For the best experience, open
https://m.punjabitribuneonline.com
on your mobile browser.
Advertisement

ਪੁਲੀਸ ਮੁਲਾਜ਼ਮ ਵੱਲੋਂ ਗੋਲੀਬਾਰੀ; ਚਾਰ ਜ਼ਖ਼ਮੀ

08:01 AM Oct 07, 2024 IST
ਪੁਲੀਸ ਮੁਲਾਜ਼ਮ ਵੱਲੋਂ ਗੋਲੀਬਾਰੀ  ਚਾਰ ਜ਼ਖ਼ਮੀ
Advertisement

ਸੰਜੀਵ ਹਾਂਡਾ
ਫ਼ਿਰੋਜ਼ਪੁਰ, 6 ਅਕਤੂਬਰ
ਥਾਣਾ ਆਰਿਫ਼ ਕੇ ਅਧੀਨ ਪੈਂਦੇ ਪਿੰਡ ਹਾਮਦ ਚੱਕ ’ਚ ਲੰਘੀ ਰਾਤ ਇੱਕ ਪੁਲੀਸ ਮੁਲਾਜ਼ਮ ਵੱਲੋਂ ਕੀਤੀ ਗੋਲੀਬਾਰੀ ’ਚ ਚਾਰ ਜਣੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ’ਚੋਂ ਤਿੰਨ ਨੂੰ ਫ਼ਰੀਦਕੋਟ ਸਥਿਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਇੱਕ ਨੂੰ ਇਥੋਂ ਦੇ ਇਕ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਜ਼ਖ਼ਮੀਆਂ ਦੀ ਪਛਾਣ ਲਖਵਿੰਦਰ ਸਿੰਘ, ਬਲਵਿੰਦਰ ਸਿੰਘ, ਸੋਹਣ ਸਿੰਘ ਅਤੇ ਕਰਨ ਵਾਸੀਆਨ ਪਿੰਡ ਹਾਮਦ ਚੱਕ ਵਜੋਂ ਹੋਈ ਹੈ। ਦੂਜੇ ਪਾਸੇ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ।
ਵੇਰਵਿਆਂ ਅਨੁਸਾਰ ਸ਼ਨਿਚਰਵਾਰ ਰਾਤ ਸਾਢੇ ਦਸ ਵਜੇ ਦੇ ਕਰੀਬ ਥਾਣਾ ਆਰਿਫ਼ ਕੇ ਮੁਖੀ ਬਲਰਾਜ ਸਿੰਘ ਆਪਣੇ ਕੁਝ ਮੁਲਾਜ਼ਮਾਂ ਨਾਲ ਇੱਕ ਹਾਦਸੇ ਨਾਲ ਸਬੰਧਤ ਕੇਸ ਦੀ ਤਫ਼ਤੀਸ਼ ਲਈ ਪਿੰਡ ’ਚ ਪਹੁੰਚੇ ਸਨ। ਇਸ ਮੌਕੇੇ ਪਿੰਡ ਵਾਸੀਆਂ ਨੇ ਸੜਕ ’ਤੇ ਬਾਬਾ ਬੁੱਢਾ ਸਾਹਿਬ ਮੇਲੇ ਤੋਂ ਆਉਣ-ਜਾਣ ਵਾਲੀ ਸੰਗਤ ਵਾਸਤੇ ਲੰਗਰ ਲਾਇਆ ਹੋਇਆ ਸੀ। ਪੁਲੀਸ ਨੇ ਕੇਸ ਨਾਲ ਸਬੰਧਤ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ, ਜਿਸ ਤੋਂ ਨਾਰਾਜ਼ ਕੁਝ ਪਿੰਡ ਵਾਸੀਆਂ ਦੀ ਪੁਲੀਸ ਨਾਲ ਬਹਿਸ ਹੋ ਗਈ। ਦੋਵਾਂ ਧਿਰਾਂ ਦਰਮਿਆਨ ਬਹਿਸ ਇੰਨੀ ਵਧ ਗਈ ਕਿ ਮਾਮਲਾ ਕੁੱਟਮਾਰ ਤੱਕ ਅੱਪੜ ਗਿਆ। ਲੋਕਾਂ ਨੇ ਪੁਲੀਸ ਮੁਲਾਜ਼ਮਾਂ ਨੂੰ ਘੇਰ ਲਿਆ ਤੇ ਭੀੜ ’ਚੋਂ ਕਿਸੇ ਨੇ ਪੁਲੀਸ ਦੀ ਸਰਕਾਰੀ ਗੱਡੀ ਦਾ ਸ਼ੀਸ਼ਾ ਭੰਨ ਦਿੱਤਾ। ਇਸ ਦੌਰਾਨ ਇੱਕ ਪੁਲੀਸ ਮੁਲਾਜ਼ਮ, ਜੋ ਕਥਿਤ ਤੌਰ ’ਤੇ ਨਸ਼ੇ ਵਿੱਚ ਟੱਲੀ ਦੱਸਿਆ ਜਾਂਦਾ ਹੈ, ਨੇ ਫ਼ਾਇਰਿੰਗ ਸ਼ੁਰੂ ਕਰ ਦਿੱਤੀ, ਜਿਸ ਨਾਲ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਪਿੰਡ ਵਾਸੀਆਂ ਨੇ ਇਸ ਮੁਲਾਜ਼ਮ ਨੂੰ ਕਾਬੂ ਕਰ ਲਿਆ ਤੇ ਬਾਕੀ ਦੇ ਪੁਲੀਸ ਮੁਲਾਜ਼ਮ ਅਤੇ ਥਾਣਾ ਮੁਖੀ ਗੱਡੀ ਲੈ ਕੇ ਫ਼ਰਾਰ ਹੋ ਗਏ। ਕੁਝ ਚਿਰ ਮਗਰੋਂ ਵੱਡੀ ਗਿਣਤੀ ’ਚ ਪੁਲੀਸ ਮੁਲਾਜ਼ਮ ਫ਼ਿਰ ਪਿੰਡ ਪਹੁੰਚੇ ਤੇ ਕਾਬੂ ਕੀਤੇ ਪੁਲੀਸ ਮੁਲਾਜ਼ਮ ਨੂੰ ਛੁਡਾ ਕੇ ਨਾਲ ਲੈ ਗਏ। ਪੁਲੀਸ ਅਤੇ ਪਿੰਡ ਵਾਸੀਆਂ ਦੀ ਝੜਪ ਦੌਰਾਨ ਦੋ ਪੁਲੀਸ ਮੁਲਾਜ਼ਮ ਵੀ ਜ਼ਖਮੀ ਹੋਏ ਦੱਸੇ ਜਾਂਦੇ ਹਨ।

Advertisement

ਪੁਲੀਸ ਮੁਲਾਜ਼ਮ ਨੇ ਆਪਣੇ ਬਚਾਅ ਲਈ ਫਾਇਰ ਕੀਤੇ: ਡੀਐੱਸਪੀ

ਡੀਐੱਸਪੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਪਿੰਡ ਵਾਸੀਆਂ ਵੱਲੋਂ ਪੁਲੀਸ ਪਾਰਟੀ ਉਪਰ ਹਮਲਾ ਕੀਤਾ ਗਿਆ ਤਾਂ ਪੁਲੀਸ ਮੁਲਾਜ਼ਮਾਂ ਨੇ ਆਪਣੇ ਬਚਾਅ ਲਈ ਫ਼ਾਇਰ ਕੀਤੇ, ਜਿਸ ’ਚ ਚਾਰ ਵਿਅਕਤੀ ਜ਼ਖ਼ਮੀ ਹੋਏ ਹਨ। ਉਨ੍ਹਾਂ ਦੱਸਿਆ ਕਿ ਸਾਰੇ ਜ਼ਖ਼ਮੀਆਂ ਦੇ ਬਿਆਨ ਲਏ ਜਾ ਰਹੇ ਹਨ ਤੇ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾ ਰਹੀ ਹੈ।

Advertisement

ਪੁਲੀਸ ਅਧਿਕਾਰੀਆਂ ’ਤੇ ਮੁਲਾਜ਼ਮਾਂ ਨੂੰ ਬਚਾਉਣ ਦੇ ਦੋਸ਼

ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਪੁਲੀਸ ਅਧਿਕਾਰੀ ਆਪਣੇ ਮੁਲਾਜ਼ਮਾਂ ਨੂੰ ਬਚਾਉਣ ਦੀ ਖਾਤਰ ਨਵੀਂ ਕਹਾਣੀ ਘੜ ਕੇ ਪਿੰਡ ਵਾਸੀਆਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

Advertisement
Author Image

Advertisement