ਛੇਹਰਟਾ ਵਿੱਚ ਜਾਇਦਾਦ ਦੇ ਝਗੜੇ ਕਾਰਨ ਗੋਲੀ ਚੱਲੀ; ਪਤੀ-ਪਤਨੀ ਜ਼ਖਮੀ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 9 ਜੂਨ
ਛੇਹਰਟਾ ਦੇ ਖੰਡਵਾਲਾ ਇਲਾਕੇ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਦੋ ਨੌਜਵਾਨਾਂ ਨੇ ਇੱਕ ਪਤੀ-ਪਤਨੀ ਉੱਤੇ ਉਸ ਵੇਲੇ ਗੋਲੀ ਚਲਾ ਦਿੱਤੀ ਜਦੋਂ ਉਹ ਆਪਣੇ ਦਫ਼ਤਰ ਜਾ ਰਹੇ ਸਨ। ਜੋੜੇ ਦੇ ਸਿਰ ਅਤੇ ਚਿਹਰੇ ‘ਤੇ ਸੱਟਾਂ ਲੱਗੀਆਂ ਹਨ ਜਿਨ੍ਹਾਂ ਨੂੰ ਮੈਡੀਕਲ ਲਈ ਸਿਵਲ ਹਸਪਤਾਲ ਲਿਜਾਇਆ ਗਿਆ। ਛੇਹਰਟਾ ਥਾਣੇ ਦੇ ਐਸਐਚਓ ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਟੀਮ ਨੇ ਪੀੜਤਾਂ ਦੇ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ਤੋਂ ਬਾਅਦ ਪਤਾ ਲੱਗਿਆ ਹੈ ਕਿ ਉਨ੍ਹਾਂ ਦਰਮਿਆਨ ਜਾਇਦਾਦ ਦਾ ਝਗੜਾ ਚਲ ਰਿਹਾ ਹੈ। ਇਸ ਘਟਨਾ ਵਿਚ ਸੰਦੀਪ ਕੁਮਾਰ ਤੇ ਉਸ ਦੀ ਪਤਨੀ ਜ਼ਖਮੀ ਹੋ ਗਏ। ਪੀੜਤ ਦੇ ਭਰਾ ਪਰਦੀਪ ਕੁਮਾਰ ਨੇ ਦੱਸਿਆ ਕਿ ਉਸ ਦਾ ਆਪਣੇ ਚਚੇਰੇ ਭਰਾ ਨਾਲ ਜਾਇਦਾਦ ਦਾ ਝਗੜਾ ਚੱਲ ਰਿਹਾ ਸੀ ਜੋ ਅਦਾਲਤ ਵਿੱਚ ਵਿਚਾਰ ਅਧੀਨ ਹੈ। ਉਸ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਉਸਦਾ ਭਰਾ ਸੰਦੀਪ ਕੁਮਾਰ ਅਤੇ ਉਸਦੀ ਪਤਨੀ ਇੱਕ ਨਿੱਜੀ ਹਸਪਤਾਲ ਵਿੱਚ ਆਪਣੀ ਡਿਊਟੀ ‘ਤੇ ਜਾ ਰਹੇ ਸਨ ਤਾਂ ਉਕਤ ਵਿਅਕਤੀ ਨੇ ਇਕ ਸਾਥੀ ਨਾਲ ਮਿਲ ਕੇ ਉਨ੍ਹਾਂ ‘ਤੇ ਗੋਲੀ ਚਲਾ ਦਿੱਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਏ।
ਦੋ ਧਿਰਾਂ ‘ਚ ਗੋਲੀਬਾਰੀ, ਇੱਕ ਜ਼ਖ਼ਮੀ
ਬਟਾਲਾ (ਹਰਜੀਤ ਸਿੰਘ ਪਰਮਾਰ): ਪਿੰਡ ਚੰਦੂਮੰਜ ਵਿੱਚ ਨੌਜਵਾਨਾਂ ਦੀਆਂ ਦੋ ਧਿਰਾਂ ਦਰਮਿਆਨ ਹੋਈ ਗੋਲੀਬਾਰੀ ਦੌਰਾਨ ਇੱਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਬਟਾਲਾ ਵਿਖੇ ਦਾਖਲ ਕਰਵਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮੁਢਲੀ ਸਹਾਇਤਾ ਦੇ ਕੇ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ। ਜ਼ਖਮੀ ਨੌਜਵਾਨ ਦੀ ਪਛਾਣ ਪਰਮਬੀਰ ਸਿੰਘ ਵਾਸੀ ਪਿੰਡ ਚੰਦੂਮੰਜ ਵਜੋਂ ਹੋਈ ਹੈ। ਸੂਤਰਾਂ ਅਨੁਸਾਰ ਦੋਵਾਂ ਧਿਰਾਂ ਦਰਮਿਆਨ ਪੁਰਾਣੀ ਰੰਜਿਸ਼ ਚੱਲਦੀ ਆ ਰਹੀ ਹੈ ਅਤੇ ਅੱਜ ਇੱਕ ਕਾਰ ਅਤੇ ਸਕੂਟੀ ‘ਤੇ ਸਵਾਰ ਹੋ ਕੇ ਕੁੱਝ ਨੌਜਵਾਨ ਆਏ ਅਤੇ ਉਨ੍ਹਾਂ ਪਰਮਬੀਰ ਸਿੰਘ ਦੇ ਘਰ ‘ਤੇ ਗੋਲੀਬਾਰੀ ਕਰ ਦਿੱਤੀ ਜਿਸ ਦੌਰਾਨ ਪਰਮਬੀਰ ਸਿੰਘ ਦੀ ਛਾਤੀ ਵਿੱਚ ਇੱਕ ਗੋਲੀ ਲੱਗੀ ਜੋ ਕੁੱਝ ਦਿਨ ਪਹਿਲਾਂ ਹੀ ਜੇਲ੍ਹ ਤੋਂ ਜ਼ਮਾਨਤ ‘ਤੇ ਬਾਹਰ ਆਇਆ ਹੈ।