ਦੀਵਾਲੀ ’ਤੇ ਅੱਗਜ਼ਨੀ ਰੋਕਣ ਲਈ ਫਾਇਰ ਬ੍ਰਿਗੇਡ ਮੁਸਤੈਦ
ਆਤਿਸ਼ ਗੁਪਤਾ
ਚੰਡੀਗੜ੍ਹ, 29 ਅਕਤੂਬਰ
ਦੀਵਾਲੀ ਦੀ ਆਮਦ ਨੂੰ ਲੈ ਕੇ ਸ਼ਹਿਰ ਦੇ ਬਾਜ਼ਾਰਾਂ ਵਿੱਚ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਅੱਜ ਸ਼ਹਿਰ ਦੇ ਸਾਰੇ ਬਾਜ਼ਾਰਾਂ ਵਿੱਚ ਪੈਰ ਰੱਖਣ ਤੱਕ ਦੀ ਥਾਂ ਨਹੀਂ ਸੀ, ਜਿਸ ਦੌਰਾਨ ਸੈਕਟਰ 22 ਸਣੇ ਸ਼ਹਿਰ ’ਚ ਕਈ ਸੜਕਾਂ ’ਤੇ ਜਾਮ ਲੱਗਾ ਰਿਹਾ। ਇਸੇ ਦੌਰਾਨ ਸ਼ਹਿਰ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ’ਤੇ ਲੋਕਾਂ ਨੂੰ ਪੇਸ਼ ਆਉਣ ਵਾਲੀਆਂ ਟਰੈਫਿਕ ਸਮੱਸਿਆ ਦੇ ਨਿਪਟਾਰੇ ਲਈ ਪੁਲੀਸ ਪੁਰੀ ਤਰ੍ਹਾਂ ਮੁਸਤੈਦ ਦਿਖਾਈ ਦੇ ਰਹੀ ਹੈ। ਉੱਥੇ ਹੀ ਦੀਵਾਲੀ ਦੇ ਸਮੇਂ ਸ਼ਹਿਰ ਵਿੱਚ ਕਿਸੇ ਕਿਸਮ ਦੀ ਅੱਗਜਨੀ ਦੀ ਘਟਨਾ ’ਤੇ ਨੱਥ ਪਾਉਣ ਲਈ ਫਾਇਰ ਬ੍ਰਿਗੇਡ ਵੀ ਮੁਸਤੈਦ ਹੋ ਗਈ ਹੈ।
ਇਸ ਵਾਰ ਦੀਵਾਲੀ ’ਤੇ ਚਾਰ ਦਿਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸ਼ਹਿਰ ਵਿੱਚ ਅੱਧਾ ਦਰਜਨ ਥਾਵਾਂ ’ਤੇ ਪੱਕੇ ਤੌਕੇ ਤਾਇਨਾਤ ਰਹਿਣਗੀਆਂ, ਤਾਂ ਜੋ ਲੋੜ ਪੈਣ ’ਤੇ ਫਾਇਰ ਬ੍ਰਿਗੇਡ ਆਸਾਨੀ ਨਾਲ ਪਹੁੰਚ ਸਕੇ। ਜਾਣਕਾਰੀ ਅਨੁਸਾਰ 29 ਅਕਤੂਬਰ ਤੋਂ 1 ਨਵੰਬਰ ਤੱਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸੈਕਟਰ 19 ’ਚ ਸਦਰ ਬਾਜ਼ਾਰ, ਸੈਕਟਰ-22 ’ਚ ਅਰੋਮਾ ਲਾਈਟ ਪੁਆਇੰਟ, ਹਾਊਸਿੰਗ ਬੋਰਡ ਚੌਕ ਤੇ ਮਨੀਮਾਜਰਾ ਮੁੱਖ ਬਾਜ਼ਾਰ, ਸੈਕਟਰ 15 ਪਟੇਲ ਮਾਰਕੀਟ, ਸੈਕਟਰ 17 ਪਲਾਜ਼ਾ, ਅਨਾਜ ਮੰਡੀ ਸੈਕਟਰ 26 ਅਤੇ ਇੰਡਸਟਰੀਅਲ ਏਰੀਆ ਵਿੱਚ ਏਲਾਂਤੇ ਮਾਲ ਦੇ ਨਜ਼ਦੀਕ ਫਾਈਰ ਬ੍ਰਿਗੇਡ ਦੇ ਮੁਲਾਜ਼ਮ ਹਰ ਸਮੇਂ ਤੈਨਾਤ ਰਹਿਣਗੇ। ਜਦਕਿ ਸ਼ਹਿਰ ਦੇ ਭੀੜ-ਭਾੜ ਵਾਲੇ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਮੋਟਰਸਾਈਕਲਾਂ ਰਾਹੀਂ ਗਸ਼ਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸ਼ਹਿਰ ਵਾਸੀਆਂ ਨੂੰ ਪੁਲੀਸ, ਐਂਬੂਲੈਂਸ ਅਤੇ ਫਾਈਰ ਬ੍ਰਿਗੇਡ ਦੀ ਲੋੜ ਪੈਣ ’ਤੇ 112 ’ਤੇ ਸੰਪਰਕ ਕਰਨ ਦੀ ਅਪੀਲ ਕੀਤੀ ਗਈ। ਇਸ ਨੰਬਰ ਰਾਹੀਂ ਕਿਸੇ ਵੀ ਥਾਂ ’ਤੇ ਐਮਰਜੈਂਸੀ ਸੇਵਾਵਾਂ ਮੁਹੱਈਆ ਕਰਵਾਈ ਜਾਣਗੀਆਂ।
ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੀਵਾਲੀ ਦਾ ਰਾਤ ਨੂੰ ਪਟਾਕੇ ਚਲਾਉਣ ਸਮੇਂ ਚੌਕਸੀ ਰੱਖਣ ਦੀ ਅਪੀਲ ਕੀਤੀ। ਦੂਜੇ ਪਾਸੇ ਚੰਡੀਗੜ੍ਹ ਪੁਲੀਸ ਨੇ ਕਿਹਾ ਕਿ ਦੀਵਾਲੀ ਵਾਲੇ ਦਿਨਾਂ ਵਿੱਚ ਕਿਸੇ ਵੀ ਵਿਅਕਤੀ ਨੂੰ ਸ਼ਹਿਰ ਦੀਆਂ ਸੜਕਾਂ ’ਤੇ ਗੱਡੀ ਖੜ੍ਹੀ ਨਹੀਂ ਕਰਨ ਦਿੱਤੀ ਜਾਵੇਗਾ, ਤਾਂ ਜੋ ਐਮਰਜੈਂਸੀ ਵਿੱਚ ਐਮਰਜੈਂਸੀ ਸੇਵਾ ਵਾਹਨਾਂ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਯੂਟੀ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ‘ਗ੍ਰੀਨ ਪਟਾਕੇ’ ਚਲਾਉਣ ਦੀ ਅਪੀਲ
ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਾਸੀਆਂ ਨੂੰ ਦੀਵਾਲੀ ਮੌਕੇ ‘ਗ੍ਰੀਨ ਪਟਾਕੇ’ ਚਲਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪਟਾਕੇ ਹਵਾ ਤੇ ਆਵਾਜ਼ ਪ੍ਰਦੂਸ਼ਣ ਨਾਲ ਵਾਤਾਵਰਨ ਨੂੰ ਖਰਾਬ ਕਰਦੇ ਹਨ। ਆਤਿਸ਼ਬਾਜ਼ੀ ਦਾ ਧੂੰਆਂ ਤੇ ਜ਼ਹਿਰੀਲੀ ਗੈਸ ਸਾਹ ਲੈਣ ਵਿੱਚ ਪ੍ਰੇਸ਼ਾਨੀ ਖੜੀ ਕਰਦੀ ਹੈ। ਇਸੇ ਲਈ ਪ੍ਰਸ਼ਾਸਨ ਨੇ ਸਾਰਿਆਂ ਨੂੰ ‘ਗ੍ਰੀਨ ਪਟਾਕੇ’ ਚਲਾਉਣ ਦੀ ਅਪੀਲ ਕੀਤੀ ਹੈ। ਇਹ ਪਟਾਕੇ 100 ਫ਼ੀਸਦ ਪ੍ਰਦੂਸ਼ਣ ਮੁਕਤ ਹੁੰਦੇ ਹਨ। ਪ੍ਰਸ਼ਾਸਨ ਦੇ ਬੁਲਾਰੇ ਨੇ ਕਿਹਾ ਕਿ ਸਾਨੂੰ ਵਾਤਾਵਰਨ ਦੀ ਸੰਭਾਲ ਕਰਦਿਆਂ ਦੀਵਾਲੀ ਮਨਾਉਣੀ ਚਾਹੀਦੀ ਹੈ। ਇਸ ਲਈ ਬੂਟੇ ਤੇ ਫੱਲ ਦੇ ਕੇ ਖੁਸ਼ੀਆਂ ਵੰਡਣੀਆਂ ਚਾਹੀਦੀਆਂ ਹਨ ਅਤੇ ਰੰਗੋਲੀ ਬਣਾ ਕੇ ਦੀਪ ਮਾਲਾ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਪਟਾਕੇ ਲਾਇਸੈਂਸਧਾਰਕ ਦੁਕਾਨਦਾਰ ਤੋਂ ਹੀ ਖਰੀਦਣ ਦੀ ਅਪੀਲ ਵੀ ਕੀਤੀ।