਦੇ ਸਨ ਜਦਕਿ ਹੁਣ ਇਹ ਸਾਰੇ ਮਾਮਲੇ ਨਵੇਂ ਕਾਨੂੰਨ ‘ਭਾਰਤੀ ਨਿਆਂ ਸੰਹਿਤਾ’ ਅਧੀਨ ਵਿਚਾਰੇ ਜਾਣਗੇ। ਜਾਣਕਾਰੀ ਅਨੁਸਾਰ ਮੁਕਤਸਰ ਪੁਲੀਸ ਵੱਲੋਂ ਥਾਣਾ ਸਿਟੀ ਵਿਖੇ ਦਰਜ ਕੀਤਾ ਮੁਕੱਦਮਾ ਸੜਕ ਉਪਰ ਜਾ ਰਹੇ ਇਕ ਸਾਈਕਲ ਸਵਾਰ ਨੂੰ ਪਹਿਲਾਂ ਛੋਟੇ ਹਾਥੀ ਵੱਲੋਂ ਟੱਕਰ ਮਾਰ ਕੇ ਸੁੱਟਣ ਅਤੇ ਫਿਰ ਡਿੱਗੇ ਪਏ ਸਾਈਕਲ ਸਵਾਰ ਉਪਰੋਂ ਦੀ ਥਾਰ ਗੱਡੀ ਲੰਘਣ ਨਾਲ ਸਬੰਧਤ ਹੈ। ਪੀੜਤ ਕਮਲੇਸ਼ ਫੁੱਲਾਂ ਦੀ ਡੈਕੋਰੇਸ਼ਨ ਦਾ ਕੰਮ ਕਰਦਾ ਸੀ ਤੇ ਆਮ ਵਾਂਗ ਦੁਪਹਿਰ ਸਮੇਂ ਆਪਣੇ ਸਾਈਕਲ ਉਪਰ ਘਰ ਨੂੰ ਜਾ ਰਿਹਾ ਸੀ ਕਿ ਕੋਟਕਪੂਰਾ ਰੋਡ ਉਪਰ ਸ਼ਿਵ ਮੰਦਰ ਦੇ ਨੇੜੇ ਇਕ ਛੋਟੇ ਹਾਥੀ ਨੇ ਉਸ ਨੂੰ ਫੇਟ ਮਾਰ ਦਿੱਤੀ। ਫੇਟ ਨਾਲ ਕਮਲੇਸ਼ ਸੜਕ ਉਪਰ ਡਿੱਗ ਪਿਆ। ਉਸ ਦੇ ਡਿਗੇ ਪਏ ਦੇ ਉਪਰ ਦੀ ਇਕ ਥਾਰ ਗੱਡੀ ਲੰਘ ਗਈ। ਇਸ ਨਾਲ ਕਮਲੇਸ਼ ਦੇ ਕਾਫੀ ਸੱਟਾਂ ਲੱਗੀਆਂ। ਉਸ ਦਾ ਸਾਈਕਲ ਵੀ ਟੁੱਟ ਗਿਆ। ਇਸ ਸਾਰੀ ਘਟਨਾ ਬਾਰੇ ਕਮਲੇਸ਼ ਦੇ ਭਰਾ ਨੇ ਥਾਣਾ ਸਿਟੀ ਪੁਲੀਸ ਨੂੰ ਸੂਚਨਾ ਦਿੱਤੀ। ਪੁਲੀਸ ਨੇ ਛੋਟੇ ਹਾਥੀ ਦੇ ਡਰਾਈਵਰ ਨੂੰ ਕਾਬੂ ਕਰ ਲਿਆ ਹੈ।

Advertisement

Advertisement
Author Image

sukhwinder singh

View all posts

Advertisement
Advertisement
×