For the best experience, open
https://m.punjabitribuneonline.com
on your mobile browser.
Advertisement

ਦਿੱਲੀ ਵਿੱਚ ਮੀਂਹ ਨੇ ਸਦੀ ਦਾ ਰਿਕਾਰਡ ਤੋੜਿਆ

10:23 AM Dec 29, 2024 IST
ਦਿੱਲੀ ਵਿੱਚ ਮੀਂਹ ਨੇ ਸਦੀ ਦਾ ਰਿਕਾਰਡ ਤੋੜਿਆ
ਦਿੱਲੀ-ਗੁਰੂਗ੍ਰਾਮ ਐਕਸਪ੍ਰੈਸਵੇਅ ’ਤੇ ਮੀਂਹ ਦੇ ਪਾਣੀ ਵਿੱਚੋਂ ਲੰਘਦੇ ਹੋਏ ਵਾਹਨ ਚਾਲਕ। -ਫੋਟੋ: ਪੀਟੀਆਈ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਦਸੰਬਰ
ਦਿੱਲੀ ਵਿੱਚ ਬੀਤੇ ਦਿਨ ਤੋਂ ਬਾਅਦ ਹੁਣ ਤਕ ਮੀਂਹ ਜਾਰੀ ਹੈ ਤੇ ਇਸ ਮੀਂਹ ਨੇ ਸ਼ਤਾਬਦੀ ਦੇ ਰਿਕਾਰਡ ਤੋੜ ਦਿੱਤੇ ਹਨ। 1997 ਤੋਂ ਬਾਅਦ ਦਸੰਬਰ ਵਿੱਚ ਸਭ ਤੋਂ ਵੱਧ ਮੀਂਹ ਪਿਆ ਹੈ। ਇਸ ਤੋਂ ਇਲਾਵਾ ਸਾਲ 1923 ਤੋਂ ਬਾਅਦ 24 ਘੰਟਿਆਂ ਵਿੱਚ ਸਭ ਤੋਂ ਵੱਧ ਮੀਂਹ ਰਿਕਾਰਡ ਕੀਤਾ ਗਿਆ ਹੈ। ਦਿੱਲੀ ਵਿਚ ਇਸ ਸਾਲ ਦਸੰਬਰ ਵਿੱਚ ਬਹੁਤ ਜ਼ਿਆਦਾ ਮੀਂਹ ਵਰ੍ਹਿਆ ਹੈ। ਭਾਰਤ ਦੇ ਮੌਸਮ ਵਿਭਾਗ ਨੇ ਕਿਹਾ ਕਿ ਦਿੱਲੀ ਵਿੱਚ 101 ਸਾਲਾਂ ਵਿੱਚ ਸ਼ੁੱਕਰਵਾਰ ਅਤੇ ਸ਼ਨਿਚਰਵਾਰ ਦਰਮਿਆਨ 24 ਘੰਟਿਆਂ ਵਿੱਚ ਦਸੰਬਰ ਦੇ ਇੱਕ ਦਿਨ ਵਿਚ ਇੰਨਾ ਮੀਂਹ ਕਦੇ ਨਹੀਂ ਪਿਆ। ਸ਼ਹਿਰ ਵਿੱਚ ਸ਼ੁੱਕਰਵਾਰ ਸਵੇਰੇ 8.30 ਵਜੇ ਤੋਂ ਸ਼ਨਿਚਰਵਾਰ ਸਵੇਰੇ 8.30 ਵਜੇ ਦਰਮਿਆਨ 41.2 ਮਿਲੀਮੀਟਰ ਮੀਂਹ ਪਿਆ। ਇਹ 1923 ਤੋਂ ਬਾਅਦ ਦਸੰਬਰ ਵਿੱਚ 24 ਘੰਟਿਆਂ ਵਿੱਚ ਦਿੱਲੀ ਵਿੱਚ ਸਭ ਤੋਂ ਵੱਧ ਮੀਂਹ ਹੈ, ਜਦੋਂਕਿ 3 ਦਸੰਬਰ ਨੂੰ 75.7 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਸੀ। ਇਸ ਸਾਲ ਦਸੰਬਰ ਵਿੱਚ ਵੀ 1997 ਤੋਂ ਬਾਅਦ ਸਭ ਤੋਂ ਵੱਧ ਮੀਂਹ ਪਿਆ ਹੈ ਜਦੋਂ ਉਸ ਸਮੇਂ ਦਸੰਬਰ ਮਹੀਨੇ ਵਿੱਚ 71.8 ਮਿਲੀਮੀਟਰ ਮੀਂਹ ਪਿਆ ਸੀ। ਇਹ ਮੀਂਹ ਸਰਗਰਮ ਪੱਛਮੀ ਗੜਬੜੀ ਅਤੇ ਚੱਕਰਵਾਤੀ ਚੱਕਰ ਦੇ ਤਾਲਮੇਲ ਕਾਰਨ ਪੂਰੇ ਉੱਤਰੀ ਅਤੇ ਮੱਧ ਭਾਰਤ ਵਿੱਚ ਵਰ੍ਹ ਰਿਹਾ ਹੈ। ਆਮ ਤੌਰ ’ਤੇ ਦਸੰਬਰ ਵਿੱਚ ਹਲਕਾ ਮੀਂਹ ਪੈਂਦਾ ਹੈ ਪਰ ਇਸ ਵਾਰ ਭਰਵਾਂ ਮੀਂਹ ਪਿਆ ਹੈ। ਆਈਐਮਡੀ ਦੇ ਅੰਕੜਿਆਂ ਅਨੁਸਾਰ ਦਿੱਲੀ ਵਿੱਚ ਆਮ ਤੌਰ ’ਤੇ ਅੱਧੇ ਤੋਂ ਵੱਧ ਮਹੀਨੇ ਦੌਰਾਨ 8 ਮਿਲੀਮੀਟਰ ਮੀਂਹ ਪੈਂਦਾ ਹੈ। ਪਿਛਲੇ 24 ਘੰਟਿਆਂ ਦੌਰਾਨ ਸ਼ਹਿਰ ਵਿੱਚ ਪੰਜ ਗੁਣਾਂ ਮੀਂਹ ਪਿਆ ਹੈ।
ਨਵੰਬਰ ਅਤੇ ਦਸੰਬਰ ਦਿੱਲੀ ਦੇ ਦੋ ਸੁੱਕੇ ਮਹੀਨੇ ਹੁੰਦੇ ਹਨ। ਇਨ੍ਹਾਂ ਮਹੀਨਿਆਂ ਦੌਰਾਨ ਆਮ ਤੌਰ ’ਤੇ ਛਿੱਟੇ ਹੀ ਪੈਂਦੇ ਹਨ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਹਿਲੀ ਜਨਵਰੀ ਦੇ ਆਸਪਾਸ ਇੱਕ ਹੋਰ ਪੱਛਮੀ ਗੜਬੜੀ ਦੀ ਸੰਭਾਵਨਾ ਹੈ ਪਰ ਇਨ੍ਹਾਂ ਦਿਨਾਂ ਵਿਚ ਮੀਂਹ ਨਹੀਂ ਪਵੇਗਾ। ਸਵੇਰੇ ਸਫਦਰਜੰਗ ਮੌਸਮ ਸਟੇਸ਼ਨ ’ਤੇ ਘੱਟੋ-ਘੱਟ ਤਾਪਮਾਨ 12.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਆਮ ਨਾਲੋਂ 5.9 ਡਿਗਰੀ ਵੱਧ ਸੀ।

Advertisement

ਭਰਵੇਂ ਮੀਂਹ ਨਾਲ ਦਿੱਲੀ ਵਾਸੀਆਂ ਨੂੰ ਪ੍ਰਦੂਸ਼ਣ ਤੋਂ ਰਾਹਤ ਮਿਲੀ

ਇਸ ਮੀਂਹ ਨੇ ਦਿੱਲੀ-ਐਨਸੀਆਰ ਦੇ ਅਸਮਾਨ ’ਤੇ ਧੂੰਏਂ ਦਾ ਗੁਬਾਰ ਹਟਾ ਦਿੱਤਾ ਹੈ ਜਿਸ ਨਾਲ ਲੋਕਾਂ ਨੂੰ ਕੁੱਝ ਰਾਹਤ ਮਿਲੀ ਹੈ ਤੇ ਪ੍ਰਦੂਸ਼ਣ ਘਟਣ ਮਗਰੋਂ ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ ਦੇ ਪੜਾਅ 3 ਦੀਆਂ ਪਾਬੰਦੀਆਂ 27 ਦਸੰਬਰ ਨੂੰ ਦਿੱਲੀ-ਐਨਸੀਆਰ ਖੇਤਰ ਵਿੱਚੋਂ ਹਟਾ ਦਿੱਤੀਆਂ ਗਈਆਂ। ਇਹ ਫੈਸਲਾ ਉਦੋਂ ਲਿਆ ਗਿਆ ਜਦੋਂ ਐਨਸੀਆਰ ਖੇਤਰ ਵਿੱਚ ਭਰਵੇਂ ਮੀਂਹ ਕਾਰਨ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਹੋਇਆ। ਇਸ ਨਾਲ ਦਿੱਲੀ ਦੇ ਹਵਾ ਪ੍ਰਦੂਸ਼ਣ ਦੇ ਪੱਧਰ ਵਿੱਚ ਸੁਧਾਰ ਹੋਇਆ ਹੈ। ਸ਼ੁੱਕਰਵਾਰ ਨੂੰ 24-ਘੰਟੇ ਦੀ ਔਸਤ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 371 ਦਰਜ ਕੀਤਾ ਗਿਆ ਜੋ ਅੱਜ (28 ਦਸੰਬਰ) ਸਵੇਰੇ 8 ਵਜੇ ਸੁਧਰ ਕੇ 179 ਹੋ ਗਿਆ। ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ ਨੇ ਭਾਰਤ ਦੇ ਮੌਸਮ ਵਿਭਾਗ ਅਤੇ ਭਾਰਤੀ ਮੌਸਮ ਵਿਗਿਆਨ ਸੰਸਥਾਨ ਦੇ ਪੂਰਵ ਅਨੁਮਾਨਾਂ ਦੇ ਆਧਾਰ ’ਤੇ ਪਾਬੰਦੀਆਂ ਨੂੰ ਹਟਾਉਣ ਦਾ ਫ਼ੈਸਲਾ ਕੀਤਾ ਹੈ। ਦਿੱਲੀ-ਐਨਸੀਆਰ ਵਿੱਚ 16 ਦਸੰਬਰ ਤੋਂ ਪੜਾਅ 3 ਦੀਆਂ ਪਾਬੰਦੀਆਂ ਲਾਗੂ ਸਨ।

Advertisement

ਕਿਸਾਨਾਂ ਨੂੰ 10 ਤੱਕ ਪਿਛੇਤੀ ਬਿਜਾਈ ਕਰਨ ਦੀ ਸਲਾਹ

ਟੋਹਾਣਾ (ਪੱਤਰ ਪ੍ਰੇਰਕ): ਹਰਿਆਣਾ ਵਿੱਚ ਰਿਕਾਰਡ ਗੜ੍ਹੇ ਪੈਣ ਤੋਂ ਬਾਅਦ ਤਬਾਹ ਹੋਈਆਂ ਫਸਲਾਂ ਤੋਂ ਨਿਰਾਸ਼ ਹੋਏ ਕਿਸਾਨਾਂ ਨੂੰ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਹਿਸਾਰ ਦੇ ਵਿਗਿਆਨੀਆਂ ਨੇ ਸਲਾਹ ਦਿੱਤੀ ਹੈ ਕਿ ਉਹ ਕੁਦਰਤੀ ਤਬਾਹੀ ਹੋਣ ’ਤੇ 10 ਜਨਵਰੀ ਤੱਕ ਪਿਛੇਤੀ ਕਣਕ ਦੀ ਕਿਸਮ ਐਚ ਡਬਲਿਊ-1309 ਦੀ ਬਿਜਾਈ ਕਰ ਸਕਦੇ ਹਨ। ਡਾ. ਭੀਮ ਸੈਨ ਕੁਲੜੀਆ ਨੇ ਦੱਸਿਆ ਕਿ ਫਤਿਹਾਬਾਦ ਜ਼ਿਲ੍ਹੇ ਦੇ ਦੋ ਦਰਜਨ ਤੋਂ ਵੱਧ ਪਿੰਡਾਂ ਵਿਚ ਗੜ੍ਹੇਮਾਰੀ ਨਾਲ ਸਬਜ਼ੀਆਂ, ਸਰ੍ਹੋਂ, ਛੋਲਿਆਂ ਤੇ ਹੋਰ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਬੇਸ਼ੱਕ ’ਵਰਸਿਟੀ ਕੋਲ ਇਸ ਬਾਰੇ ਪੱਕੀ ਰਿਪੋਰਟ ਨਹੀਂ, ਫਿਰ ਵੀ ਉਨ੍ਹਾਂ ਕੋਲ ਫ਼ਸਲ ਖ਼ਰਾਬੇ ਦੀਆਂ ਲਗਾਤਾਰ ਸੂਚਨਾਵਾਂ ਪ੍ਰਾਪਤ ਹੋ ਰਹੀਆਂ ਹਨ। ਖੇਤੀਬਾੜੀ ਯੂਨੀਵਰਸਿਟੀ ਨੇ ਸਰਕਾਰ ਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਪੀੜਤ ਕਿਸਾਨਾਂ ਤਕ ਪਹੁੰਚ ਕਰਕੇ ਪਿਛੇਤੀ ਕਿਸਮ ਦੀ ਕਣਕ ਦੀ ਬਿਜਾਈ ਦੀ ਸਲਾਹ ਦੇਣ।

Advertisement
Author Image

Advertisement