For the best experience, open
https://m.punjabitribuneonline.com
on your mobile browser.
Advertisement

ਦੁੱਗਣੇ ਪਟਾਕੇ ਸਟਾਕ ਕਰ ਕੇ ਬੈਠੇ ਨੇ ਪਟਾਕਾ ਵਪਾਰੀ

11:10 AM Oct 26, 2024 IST
ਦੁੱਗਣੇ ਪਟਾਕੇ ਸਟਾਕ ਕਰ ਕੇ ਬੈਠੇ ਨੇ ਪਟਾਕਾ ਵਪਾਰੀ
ਦੁਕਾਨਦਾਰਾਂ ਵੱਲੋਂ ਸਟਾਕ ਕੀਤੇ ਪਟਾਕੇ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਗਗਨ ਅਰੋੜਾ
ਲੁਧਿਆਣਾ, 25 ਅਕਤੂਬਰ
ਦੀਵਾਲੀ ਲਈ ਪਟਾਕਾ ਬਾਜ਼ਾਰ ਪੂਰੀ ਤਰ੍ਹਾਂ ਸਜ ਗਿਆ ਹੈ। ਜਲੰਧਰ ਬਾਈਪਾਸ ਨੇੜੇ ਸਥਿਤ ਦਾਣਾ ਮੰਡੀ ’ਚ ਲੁਧਿਆਣਾ ਦਾ ਹੋਲਸੇਲ ਪਟਾਕਾ ਬਾਜ਼ਾਰ ਲਗਾਇਆ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਪ੍ਰਸ਼ਾਸਨ ਵੱਲੋਂ ਇਸ ਹੋਲਸੇਲ ਪਟਾਕਾ ਬਾਜ਼ਾਰ ਵਿੱਚ ਰੋਜ਼ਾਨਾ ਚੈਕਿੰਗ ਕੀਤੀ ਜਾਂਦੀ ਹੈ ਪਰ ਦੁਕਾਨਦਾਰ ਫਿਰ ਵੀ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ। ਜੇ ਗੱਲ ਕਰੀਏ ਤਾਂ ਜਲੰਧਰ ਬਾਈਪਾਸ ਦੇ ਆਲੇ-ਦੁਆਲੇ ਦਾ ਪੂਰਾ ਇਲਾਕਾ ਬਾਰੂਦ ਦੇ ਢੇਰ ’ਤੇ ਬੈਠਾ ਹੈ ਅਤੇ ਇਕ ਚੰਗਿਆੜੀ ਲੁਧਿਆਣਾ ਨੂੰ ਐਨਾ ਵੱਡਾ ਨੁਕਸਾਨ ਪਹੁੰਚਾ ਸਕਦੀ ਹੈ ਜਿਸ ਦੀ ਕਲਪਨਾ ਕਰਨਾ ਵੀ ਸੰਭਵ ਨਹੀਂ। ਪ੍ਰਾਤਪ ਜਾਣਕਾਰੀ ਅਨੁਸਾਰ ਪ੍ਰਸ਼ਾਸਨ ਵੱਲੋਂ ਦੁਕਾਨਦਾਰਾਂ ਨੂੰ 9 ਫੁੱਟ ਗੁਣਾ 27 ਫੁੱਟ ਦੀ ਦੁਕਾਨ ਤਿਆਰ ਕਰਨ ਲਈ ਆਖਿਆ ਗਿਆ ਹੈ ਪਰ ਦੁਕਾਨਦਾਰਾਂ ਨੇ ਜਿੰਨਾ ਮਾਲ ਦੁਕਾਨਾਂ ਦੇ ਅੰਦਰ ਰੱਖਿਆ ਹੈ, ਉਸ ਤੋਂ ਕਿਤੇ ਵੱਧ ਸਟਾਕ ਬਾਹਰ ਖੁੱਲੇ ਵਿੱਚ ਰੱਖਿਆ ਹੋਇਆ ਹੈ। ਜਿੱਥੇ ਹਜ਼ਾਰਾਂ ਟਨ ਮਾਲ ਦਾਣਾ ਮੰਡੀ ਦੇ ਸ਼ੈੱਡ ਹੇਠ ਖੁੱਲ੍ਹੇ ’ਚ ਪਿਆ ਹੈ ਉੱਥੇ ਕੋਈ ਸੁਰੱਖਿਆ ਗਾਰਡ ਵੀ ਤਾਇਨਾਤ ਨਹੀਂ ਹੈ। ਜੇਕਰ ਕਿਸੇ ਸ਼ਰਾਰਤੀ ਅਨਸਰ ਨੇ ਕੋਈ ਸ਼ਰਾਰਤ ਕਰ ਦਿੱਤੀ ਤਾਂ ਇਸ ਦਾ ਨਤੀਜਾ ਲੋਕਾਂ ਨੂੰ ਭੁਗਤਣਾ ਪਵੇਗਾ ਅਤੇ ਇਸ ਸਭ ਦੇ ਬਾਵਜੂਦ ਪ੍ਰਸ਼ਾਸਨਿਕ ਅਧਿਕਾਰੀ ਹੱਥ ਤੇ ਹੱਥ ਰੱਖ ਕੇ ਚੁੱਪ ਬੈਠੇ ਹਨ। ਗੌਰਤਲਬ ਹੈ ਕਿ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਛੇ ਥਾਵਾਂ ’ਤੇ 64 ਦੁਕਾਨਾਂ ਲਗਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਹੋਲਸੇਲ ਬਾਜ਼ਾਰ ਦਾਣਾ ਮੰਡੀ ਵਿੱਚ ਲੱਗਿਆ ਹੋਇਆ ਹੈ ਅਤੇ ਜ਼ਿਆਦਾਤਰ ਦੁਕਾਨਾਂ ਵੀ ਇੱਥੇ ਹੀ ਹਨ। ਪ੍ਰਸ਼ਾਸਨ ਅਤੇ ਸਰਕਾਰ ਦੇ ਹੁਕਮਾਂ ਅਨੁਸਾਰ 9 ਬਾਈ 27 ਦੀ ਦੁਕਾਨ ਤਿਆਰ ਕੀਤੀਆਂ ਗਈਆਂ ਹਨ ਅਤੇ ਹਰ ਦੁਕਾਨਦਾਰ 12 ਸੋ ਕਿਲੋ ਤੱਕ ਪਟਾਕਾ ਦੁਕਾਨ ਦੇ ਅੰਦਰ ਰੱਖ ਸਕਦਾ ਹੈ ਅਤੇ ਉਥੇ ਹੀ ਹਜ਼ਾਰਾਂ ਟਨ ਪਟਾਕਾ ਦਾਣਾ ਮੰਡੀ ਦੇ ਸਾਹਮਣੇ ਵਾਲੇ ਸ਼ੈੱਡ ਹੇਠ ਖੁੱਲ੍ਹੇ ਵਿੱਚ ਰੱਖਿਆ ਹੋਇਆ ਹੈ। ਦੁਕਾਨਦਾਰ ਅਤੇ ਉਨ੍ਹਾਂ ਦੇ ਕਰਮਚਾਰੀ ਆਪਣੇ ਕੰਮ ਵਿੱਚ ਰੁੱਝੇ ਹੋਏ ਹਨ। ਲੋੜ ਪੈਣ ’ਤੇ ਉਹ ਪੇਟੀ ਚੁੱਕ ਕੇ ਲੈ ਆਉਂਦੇ ਹਨ ਪਰ ਜੇ ਕਿਸੇ ਨੇ ਕੋਈ ਕੋਈ ਸ਼ਰਾਰਤ ਕਰ ਦਿੱਤੀ ਤਾਂ ਉੱਥੇ ਕਿੰਨੇ ਲੋਕਾਂ ਨੂੰ ਇਸ ਦਾ ਗੰਭੀਰ ਨਤੀਜਾ ਭੁਗਤਣਾ ਪੈ ਸਕਦਾ ਹੈ। ਨਿਯਮਾਂ ਅਨੁਸਾਰ ਉਥੇ ਫਾਇਰ ਬ੍ਰਿਗੇਡ ਦੀ ਗੱਡੀ ਹੋਣੀ ਚਾਹੀਦੀ ਹੈ, ਦੁਕਾਨਾਂ ਤਾਂ ਤਿਆਰ ਹਨ ਅਤੇ ਉਥੇ ਫਾਇਰ ਬ੍ਰਿਗੇਡ ਦੀ ਇਕ ਵੀ ਗੱਡੀ ਨਹੀਂ ਹੈ। ਇਸ ਦੇ ਨਾਲ ਹੀ ਦੁਕਾਨਾਂ ਦੇ ਨੇੜੇ ਪਾਰਕਿੰਗ ਦੀ ਸਖ਼ਤ ਮਨਾਹੀ ਹੈ। ਪਰ ਦੁਕਾਨਦਾਰਾਂ ਦੇ ਨਾਲ-ਨਾਲ ਆਮ ਲੋਕ ਨੇ ਵੀ ਆਪਣੇ ਵਾਹਨ ਉਥੇ ਹੀ ਪਾਰਕ ਕੀਤੇ ਹੋਏ ਹਨ।

Advertisement

40 ਦੀ ਥਾਂ ਲੱਗੀਆਂ 41 ਦੁਕਾਨਾਂ

ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਦਾਣਾ ਮੰਡੀ ਵਿੱਚ ਵੱਧ ਤੋਂ ਵੱਧ ਚਾਲੀ ਦੁਕਾਨਾਂ ਲਗਾਉਣ ਦੀ ਮਨਜ਼ੂਰੀ ਦਿੱਤੀ ਸੀ ਪਰ ਇਸ ਵਾਰ 40 ਦੀ ਥਾਂ 41 ਦੁਕਾਨਾਂ ਲਗਾਈਆਂ ਗਈਆਂ ਹਨ। ਇੱਕ ਵਾਧੂ ਦੁਕਾਨ ਕਿਸ ਦੀ ਮਨਜ਼ੂਰੀ ਨਾ ਲੱਗੀ ਹੈ ਤੇ ਕਿਸ ਨੇ ਲਗਾਈ ਹੈ ਇਹ ਜਾਣਕਾਰੀ ਹਾਲੇ ਨਹੀਂ ਮਿਲ ਸਕੀ। ਹੈਰਾਨੀ ਦੀ ਗੱਲ ਇਹ ਹੈ ਕਿ ਕਈ ਅਧਿਕਾਰੀਆਂ ਨੇ ਮਾਰਕੀਟ ਦਾ ਦੌਰਾ ਕੀਤਾ ਅਤੇ ਕਿਸੇ ਨੇ ਇਹ ਜਾਣਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ਕਿ ਇਹ ਦੁਕਾਨ ਕਿਸ ਦੇ ਕਹਿਣ ’ਤੇ ਲਗਾਈ ਗਈ ਹੈ।

Advertisement

ਕੀ ਕਹਿੰਦੇ ਨੇ ਪੁਲੀਸ ਅਧਿਕਾਰੀ

ਸੰਯੁਕਤ ਪੁਲੀਸ ਕਮਿਸ਼ਨਰ ਸ਼ੁਭਮ ਅਗਰਵਾਲ ਨੇ ਕਿਹਾ ਕਿ ਇਕ ਹੋਰ ਦੁਕਾਨ ਜ਼ਿਆਦਾ ਕਿਵੇਂ ਬਣੀ, ਉਨ੍ਹਾਂ ਨੂੰ ਇਸ ਬਾਰੇ ਵਿੱਚ ਪਤਾ ਨਹੀਂ ਹੈ। ਉਹ ਇਸ ਬਾਰੇ ਪਤਾ ਕਰਨਗੇ ਅਤੇ ਇਸ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਿਯਮ ਅਨੁਸਾਰ ਹਰ ਕੰਮ ਕੀਤਾ ਜਾਵੇਗਾ। ਕਿਸੇ ਨੂੰ ਵੀ ਨਿਯਮ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪਟਾਕਿਆਂ ਵਪਾਰੀਆਂ ਨੂੰ ਹਰ ਸਹੂਲਤ ਰੱਖਣੀ ਹੋਵੇਗੀ ਅਤੇ ਕਿਸੇ ਨੂੰ ਵੀ ਕਿਸੇ ਦੀ ਜਾਨ ਨਾਲ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ।

Advertisement
Author Image

joginder kumar

View all posts

Advertisement