JNU ਹੋਸਟਲ ਵਿੱਚ ਅੱਗ ਲੱਗੀ
ਨਵੀਂ ਦਿੱਲੀ, 28 ਦਸੰਬਰ
ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਦੇ ਗੋਦਾਵਰੀ ਹੋਸਟਲ ’ਚ ਅੱਗ ਲੱਗ ਗਈ। ਹਾਲਾਂਕਿ ਅਧਿਕਾਰੀਆਂ ਅਨੁਸਾਰ ਇਸ ਹਾਦਸੇ ਦੌਰਾਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ।
ਜੇਐੱਨਯੂ ਵਿਦਿਆਰਥੀ ਯੂਨੀਅਨ (ਜੇਐੱਨਯੂਐੱਸਯੂ) ਵੱਲੋਂ ਸਾਂਝੀ ਕੀਤੀ ਗਈ ਵੀਡੀਓ ਵਿੱਚ ਇੱਕ ਇਲੈੱਕਟ੍ਰੀਕਲ ਪੈਨਲ ਬੋਰਡ ਤੋਂ ਅੱਗ ਦੀਆਂ ਲਪਟਾਂ ਅਤੇ ਧੂੁੰਆਂ ਉੱਠਦਾ ਦਿਖਾਈ ਦੇ ਰਿਹਾ ਹੈ।
ਦਿੱਲੀ ਫਾਇਰ ਸਰਵਿਸਿਜ਼ (ਡੀਐੱਫਐੱਸ) ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਇੱਕ ਏਅਰ-ਕੰਡਸ਼ਨਿੰਗ ਯੂਨਿਟ ’ਚ ਅੱਗ ਲੱਗ ਗਈ।
ਡੀਐੱਫਐੱਸ ਦੇ ਇੱਕ ਅਧਿਕਾਰੀ ਨੇ ਕਿਹਾ, ‘‘ਸਾਨੂੰ ਰਾਤ 10:18 ਵਜੇ ਸੂਚਨਾ ਮਿਲੀ ਸੀ। ਇਹ ਪੈਨਲ ਬੋਰਡ ’ਚ ਲੱਗੀ ਮਾਮੂਲੀ ਅੱਗ ਸੀ। ਫਾਇਰ ਬ੍ਰਿਗੇਡ ਦੀ ਇੱਕ ਗੱਡੀ ਨੂੰ ਮੌਕੇ ’ਤੇ ਭੇਜਿਆ ਗਿਆ ਅਤੇ ਅੱਗ ਬੁਝਾਉਣ ’ਚ 15 ਮਿੰਟ ਲੱਗੇ।’’
ਜੇਐੱਨਯੂ ਦੇ ਕੁਲਪਤੀ ਸ਼ਾਂਤੀਸ਼੍ਰੀ ਧੁਲੀਪੁੜੀ ਪੰਡਿਤ ਨੇ ਦੱਸਿਆ ਕਿ ਅੱਗ ’ਤੇ ਤੁਰੰਤ ਕਾਬੂ ਪਾ ਲਿਆ ਗਿਆ।
ਉਨ੍ਹਾਂ ਕਿਹਾ, ‘‘ਮੈਂ ਸਵੇਰੇ ਗੋਦਾਵਰੀ ਹੋਸਟਲ ਗਈ ਸੀ। ‘ਵੈਸਟ ਵਿੰਗ’ ਦੀ ਤੀਜੀ ਮੰਜ਼ਿਲ ’ਤੇ ਸ਼ਾਰਟ-ਸਰਕਟ ਹੋਇਆ, ਜਿਸ ਵਿੱਚ ਲੱਗੀ ਅੱਗ ’ਤੇ ਤੁਰੰਤ ਕਾਬੂ ਪਾ ਲਿਆ ਗਿਆ। ‘ਵਾਇਰਮੈਨ’ ਅਤੇ ਬਿਜਲੀ ਵਿਭਾਗ ਦੇ ਕਰਮਚਾਰੀ ਮੌਜੂਦ ਸੀ। ਅੱਗ ਲੱਗਣ ਦਾ ਕਾਰਨ ਵਿਦਿਆਰਥੀਆਂ ਵੱਲੋਂ ਹੀਟਰ ਦੀ ਵਰਤੋਂ ਕੀਤੇ ਜਾਣ ਤੋਂ ਓਵਰਲੋਡ ਦੀ ਸਥਿਤੀ ਨੂੰ ਦੱਸਿਆ ਗਿਆ। ਕੋਈ ਨੁਕਸਾਨ ਨਹੀਂ ਹੋਇਆ ਹੈ ਅਤੇ ਸਥਿਤੀ ਕਾਬੂ ਹੇਠ ਹੈ।’’
ਜੇਐੱਨਯੂਐੱਸਯੂ ਪ੍ਰਧਾਨ ਧਨੰਜੈ ਨੇ ਐਕਸ ’ਤੇ ਇੱਕ ਪੋਸਟ ਵਿੱਚ ਇਸ ਘਟਨਾ ਲਈ ਹੋਸਟਲ ’ਚ ਮਾੜੇ ਸੁਰੱਖਿਆ ਉਪਾਵਾਂ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ, ‘‘ਜੇਐੱਨਯੂ ਪ੍ਰਸ਼ਾਸਨ ਅਤੇ ਕੁਲਪਤੀ ਨੇ ਜੇਐੱਨਯੂ ਦੇ ਵਿਦਿਆਰਥੀਆਂ ਨੂੰ ਮੌਤ ਦੇ ਮੂੰਹ ’ਚ ਧੱਕਿਆ ਹੈ। ਗੋਦਾਵਰੀ ਹੋਸਟਲ ’ਚ ਲੱਗੀ ਅੱਗ ਇਸ ਦਾ ਸਬੂਤ ਹੈ।’’ -ਪੀਟੀਆਈ